ਇੰਟਕ ਨੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਧਾਇਕ ਡਾ:ਹਰਜੋਤ ਕਮਲ ਨੂੰ ਸੌਂਪਿਆ ਮੰਗ ਪੱਤਰ

ਮੋਗਾ,13 ਮਾਰਚ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਪੰਜਾਬ ਇੰਟਕ ਨਾਲ ਸਬੰਧਤ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ। ਇੰਟਕ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ, ਪ੍ਰਦੇਸ਼ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ, ਪ੍ਰਦੇਸ਼ ਯੂਥ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿਚ ਵਿਧਾਇਕ ਡਾ: ਹਰਜੋਤ ਕਮਲ ਨੂੰ ਦਿੱਤੇ ਮੰਗ ਪੱਤਰ ਵਿਚ ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਵੱਲੋਂ ਫੂਡ ਏਜੰਸੀਆਂ ਵਿਚ ਪੱਲੇਦਾਰਾਂ ਦੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਇਸ ਕਰਕੇ ਹੁਣ ਮੰਡੀ ਬੋਰਡ ਦੀ ਤਰਜ ’ਤੇ ਸਾਰੇ ਰਾਜ ਵਿਚ ਇਕਸਾਰ ਰੇਟ ਲਾਗੂ ਕੀਤੇ ਜਾਣ ।
ਇੰਟਕ ਕਾਮਿਆਂ ਨੇ ਮੰਗ ਕੀਤੀ ਕਿ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ ਵਿਚ ਛੇਵਾਂ ਪੇਅ ਕਮਿਸ਼ਨਰ ਲਾਗੂ ਕਰਕੇ ਨਵੀਂ ਭਰਤੀ ਕਰਦਿਆਂ ਪੂਰੀ ਤਨਖਾਹ ਦਿੱਤੀ ਜਾਵੇ। ਉਹਨਾਂ ਮੰਗ ਕੀਤੀ ਕਿ ਸਨਅਤੀ ਅਤੇ ਖੇਤੀਬਾੜੀ ਸੈਕਟਰ ਦੇ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ ਨੂੰ ਪਿਛਲਾ ਮਹਿੰਗਾਈ ਵਾਧਾ ਦੇ ਕੇ ਸੋਧਿਆ ਜਾਵੇ ਅਤੇ ਘੱਟੋ ਘੱਟ ਉਜਰਤ 24 ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇ।
ਮੰਗ ਪੜ੍ਹਨ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬੇਸ਼ੱਕ ਪਿਛਲੀ ਸਰਕਾਰ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਪੂਰੀ ਤਰਾਂ ਲੀਹੋਂ ਲਾਹ ਦਿੱਤਾ ਸੀ ਪਰ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਕਾਰਜਸ਼ੈਲੀ ਸਦਕਾ ਪੰਜਾਬ ਮੁੜ ਤੋਂ ਪੈਰਾਂ ਸਿਰ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਛੇਤੀ ਹੀ ਨਵੀਆਂ ਭਰਤੀਆਂ ਵੀ ਖੁਲ੍ਹਣਗੀਆਂ ਅਤੇ ਉਹ ਨਿੱਜੀ ਤੌਰ ’ਤੇ ਕੈਪਟਨ ਸਾਬ੍ਹ ਦੇ ਧਿਆਨ ਵਿਚ ਇੰਟਕ ਵਰਕਰਾਂ ਦੀਆਂ ਮੰਗਾਂ ਲਿਆਉਣਗੇ ਤਾਂ ਕਿ ਮਿਹਨਤਕਸ਼ਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ।
ਇਸ ਮੌਕੇ ਪ੍ਰੀਤਮ ਸਿੰਘ ਬਿੱਲੂ, ਵਿਜੇ ਕੁਮਾਰ, ਪਰਮਜੀਤ ਸਿੰਘ, ਸ਼ਮਸ਼ੇਰ ਸਿੰਘ, ਸੰਜੀਵ ਕੁਮਾਰ, ਹਰਵਿੰਦਰ ਸਿੰਘ, ਵਿਕਾਸ ਕੁਮਾਰ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਇੰਟਕ ਦੇ ਅਹੁਦੇਦਾਰ ਵਿਧਾਇਕ ਡਾ:ਹਰਜੋਤ ਕਮਲ ਨੂੰ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਦੇ ਹੋਏ।


