ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੋਗਾ ਅਦਾਲਤ ਨੇ ਪੁਲਿਸ ਤੇ ਹਮਲਾ ਕਰਨ ਦੇ ਕੇਸ ’ਚੋਂ ਕੀਤਾ ਬਰੀ

ਮੋਗਾ,7 ਅਗਸਤ (ਜਸ਼ਨ): ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਮੋਗਾ ਅਦਾਲਤ ਨੇ ਪੁਲਿਸ ਤੇ ਹਮਲਾ ਕਰਨ ਦੇ ਦੋਸ਼ ਵਾਲੇ ਇਕ ਕੇਸ ’ਚੋਂ ਬਰੀ ਕਰ ਦਿੱਤਾ। ਮੋਗਾ ਵਿਖੇ ਮਾਣਯੋਗ ਸ੍ਰੀ ਤਰਸੇਮ ਮੰਗਲਾ ਜ਼ਿਲ੍ਹਾ ਵਧੀਕ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਅੱਜ ਵੀਡੀਓ ਕਾਨਫਰੰਸ ਰਾਹੀਂ ਜਗਤਾਰ ਸਿੰਘ ਹਵਾਰਾ ਦੀ ਤੀਜੀ ਪੇਸ਼ੀ ਸੀ। ਕੇਸ ਮੁਤਾਬਿਕ ਮੋਗਾ ਜਿਲੇ ਦੇ ਪਿੰਡ ਲੋਪੋ ਵਿਖੇ 2005 ਵਿਚ ਪੁਲਿਸ ਚੌਂਕੀ ਤੇ ਹਮਲਾ ਹੋਇਆ ਸੀ, ਜਿਸ ਵਿਚ ਇਕ ਕਾਂਸਟੇਬਲ ਜ਼ਖਮੀ ਹੋ ਗਿਆ ਸੀ। ਗੋਲੀਆਂ ਵੱਜਣ ਨਾਲ ਜ਼ਖਮੀ ਹੋਏ ਕਾਂਸਟੇਬਲ ਤੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿਚ ਕਾਂਸਟੇਬਲ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪਹਿਚਾਣ ਕਰ ਲੈਣ ਦਾ ਦਾਅਵਾ ਕਰਨ ਤੇ ਪੁਲਿਸ ਚੌਂਕੀ ਤੇ ਫਾਇਰਿੰਗ ਦੇ ਇਸ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ, ਜ਼ੋਰਾ ਸਿੰਘ, ਸਮੀਰ ਸਿੰਘ ਅਤੇ ਅਮਰੀਕ ਸਿੰਘ ਨੂੰ ਪੁਲਿਸ ਵਲੋਂ ਨਾਮਜ਼ਦ ਕੀਤਾ ਗਿਆ ਸੀ। ਲੰਬੇ ਸਮੇਂ ਚੱਲੇ ਇਸ ਕੇਸ ਵਿਚ 19 ਜਨਵਰੀ 2010 ਨੂੰ ਅਦਾਲਤ ਨੇ ਜ਼ੋਰਾ ਸਿੰਘ, ਸਮੀਰ ਸਿੰਘ ਅਤੇ ਅਮਰੀਕ ਸਿੰਘ ਨੂੰ ਇਸ ਕੇਸ ਵਿਚੋਂ ਬਰੀ ਕਰ ਦਿੱਤਾ ਸੀ, ਪਰ ਅੱਜ 7 ਅਗਸਤ 2018 ਨੂੰ ਮਾਣਯੋਗ ਸ੍ਰੀ ਤਰਸੇਮ ਮੰਗਲਾ ਜ਼ਿਲ੍ਹਾ ਵਧੀਕ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਇਸ ਕੇਸ ਵਿਚੋਂ ਬਰੀ ਕਰ ਦਿੱਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


