ਜਿਹੜੀਆਂ ਕੌਮਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੋਵੇ ਉਹ ਕੌਮਾਂ ਹਰ ਮੈਦਾਨ ‘ਚ ਜਿੱਤ ਪ੍ਰਾਪਤ ਕਰਦੀਆਂ ਨੇ: ਬਾਬਾ ਗੁਰਦੀਪ ਸਿੰਘ

*ਮੋਦੀ ਸਰਕਾਰ ਦਾ ਘੁਮੰਡ ਤੋੜ ਕੇ ਹੀ ਦਮ ਲੈਣਗੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ
ਬਾਘਾ ਪੁਰਾਣਾ,18 ਅਕਤੂਬਰ (ਜਸ਼ਨ): ਪੰਜਾਬ ਦੀ ਸੰਘਰਸ਼ਸ਼ੀਲ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੋ ਚੰਦ ਪੁਰਾਣਾ ਵਿਖੇ ਟੋਲ ਪਲਾਜੇ ‘ਤੇ ਧਰਨਾ ਲਗਾਇਆ ਗਿਆ ਹੈ ਇਸ ਧਰਨੇ ਵਿੱਚ ਜਿੱਥੇ ਇਲਾਕੇ ਭਰ ਦੇ ਲੋਕ ਵੱਡਾ ਸਹਿਯੋਗ ਕਰ ਰਹੇ ਹਨ ਉੱਥੇ ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਕਿਸਾਨਾਂ ਤੇ ਆਈ ਸੰਕਟ ਦੀ ਘੜੀ ਵਿੱਚ ਨਾਲ ਖੜੋ ਕੇ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਕਰ ਰਹੇ ਹਨ ।ਇਸ ਧਰਨੇ ਵਿੱਚ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਨੇ ਵੀ ਸਮੂਲੀਅਤ ਕੀਤੀ ਜਿੱਥੇ ਬੋਲਦਿਆਂ ਬਾਬਾ ਜੀ ਨੇ ਕਿਹਾ ਕਿ ਸਾਡੀ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਾਂ ਅਤੇ ਕਿਸੇ ਵੀ ਦੇਸ਼ ਵਿਰੋਧੀ ਤਾਕਤਾਂ ਦੇ ਅੱਗੇ ਝੁਕਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਸ ਧਰਤੀ ਤੇ ਸ਼ਹੀਦਾਂ ਦਾ ਖ਼ੂਨ ਡੁੱਲ੍ਹਿਆ ਹੋਵੇ ਉਸ ਧਰਤੀ ਦੇ ਜਾਏ ਕਿਸੇ ਵੀ ਜ਼ੁਲਮ ਅੱਗੇ ਝੁੱਕਣ ਵਾਲੇ ਨਹੀਂ ਹਨ। ਮੋਦੀ ਸਰਕਾਰ ਨੇ ਜੋ ਕਾਨੂੰਨ ਪਾਸ ਕੀਤਾ ਉਨ੍ਹਾਂ ਨੂੰ ਰੱਦ ਕਰਵਾ ਕੇ ਦਮ ਲੈਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਜਮੀਨਾਂ ਨੂੰ ਸਾਡੇ ਪੁਰਖਿਆਂ ਨੇ ਖੂਨ ਪਸੀਨੇ ਨਾਲ ਮਿਹਨਤਾਂ ਕਰਕੇ ਉਪਜਾਊ ਕੀਤਾ ਹੋਵੇ ਉਨ੍ਹਾਂ ਜ਼ਮੀਨਾਂ ਤੇ ਕਿਸੇ ਕਾਰਪੋਰੇਟ ਘਰਾਣੇ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ।ਬਾਬਾ ਜੀ ਨੇ ਕਿਹਾ ਕਿ ਕਿਸਾਨ ਜੋ ਲੜਾਈ ਲੜ ਰਹੇ ਹਨ ਇਹ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਸਗੋਂ ਕਿਸਾਨੀ ਨਾਲ ਜੁੜੇ ਹੋਏ ਕਾਰੋਬਾਰ ਦੇ ਲਈ ਵੀ ਲੜਾਈ ਹੈ ਕਿਉਂਕਿ ਖੇਤੀ ਤੋਂ ਹੀ ਦੇਸ਼ ਦੇ ਕਾਰੋਬਾਰ ਚੱਲਦੇ ਹਨ ਕਿਸਾਨ ਖ਼ੁਦ ਵੀ ਆਪਣਾ ਢਿੱਡ ਭਰਦਾ ਹੈ ਅਤੇ ਹੋਰਾਂ ਨੂੰ ਵੀ ਰੋਟੀ ਖਾਣ ਦੇ ਲਈ ਦਿੰਦਾ ਹੈ।ਅੱਜ ਜੋ ਕਿਸਾਨਾਂ ਨਾਲ ਮੋਦੀ ਸਰਕਾਰ ਰਵੱਈਆ ਅਪਨਾ ਰਹੀ ਹੈ ਉਹ ਇੱਕ ਹਉਮੈ ਅਤੇ ਸ਼ਕਤੀ ਭਰੇ ਘੁਮੰਡ ਅਤੇ ਆਕੜ ਵਾਲਾ ਹੈ ਪਰ ਸਾਡੀ ਸਿੱਖ ਕੌਮ ਅਜਿਹੇ ਗੁਮਾਨ ਅਤੇ ਭਰਮ ਤੋੜਨ ਤੋਂ ਕਦੇ ਵੀ ਪਿਛਾਂਹ ਨਹੀਂ ਹਟੇਗੀ ਉਨ੍ਹਾਂ ਵਿਸਵਾਸ਼ ਦਵਾਇਆ ਕਿ ਗੁਰਦੁਆਰਾ ਸਾਹਿਬ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਸੰਘਰਸ ਕਰ ਰਹੇ ਕਿਸਾਨਾਂ ਨੂੰ ਦਿੱਤੀ ਜਾਵੇ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ, ਅਹੁਦੇਦਾਰ,ਬਲਾਕ ਪ੍ਰਧਾਨ ਇਲਾਕੇ ਭਰ ਦੀਆਂ ਸੰਗਤਾਂ ਅਤੇ ਬੀਬੀਆਂ, ਬੱਚੇ ਵੀ ਹਾਜ਼ਰ ਸਨ। ।


