ਮੋਗਾ ਵਿੱਚ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਮਨਾਈ

ਮੋਗਾ,21 ਅਕਤੂਬਰ (ਜਸ਼ਨ): ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦ ਹੋਏ, ਕਿਰਤੀ ਜਮਾਤ ਦੇ ਮਹਿਬੂਬ ਆਗੂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 32ਵੀਂ ਬਰਸੀ ਪੰਜਾਬ ਰੋਡਵੇਜ਼ ਮੋਗਾ ਦੇ ਬੱਸ ਅੱਡੇ ਉੱਪਰ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਭ੍ਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਇਸ ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੇ ਸਮੁੱਚੀ ਕਿਰਤੀ ਜਮਾਤ ਲਈ ਉਹਨਾਂ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਕਿਰਤੀ ਜਮਾਤ ਦੀਆਂ ਮੁਸ਼ਕਲਾਂ ਦੇ ਹੱਲ ਲਈ ਧਾਲੀਵਾਲ ਦੇ ਪਾਏ ਪੂਰਨਿਆਂ ਅਤੇ ਉਨ੍ਹਾਂ ਦੀ ਸੋਚ ਨੂੰ ਅਪਣਾਉਣ ਦੀ ਬੇਹੱਦ ਲੋੜ ਹੈ। ਮੋਦੀ ਸਰਕਾਰ ਨੇ ਜਦੋਂ ਦੀ ਸੱਤਾ ਸੰਭਾਲੀ ਹੈ ਉਸ ਸਮੇਂ ਤੋਂ ਹੀ ਲੋਕ ਵਿਰੋਧੀ ਫੈਸਲੇ ਕਾਹਲੀ ਨਾਲ ਲਾਗੂ ਕੀਤੇ ਜਾ ਰਹੇ ਹਨ। ਪਬਲਿਕ ਅਦਾਰੇ ਜੋ ਆਜ਼ਾਦੀ ਤੋਂ ਬਾਅਦ ਬੜੀ ਤੇਜੀ ਨਾਲ ਪਿਛਲੀਆਂ ਸਰਕਾਰਾਂ ਨੇ ਸਾਜੇ ਸਨ, ਉਹਨਾਂ ਨੂੰ ਪ੍ਰਾਈਵੇਟ ਕਰਨ ਲਈ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਜਗਤ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੋਟ ਬੰਦੀ, ਜੀ.ਐਸ.ਟੀ., ਧਾਰਾ 370 ਦਾ ਖਾਤਮਾ, ਜੰਮੂ ਕਸਮੀਰ ਦਾ ਸੂਬੇ ਦਾ ਦਰਜ਼ਾ ਖੋਹਣਾ, ਨਾਗਰਿਕਤਾ ਸੋਧ ਕਾਨੂੰਨ, ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਨਾਮ ਉੱਪਰ ਸਰਮਾਏਦਾਰ ਪੱਖੀ ਬਦਲਾਅ ਆਦਿ ਨਾਲ ਸਮੁੱਚੇ ਦੇਸ਼ ਵਾਸੀਆਂ ਨੂੰ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਕੀਤਾ ਹੋਇਆ ਹੈ। ਕਰੋਨਾ ਦੀ ਆੜ ਵਿੱਚ ਕਿਰਤ ਕਾਨੂੰਨਾਂ ਨੂੰ ਸੋਧਾਂ ਦਾ ਨਾਮ ਦੇ ਕੇ ਸਰਮਾਰੇਦਾਰ ਪੱਖੀ ਬਣਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਫਿਰਕਾਪ੍ਰਸਤੀ ਨੂੰ ਬੜ੍ਹਾਵਾ ਦੇ ਕੇ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੱਤਾ ਉੱਪਰ ਕਾਬਜ਼ ਰਹਿਣਾ ਚਾਹੁੰਦੀ ਹੈ। ਬੁੱਧੀਜੀਵੀ ਲੇਖਕਾਂ, ਲੋਕਹਿਤ ਦੇ ਪੱਤਰਕਾਰਾਂ, ਵਿਗਿਆਨਕ ਸੋਚ ਦੇ ਧਾਰਨੀ ਲੋਕਾਂ ਨੂੰ ਦੇਸ਼ ਧ੍ਰੋਹੀ ਦੇ ਮੁਕੱਦਮੇ ਚਲਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਬਰਸੀ ਸਮਾਗਮ ਉੱਪਰ ਕਾਮਰੇਡ ਜਗਰੂਪ ਨੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਨਾਲ ਆਪਣੀਆਂ ਨਿੱਜੀ ਸਾਂਝਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਨਾ ਸਿਰਫ਼ ਟ੍ਰਾਂਸਪੋਰਟ ਕਾਮਿਆਂ ਸਗੋਂ ਸਮੁੱਚੀ ਮਜ਼ਦੂਰ ਜਮਾਤ ਦਾ ਰਾਹਦਸੇਰਾ ਆਗੂ ਸੀ। ਉਹਨਾਂ ਨੇ ਮੋਦੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਦੋ ਕਰੋੜ ਨੌਕਰੀਆਂ ਦੇਣ ਦੇ ਝਾਂਸਾ ਦੇ ਕੇ ਹੋਂਦ ਵਿੱਚ ਆਈ ਸਰਕਾਰ ਨੇ ਨੌਕਰੀਆਂ ਤਾਂ ਕੀ ਦੇਣੀਆਂ ਸਨ ਸਗੋਂ ਜੋ ਥੋੜਾ ਬਹੁਤਾ ਰੋਜ਼ਗਾਰ ਖੇਤੀ ਸੈਕਟਰ ਵਿੱਚ ਬਚਿਆ ਸੀ, ਉਹ ਵੀ ਇਨ੍ਹਾਂ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੇ ਖੋਹ ਲਿਆ ਹੈ। ਇਨ੍ਹਾਂ ਕਿਰਤ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨਾਂ ਦਾ ਜ਼ਮੀਨਾਂ ਤੋਂ ਹੱਕ ਖੋਹ ਕੇ, ਸਰਮਾਏਦਾਰਾਂ ਅੱਗੇ ਝੋਲੀ ਅੱਡਣ ਲਈ ਮਜ਼ਬੂਰ ਕਰ ਰਹੀ ਹੈ। ਪੰਜਾਬ ਵਿੱਚ ਸਮੁੱਚੀ ਕਿਰਤੀ ਜਮਾਤ ਅਤੇ ਵੱਖ-ਵੱਖ ਟਰੇਡ ਯੂਨੀਅਨਾਂ ਦਾ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਾ ਸ਼ੁਭ ਸੰਕੇਤ ਦਿੰਦਾ ਹੈ ਪਰ ਲੜਾਈ ਨੂੰ ਜਿੱਤ ਤੱਕ ਲੈ ਜਾਣ ਲਈ ਸਿਧਾਂਤਕ ਸੇਧ ਅਤਿ ਜ਼ਰੂਰੀ ਹੈ। ਬਰਸੀ ਸਮਾਗਮ ਉੱਪਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ ਉੱਪਰ ਪਬਲਿਕ ਅਦਾਰਿਆਂ ਨੂੰ ਖਤਮ ਕਰਕੇ ਸਰਕਾਰੀ ਨੌਕਰੀਆਂ ਦਾ ਭੋਗ ਪਾਉਣਾ ਚਾਹੁੰਦੀ ਹੈ। ਮੌਨਟੇਕ ਸਿੰਘ ਆਹਲੂਵਾਲੀਏ ਦੀ ਰਿਪੋਰਟ ਦਾ ਸਹਾਰਾ ਲੈ ਕੇ ਪੰਜਾਬ ਰੋਡਵੇਜ਼/ ਪਨਬੱਸ ਨੂੰ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਜਿਸ ਨੂੰ ਟ੍ਰਾਂਸਪੋਰਟ ਅਤੇ ਪਨਬੱਸ ਦਾ ਕਾਮਾ ਬਰਦਾਸ਼ਤ ਨਹੀਂ ਕਰੇਗਾ। ਇਸ ਬਰਸੀ ਸਮਾਗਮ ਵਿੱਚ ਕਾਮਰੇਡ ਕੁਲਦੀਪ ਸਿੰਘ ਭੋਲਾ, ਸੁਖਦੇਵ ਸ਼ਰਮਾ, ਹਰਭਜਨ ਸਿੰਘ ਪਿਲਖਣੀ, ਵਿੱਕੀ ਮਹੇਸਰੀ, ਬਲਕਾਰ ਵਲਟੋਹਾ, ਕਸ਼ਮੀਰ ਸਿੰਘ ਗਦਾਈਆ, ਸੁਖਜਿੰਦਰ ਮਹੇਸਰੀ, ਅਵਤਾਰ ਗਗੜਾ, ਗੁਰਮੇਲ ਸਿੰਘ ਮੈਲਡੇ, ਚਰਨ ਸਿੰਘ ਸਰਾਭਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਬਰਸੀ ਸਮਾਗਮ ਸਮੇਂ ਗੁਰਜੰਟ ਸਿੰਘ ਕੋਕਰੀ, ਗੁਰਮੀਤ ਸਿੰਘ ਧਾਲੀਵਾਲ, ਭੂਪਿੰਦਰ ਸਿੰਘ ਸੇਖੋਂ, ਚਮਨ ਲਾਲ ਸੰਗੇਲੀਆ, ਗੁਰਮੇਲ ਸਿੰਘ ਨਾਹਰ, ਗੁਰਚਰਨ ਕੌਰ, ਜਗਸੀਰ ਖੋਸਾ, ਕਰਮਵੀਰ ਕੌਰ ਬੱਧਨੀ ਆਦਿ ਆਗੂ ਅਤੇ ਵੱਡੀ ਗਿਣਤੀ ਵਿੱਚ ਭ੍ਰਾਤਰੀ ਜਥੇਬੰਦੀਆਂ ਦੇ ਸਾਥੀ ਸ਼ਾਮਲ ਹੋਏ। ਇਸ ਮੌਕੇ ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਹਰ ਸਾਲ ਦੀ ਤਰ੍ਹਾਂ ਬੱਧਨੀ ਖੁਰਦ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਗੂਆਂ ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਡਾਇਰੀ 2021 ਰਲੀਜ਼ ਕੀਤੀ ਗਈ।


