ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 31 ‘ਚ ਵਾਟਰ ਪਾਈਪ ਲਾਈਨ ਵਿਛਾਉਣ ਦੇ ਪ੍ਰੌਜੈਕਟ ਦੀ ਕਰਵਾਈ ਆਰੰਭਤਾ

* ਪਿਛਲੇ 20-25 ਸਾਲਾਂ ਤੋਂ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਵਾਰਡ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ
ਮੋਗਾ, 29 ਅਗਸਤ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਮੋਗਾ ਹਲਕੇ ਦੇ ਹੋ ਰਹੇ ਚਹੁਮਖੀ ਵਿਕਾਸ ਦੀ ਲੜੀ ਵਿਚ ਅੱਜ ਮੋਗਾ ਸ਼ਹਿਰ ਦੇ ਵਾਰਡ ਨੰਬਰ 31 ਵਿਚ ਵਾਟਰ ਪਾਈਪ ਲਾਈਨ ਵਿਛਾਉਣ ਦੇ ਪ੍ਰੌਜੈਕਟ ਦੀ ਆਰੰਭਤਾ ਹੋਈ। ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿੱਜ ਸਕੂਲ ਦੀ ਬੈਕ ਸਾਈਡ ’ਤੇ ਵਾਰਡ ਨੰਬਰ 31 ‘ਚ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਖੁਦ ਪਹੁੰਚ ਕੇ ਪ੍ਰੌਜੈਕਟ ਦੀ ਆਰੰਭਤਾ ਕਰਵਾਈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਡਾ: ਹਰਜੀਵਨ ਸਿੰਘ, ਐਂਮ ਸੀ ਗੁਰਦੀਪ ਕੌਰ, ਐਂਮ ਸੀ ਬੂਟਾ ਸਿੰਘ, ਕਰਮਜੀਤ ਸਿੰਘ ਬੱਬੀ, ਹੈਪੀ ਸਿੰਘ, ਕਰਨ ਧਾਲੀਵਾਲ, ਮੱਘਰ ਸਿੰਘ, ਕੁਲਦੀਪ ਢਿੱਲੋਂ, ਮਿਸਟਰ ਟਿੱਕੂੂ, ਪਵਨ ਕੁਮਾਰ, ਸ਼ੇਰਾ ਸਿੰਘ ਅਤੇ ਸਮੂਹ ਮੁਹੱਲਾ ਨਿਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਈਪ ਲਾਈਨ ਵਿਛਣ ਉਪਰੰਤ ਉਹਨਾਂ ਦੇ ਵਾਰਡ ਦੀਆਂ ਗਲੀਆਂ ਨਾਲੀਆਂ ਅਤੇ ਸਟਰੀਟ ਲਾਈਟਾਂ ਦਾ ਕੰਮ ਵੀ ਛੇਤੀ ਸ਼ੁਰੂ ਕਰਵਾਇਆ ਜਾਵੇਗਾ ਜਿਸ ਨਾਲ ਮੁਹੱਲਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਮੋਗਾ ਹਲਕਾ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਇਸ ਗੱਲ ‘ਤੇ ਪੂਰੀ ਤਰਾਂ ਪਹਿਰਾ ਦੇਣਗੇ ਕਿ ਹਲਕੇ ਦਾ ਕੋਈ ਕੋਨਾ ਵਿਕਾਸ ਵਿਹੂਣਾ ਨਾ ਰਹੇ।
ਇਸ ਮੌਕੇ ਐੱਮ ਸੀ ਗੁਰਦੀਪ ਕੌਰ ਨੇ ਦੱਸਿਆ ਕਿ ਪਿਛਲੇ 20-25 ਸਾਲਾਂ ਤੋਂ ਇਹ ਬਸਤੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੀ ਸੀ ਅਤੇ ਜਦੋਂ ਉਹਨਾਂ ਨੇ ਮੁਹੱਲਾ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਵਿਧਾਇਕ ਡਾ: ਹਰਜੋਤ ਕਮਲ ਦੇ ਧਿਆਨ ਵਿਚ ਲਿਆਂਦਾ ਤਾਂ ਵਿਧਾਇਕ ਡਾ: ਹਰਜੋਤ ਕਮਲ ਨੇ ਪਿਛਲੇ ਦਿਨੀਂ ਖੁਦ ਇਸ ਬਸਤੀ ਦਾ ਦੌਰਾ ਕੀਤਾ । ਉਹਨਾਂ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਇੱਥੋਂ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਉਣ ਦੇ ਨਾਲ ਨਾਲ ਹੀ ਅੱਜ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਉਹਨਾਂ ਦੱਸਿਆ ਕਿ ਸਰਕਾਰੀ ਪਾਣੀ ਦੀ ਪਾਈਪ ਲਾਈਨ ਵਿਛਣ ਨਾਲ ਹੁਣ ਵਾਰਡ ਨੰਬਰ 31 ਦੇ ਲਗਭਗ 150 ਘਰਾਂ ਦੀ ਪਾਣੀ ਦੀ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਹੋ ਜਾਵੇਗਾ।


