ਨਿਗਮ ਹਾਊਸ ਦੀ ਮੀਟਿੰਗ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਹੋਏ ਮੀਡੀਆ ਦੇ ਰੂਬਰੂ, ਕਿਹਾ ਮੀਟਿੰਗ ਬੇਹੱਦ ਸੁਖਾਂਵੇਂ ਮਾਹੌਲ ਵਿਚ ਹੋਈ, ਕੌਂਸਲਰਾਂ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਆਪਸੀ ਤਾਲਮੇਲ ਨਾਲ ਮੋਗਾ ਜਲਦੀ ਹੀ ਸੋਹਣੇ ਮੋਗੇ ‘ਚ ਹੋਵੇਗਾ ਤਬਦੀਲ

ਮੋਗਾ, 2 ਸਤੰਬਰ (ਜਸ਼ਨ): ਅੱਜ ਮੋਗਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਨੀਤਿਕਾ ਭੱਲਾ ਦੀ ਅਗਵਾਈ ਵਿਚ ਹੋਈ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਕਮਿਸ਼ਨ ਨਗਰ ਨਿਗਮ ਸੁਰਿੰਦਰ ਸਿੰਘ, ਡਿਪਟੀ ਮੇਅਰ ਧਮੀਜਾ ਅਤੇ ਕੌਂਸਲਰ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਏਜੰਡੇ ਵਿਚ ਸ਼ਾਮਲ ਮਤੇ ਪਾਸ ਕੀਤੇ ਗਏ। ਮੀਟਿੰਗ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੜੇ ਸੁਖਾਵੇਂ ਮਾਹੌਲ ਵਿਚ ਮਿਊਂਸੀਪਲ ਕਾਰਪੋਰੇਸ਼ਨ ਦੀ ਹਾਊਸ ਦੀ ਮੀਟਿੰਗ ਹੋਈ ਹੈ, ਜਿਸ ਵਿਚ ਸਾਰੇ ਕੌਂਸਲਰ ਸਾਹਿਬਾਨਾਂ ਨੇ ਆਪਣੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਮੇਅਰ ਅਤੇ ਕਮਿਸ਼ਨਰ ਸੁਰਿੰਦਰ ਸਿੰਘ ਦੇ ਧਿਆਨ ਵਿਚ ਲਿਆ ਦਿੱਤੀਆਂ ਹਨ। ਵਿਧਾਇਕ ਨੇ ਆਖਿਆ ਕਿ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਕੌਂਸਲਰ ਹਫਤੇ ਦੇ ਇਕ ਦਿਨ ਕਮਿਸ਼ਨਰ , ਮੇਅਰ, ਸੀਨੀਅਰ ਡਿਪਟੀ ਮੇਅਰ , ਡਿਪਟੀ ਮੇਅਰ ਦੀ ਹਾਜ਼ਰੀ ਵਿਚ ਅਤੇ ਸਬੰਧਤ ਅਫਸਰਾਂ ਨਾਲ ਮੀਟਿੰਗ ਕਰਿਆ ਕਰਨਗੇ ਤਾਂ ਕਿ ਆਪਸ ਵਿਚ ਕੋਆਰਡੀਨੇਸ਼ਨ ਦੇ ਨਾਲ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਵਾਰਡਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਟਰੀਟ ਲਾਈਟਾਂ ਅਤੇ ਸੀਵਰੇਜ ਸ਼ਹਿਰ ਦੀਆਂ ਦੋ ਮੁੱਖ ਸਮੱਸਿਆਵਾਂ ਹਨ ਜਿਹਨਾਂ ਦੇ ਹੱਲ ਲਈ ਨਿਗਮ ਹਾਊਸ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਸੀਵਰੇਜ ਦੀ ਬਲੌਕੇਜ ਕੌਹੀ ਥਾਵਾਂ ’ਤੇ ਸੋਚੀ ਸਮਝੀ ਸਾਜ਼ਿਸ ਤਹਿਤ ਕੀਤੀ ਗਈ ਹੈ । ਉਹਨਾਂ ਕਿਹਾ ਕਿ ਜਦੋਂ ਮਸ਼ੀਨਾਂ ਰਾਹੀਂ ਇਹਨਾਂ ਸੀਵਰੇਜਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਸੀਵਰੇਜ ਸਿਸਟਮ ਵਿਚ ਪੱਥਰਾਂ ਦੀਆਂ ਬੋਰੀਆਂ ਤੋਂ ਲੈ ਕੇ ਬੈੱਡ ਦੇ ਗੱਦਿਆਂ ਤੱਕ ਵਿਚੋਂ ਨਿਕਲ ਰਹੇ ਹਨ । ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ 50 ਦੇ 50 ਵਾਰਡਾਂ ਵਿਚ ਬਿਨਾਂ ਦੇ ਕਿਸੇ ਭਿੰਨ ਭੇਦ ਦੇ ਸੀਵਰੇਜ਼ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵੱਡੀਆਂ ਸੀਰੇਜ ਪਾਈਪਾਂ ਵਿਚੋਂ ਸੁਪਰ ਸੰਕਸ਼ਨ ਮਸ਼ੀਨ ਰਾਹੀਂ ਸਫ਼ਾਈ ਦਾ ਕੰਮ ਚੱਲ ਰਿਹਾ ਹੈ ।
