ਡਰੋਲੀ ਭਾਈ ਬਲਾਕ ਦੇ 42 ਪਿੰਡਾਂ `ਚ ਡੇਂਗੂ ਖਿਲਾਫ਼ ਚੱਲੀ ਜਾਗਰੂਕਤਾ ਮੁਹਿੰਮ,ਬਲਾਕ ਦੇ ਹਰ ਪਿੰਡ ਦੇ ਗੁਰਦੁਆਰਿਆਂ ਵਿੱਚ ਇੱਕੋ ਦਿਨ ਕਰਵਾਈਆਂ ਡੇਂਗੂ ਜਾਗਰੂਕਤਾ ਅਨਾਊਂਸਮੈਂਟਾਂ

ਮੋਗਾ, 18 ਅਕਤੂਬਰ (ਜਸ਼ਨ) : ਪੰਜਾਬ ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਤਹਿਤ ਆਮ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਣ ਦੇ ਨਾਲ-ਨਾਲ ਡੇਂਗੂ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਸਿਹਤ ਵਿਭਾਗ ਬਲਾਕ ਡਰੋਲੀ ਭਾਈ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡੇਂਗੁ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੋਲੀ ਭਾਈ ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਬਲਾਕ ਦੇ 42 ਪਿੰਡਾਂ ਵਿੱਚ ਸਿਹਤ ਵਿਭਾਗ ਦੇ ਕਰਮੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਪੰਚਾਂ-ਸਰਪੰਚਾਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਡੇਂਗੂ ਤੋਂ ਬਚਾਅ ਦੇ ਤਰੀਕਿਆਂ ਬਾਰੇ ਆਮ ਘਰਾਂ ਤੱਕ ਜਾ ਕੇ ਲੋਕਾਂ ਨੂੰ ਦੱਸਿਆ ਜਾਵੇਗਾ ਉੱਥੇ ਪਿੰਡਾਂ ਦੇ ਗੁਰਦੁਆਰਾ ਸਹਿਬਾਨਾਂ ਤੋਂ ਅਨਾਊਂਸਮੈਂਟਾਂ ਕਰਵਾ ਕੇ ਵਿਸਥਾਰ ਸਹਿਤ ਲੋਕਾਂ ਨੂੰ ਡੇਂਗੂ ਨੂੰ ਫੈਲਣ, ਬਚਾਅ ਅਤੇ ਇਲਾਜ ਬਾਬਤ ਜਾਗ੍ਰਿਤ ਕੀਤਾ ਜਾਵੇਗਾ।ਡਾ.ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਵਜੋਂ ਡਰਾਈ ਡੇਅ ਵਾਲੇ ਦਿਨ ਸਿਰਫ਼ ਇੱਕ ਦਿਨ ਵਿੱਚ ਹੀ 42 ਪਿੰਡਾਂ `ਚ ਗੁਰਦੁਆਰਿਆਂ ਤੋਂ ਅਨਾਊਂਸਮੈਂਟ ਕਰਵਾ ਕੇ ਜਾਗਰੁਕਤਾ ਅਭਿਆਨ ਦੀ ਜੰਗੀ ਪੱਧਰ `ਤੇ ਸ਼ੁਰੂਆਤ ਕੀਤੀ ਗਈ ਤਾਂ ਜੋ ਕੋਰੋਨਾਵਾਇਰਸ ਦੇ ਦੌਰ ਵਿੱਚ ਡੇਂਗੂ ਵਰਗੀ ਬੀਮਾਰੀ ਵੀ ਕਿਸੇ ਵੀ ਕੀਮਤ `ਤੇ ਲੋਕਾਂ ਦੀ ਸਿਹਤ ਦਾ ਨੁਕਸਾਨ ਨਾ ਕਰ ਸਕੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਡੇਂਗੂ ਮੱਛਰ ਪੈਦਾ ਕਰਨ ਵਾਲੇ ਸਮੁੱਚੇ ਸਰੋਤਾਂ ਨੂੰ ਨਸ਼ਟ ਕੀਤਾ ਜਾਵੇਗਾ ਤੇ ਇਸ ਮੁਹਿੰਮ ਨੂੰ ਹਰ ਹਫ਼ਤੇ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ।ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਰ ਵਧ ਰਹੀ ਹੈ ਤੇ ਕੋਰੋਨਾਵਾਇਰਸ ਕਾਰਨ ਮੌਤ ਦਰ ਘੱਟ ਕਰਨ ਲਈ ਡੇਂਗੂ ਤੋਂ ਬਚਾਅ ਅਤਿ ਜ਼ਰੂਰੀ ਹੈ। ਉਨਾਂ ਕਿਹਾ ਕਿ ਡੇਂਗੂ ਮੱਛਰ ਸਾਫ਼ ਪਾਣੀ ਭਾਵ ਗਮਲਿਆਂ ਦੇ ਪਾਣੀ, ਪੰਛੀਆਂ ਦੇ ਕਟੋਰਿਆਂ, ਘਰਾਂ ਦੀਆਂ ਛੱਤਾਂ `ਤੇ ਪਏ ਕਬਾੜ ਵਿੱਚ ਬਾਰਸ਼ ਦਾ ਪਾਣੀ ਭਰਨ ਨਾਲ ਪੈਦਾ ਹੁੰਦਾ ਹੈ।ਸਿਵਲ ਸਰਜਨ ਨੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਸਬੰਧੀ ਕਿਸੇ ਪ੍ਰਕਾਰ ਦੀ ਸਮੱਸਿਆ ਆਉਣ `ਤੇ ਨੇੜੇ ਦੇ ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕਰਨ। ਡਾ. ਗਿੱਲ ਨੇ ਕਿਹਾ ਕਿ ਹਰ ਪ੍ਰਾਣੀ ਨੂੰ ਡੇਂਗੂ ਤੋਂ ਬਚਾਉਣਾ ਸਿਹਤ ਵਿਭਾਗ ਦਾ ਮੁਢਲਾ ਫਰਜ਼ ਹੈ ਤੇ ਇਸ ਕੰਮ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ।


