ਪੰਜਾਬ ਭੀਖ ਨਹੀਂ ਮੰਗ ਰਿਹਾ ਸਗੋਂ ਆਪਣੇ ਹੱਕ ਮੰਗਦਾ ਹੈ: ਸੁਨੀਲ ਜਾਖੜ,ਕੇਂਦਰ ਵੱਲੋਂ ਰਾਹਤ ਨਾ ਦੇਣ ’ਤੇ ਤਿਰੰਗੇ ਲਹਿਰਾਉਣ ਦੇ ਸੱਦੇ ਮੌਕੇ ਸੁਨੀਲ ਜਾਖੜ ਦਾ ਵੱਡਾ ਐਲਾਨ

ਚੰਡੀਗੜ੍ਹ ,30 ਅਪਰੈਲ (ਜਸ਼ਨ): ਕੋਵਿਡ 19 ਖਿਲਾਫ਼ ਜੰਗ ਦੌਰਾਨ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੈਰ ਭਾਜਪਾ ਸਾਸ਼ਤ ਸੂਬਿਆਂ ਨੂੰ ਰਾਹਤ ਪੈਕੇਜ ਦੇਣ ਦੇ ਮੱਸਲੇ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਖਿਲਾਫ਼ ਕਾਂਗਰਸ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ 1 ਮਈ ਨੂੰ ਤਿਰੰਗੇ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਹੈ ਤਾਂ ਕਿ ਕੇਂਦਰ ਦੇ ਰਵਈਏ ਖਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ ਜਾ ਸਕੇ। ਦਰਅਸਲ ਇਹ ਸੁਝਾਅ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿਧਾਇਕਾਂ ਨਾਲ ਵੀਡੀਓ ਕਾਨਫਰੰਸ ਦੌਰਾਨ ਦਿੱਤਾ ਸੀ । ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਹ ਮੁੱਦਾ ਉਠਾਉਂਦਿਆਂ ਦੱਸਿਆ ਗਿਆ ਸੀ ਕਿ ਕਰਫਿਊ ਦੀ ਬਜਹ ਕਰਕੇ ਪੰਜਾਬ ਨੂੰ ਹਰ ਮਹੀਨੇ 3360 ਕਰੋੜ ਰੂਪਏ ਮਾਲੀਏ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ ਮੁੱਖ ਮੰਤਰੀ ਮੁਤਾਬਕ ਇਕ ਸਾਲ ਦੇ ਅੰਤ ਵਿਚ 50 ਹਜ਼ਾਰ ਕਰੋੜ ਘਾਟਾ ਪੈਣ ਦੇ ਆਸਾਰ ਹਨ ਪਰ ਇਸ ਦੇ ਬਾਵਜੂਦ ਕਰੋਨਾ ਨਾਲ ਨਜਿੱਠਣ ਲਈ ਕੇਂਰ ਵੱਲੋਂ ਅਜੇ ਤੱਕ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਜਾਖੜ ਮੁਤਾਬਕ ਮਜ਼ਦੂਰ ਦਿਵਸ ਮੌਕੇ ਲਹਿਰਾਏ ਜਾਣ ਵਾਲੇ ਤਿਰੰਗਿਆਂ ਦਾ ਮਕਸਦ ਇਹ ਦਰਸਾਉਣਾ ਹੈ ਕਿ ਕੇਂਦਰੀ ਰਾਹਤ ’ਤੇ ਪੰਜਾਬ ਦਾ ਵੀ ਹੱਕ ਹੈ ਤਾਂ ਕਿ ਸੂਬੇ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾੲਆ ਜਾ ਸਕੇ। ਉਹਨਾਂ ਦਾ ਆਖਣਾ ਹੈ ਕਿ ਪੰਜਾਬ ਵੀ ਭਾਰਤ ਦਾ ਅਟੁੱਟ ਅੰਗ ਹੈ ਤੇ ਇਸ ਤਰਾਂ ਕੇਂਦਰ ਵਿਚ ਸੱਤਾ ’ਤੇ ਕਾਬਜ਼ ਕੋਈ ਵੀ ਸਰਕਾਰ ਪੰਜਾਬ ਦੀ ਅਣਦੇਖੀ ਨਹੀਂ ਕਰ ਸਕਦੀ । ਉਹਨਾਂ ਪੰਜਾਬ ਲਈ ਫੌਰੀ ਰਾਹਤ ਵਜੋਂ 20 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ । ਉਹਨਾਂ ਕਿਹਾ ਕਿ ਤਿਰੰਗੇ ਲਹਿਰਾਉਣ ਦਾ ਮਕਸਦ ਇਹ ਵੀ ਹੈ ਕਿ ਅਸੀਂ ਕਿਸਾਨਾਂ ਅਤੇ ਕਾਮਿਆਂ ਦੇ ਨਾਲ ਨਾਲ ਕਰੋਨਾ ਮਹਾਂਮਾਰੀ ਖਿਲਾਫ਼ ਫਰੰਟ ਲਾਈਨ ’ਤੇ ਲੜ ਰਹੇ ਯੋਧਿਆਂ ਨਾਲ ਇਕਸੁਰਤਾ ਪ੍ਰਗਟ ਕਰੀਏ । ਉਹਨਾਂ ਇਹ ਵੀ ਕਿਹਾ ਕਿ ਪੰਜਾਬ ਭੀਖ ਨਹੀਂ ਮੰਗ ਰਿਹਾ ਸਗੋਂ ਆਪਣੇ ਹੱਕ ਮੰਗਦਾ ਹੈ।