ਉਹਨਾਂ ਆਖਿਆ ਕਿ ਸੀਵਰੇਜ਼ ਸਿਸਟਮ ਨੂੰ ਦਰੁਸਤ ਕਰਨ ਲਈ ਨਿਯਮ ਮੁਤਾਬਕ ਸੁਪਰ ਸੰਕਸ਼ਨ ਮਸ਼ੀਨ ਲੋਅਰ ਲੈਵਲ ਤੋਂ ਅਪਰ ਲੈਵਲ ਵੱਲ ਸ਼ਫਾਈ ਕਰ ਰਹੀ ਹੈ ਅਤੇ ਜਿਵੇਂ ਹੀ ਸੀਵਰੇਜ ਦੇ ਪਾਣੀ ਦਾ ਲੈਵਲ ਡਾਊਨ ਆਵੇਗਾ ਉਸੇ ਤਰਾਂ ਪੀਣ ਵਾਲੇ ਪਾਣੀ ਵਿਚ ਸੀਵਰੇਜ ਦੇ ਪਾਣੀ ਦੇ ਰਲਣ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਟਰੀਟ ਲਾਈਟਾਂ ਦੀ ਸਮੱਸਿਆ ਦੇ ਹੱਲ ਲਈ ਕਮਿਸ਼ਨਰ ਨਗਰ ਨਿਗਮ ਨੇ ਸਟਰੀਟ ਲਾਈਟਾਂ ਲਗਾਉਣ ਵਾਲੀ ਕਰਨਾਟਕਾਂ ਦੀ ਕੰਪਨੀ ਜਿਸ ਕੋਲ ਇਹ ਠੇਕਾ ਹੈ , ਨੂੰ ਜਵਾਬਦੇਹ ਬਣਾਇਆ ।
ਵਿਧਾਇਕ ਨੇ ਆਖਿਆ ਕਿ ਨਿਗਮ ਦੀ ਕਾਰਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਮਿਸ਼ਨਰ ਨਗਰ ਨਿਗਮ ਇਕ ਨੋਡਲ ਅਫਸਰ ਨਿਯੁਕਤ ਕਰਨਗੇ । ਸ਼ਹਿਰ ਦੇ ਕੌਂਸਲਰ ਇਸ ਨੋਡਲ ਅਫਸਰ ਨੂੰ ਆਪੋ ਆਪਣੇ ਵਾਰਡ ਦੀਆਂ ਸਮੱਸਿਆਵਾਂ ਤੋਂ ਵਾਕਿਫ਼ ਕਰਵਾਉਣਗੇ ਅਤੇ ਨੋਡਲ ਅਫਸਰ ਇਹਨਾਂ ਸ਼ਿਕਾਇਤਾਂ ਨੂੰ ਨਿਗਮ ਦੇ ਵੱਖ ਵੱਖ ਵਿਭਾਗਾਂ ਜਾਂ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਉਪਰੰਤ ਸਬੰਧਤ ਕੌਂਸਲਰਾਂ ਨੂੰ ਜਾਣੂੰ ਕਰਵਾਏਗਾ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਵਾਰਡਾਂ ਵਿਚ ਸਫ਼ਾਈ ਦੀ ਸਮੱਸਿਆ ਦੇ ਹੱਲ ਲਈ ਕੌਂਸਲਰ ਸਾਹਿਬਾਨਾਂ ਨੇ ਵਾਰਡ ਵਾਈਸ ਡਿਊਂਟੀ ’ਤੇ ਆਉਣ ਵਾਲੇ ਕਰਮਚਾਰੀਆਂ ਦੇ ਨਾਮ ਅਤੇ ਨੰਬਰ ਮੰਗੇ ਹਨ ਤਾਂ ਕਿ ਹਰ ਵਾਰਡ ਦੇ ਕੌਂਸਲਰ ਸਫ਼ਾਈ ਕਰਮਚਾਰੀ ਨਾਲ ਰਾਬਤਾ ਕਾਇਮ ਕਰ ਸਕਣ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅੱਜ ਦੀ ਮੀਟਿੰਗ ਵਿਚ ਸ਼ਹਿਰ ਦੀ ਡਿਵੈਲਪਮੈਂਟ ਲਈ ਜਿੰਨੇ ਮਤੇ ਪਾਏ ਗਏ ਸਨ ਉਹ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਉਹਨਾਂ ਸਾਰਿਆਂ ਕੌਂਸਲਰਾਂ ਨੂੰ ਅਪੀਲ ਕਿ ਉਹ ਏਜੰਡੇ ਕੱਢਣ ਤੋਂ ਪਹਿਲਾਂ ਹੀ ਆਪਣੀਆਂ ਅਪਣੀਆਂ ਸ਼ਿਕਾਇਤਾ ਲਿਖਤੀ ਰੂਪ ਵਿਚ ਦੇ ਦਿਆ ਕਰਨ ਤਾਂ ਉਹਨਾਂ ਦੀ ਪੜਤਾਲ ਕਰਕੇ ਪਹਿਲਾਂ ਹੀ ਜਵਾਬ ਦੇ ਦਿੱਤੇ ਜਾਣ ਤਾਂ ਕਿ ਨਿਗਮ ਹਾਊਸ ਵਿਚ ਕਿਸੇ ਕੌਂਸਲਰ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ। ਉਹਨਾਂ ਆਖਿਆ ਕਿ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਨਿਗਮ ਹਾਊਸ ਦੀ ਸਮੁੱਚੀ ਟੀਮ, ਵੱਖ ਵੱਖ ਵਾਰਡਾਂ ਦੇ ਕੌਸਲਰ ਸਾਹਿਬਾਨ ਅਤੇ ਅਫਸਰ ਸਾਹਿਬਾਨਾਂ ਦੀ ਸੁਚੱਜੀ ਕਾਰਜਸ਼ੈਲੀ ਨਾਲ ਜਲਦੀ ਹੀ ਮੋਗਾ ਨੂੰ ਸੋਹਣਾ ਮੋਗਾ ਬਣਾਇਆ ਜਾ ਸਕੇਗਾ।



