ਰੋਡ ਸੇਫ਼ਟੀ ਸਪਤਾਹ ਦੀ ਸ਼ਰੂਆਤ ਮੌਕੇ ਜ਼ਿਲ੍ਹਾ ਟਰੈਫਿਕ ਪੁਲਿਸ ਪ੍ਰਸ਼ਾਸ਼ਨ ਅਤੇ ਆਰ.ਟੀ.ਏ ਵੱਲੋਂ ਵਾਹਨਾਂ ਤੇ ਲਗਾਏ ਰਿਫ਼ਲੈਕਟਰ

ਫਿਰੋਜ਼ਪੁਰ 23 ਅਪ੍ਰੈਲ (ਪੰਕਜ ਕੁਮਾਰ )- ਸੜਕਾਂ ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿਸਦੇ ਚਲਦਿਆਂ ਰੋਡ ਸੇਫਟੀ ਵਾਸਤੇ ਜਿਥੇ ਟਰੈਫਿਕ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਸਮੇਂ ਸਮੇਂ ‘ਤੇ ਉਪਰਾਲੇ ਕੀਤੇ ਜਾਂਦੇ ਹਨ ਉਥੇ ਹੀ ਉਨ੍ਹਾਂ ਵਲੋਂ ਥਾਂ ਥਾਂ ਤੇ ਜਾ ਕੇ ਟਰੈਫਿਕ ਨਿਯਮਾਂ ਬਾਰੇ ਜਾਗਰੂਕਤਾਂ ਕੈਂਪ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ । ਇਸੇ ਤਰਾਂ ਰੋਡ ਸੇਫਟੀ ਨੂੰ ਲੈ ਕੇ 29 ਵਾਂ ਰੋਡ ਸੇਫ਼ਟੀ ਹਫ਼ਤਾ ਜੋ ਕਿ ਅੱਜ ਤੋਂ 30 ਅਪ੍ਰੈਲ 2018 ਤੱਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਸੜਕੀ ਦੁਰਘਟਨਾਵਾਂ ਤੋਂ ਬਚਣ ਸਬੰਧੀ ਜਾਗਰੂਕ ਕਰਨ ਲਈ ਜਿਲਾ ਪ੍ਰਸ਼ਾਸ਼ਨ ਅਤੇ ਆਰ.ਟੀ.ਏ ਜਸਵੰਤ ਸਿੰਘ ਵੱਲੋਂ ਆਉਣ ਜਾਣ ਵਾਲੇ ਵਾਹਨਾਂ ਤੇ ਰਿਫ਼ਲੈਕਟਰ ਲਗਾਏ ਗਏ। ਇਸ ਮੌਕੇ ਟਰੈਫਿਕ ਪੁਲਿਸ ਅਤੇ ਆਰ.ਟੀ.ਏ. ਵੱਲੋਂ ਰਿਫ਼ਲੈਕਟਰ ਲਗਾਉਣ ਦਾ ਮਹੱਤਵ ਦੱਸਦੇ ਹੋਏ ਕਿਹਾ ਗਿਆ ਕਿ ਉਹ ਵਾਹਨ ਜਿਨ੍ਹਾਂ ਦੇ ਅੱਗੇ-ਪਿੱਛੇ ਲਾਈਟਾਂ ਨਾ ਹੋਣ ਕਾਰਨ, ਰਾਤ ਸਮੇਂ ਨਜ਼ਰ ਨਹੀਂ ਆਉਂਦੇ ਜਿਸ ਕਾਰਨ ਅਨੇਕਾਂ ਦੁਰਘਟਨਾਵਾਂ ਵਾਪਰਦੀਆਂ ਹਨ । ਇਸ ਲਈ ਦੁਰਘਟਨਾਵਾਂ ਤੋਂ ਬਚਣ ਲਈ ਇਨ੍ਹਾਂ ਵਾਹਨਾਂ ਉੱਤੇ ਰਿਫ਼ਲੈਕਟਰ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਰਿਫ਼ਲੈਕਟਰ ਦੀ ਵਰਤੋਂ ਕਰਕੇ ਅਸੀਂ ਕਈ ਕੀਮਤੀ ਜਾਨਾਂ ਬਚਾਅ ਸਕਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਇਹ ਰਿਫ਼ਲੈਕਟਰ ਸਾਈਕਲ, ਰਿਕਸ਼ਾ, ਰੇਹੜੀਆਂ, ਆਦਿ ਹੋਰ ਵਾਹਨਾਂ ਜਿਨ੍ਹਾਂ ਦੇ ਲਾਈਟਾਂ ਨਹੀਂ ਹਨ ਤੇ ਲਗਾਏ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਕਣਕ ਦਾ ਸੀਜ਼ਨ ਹੋਣ ਕਾਰਨ ਜ਼ਿਆਦਾਤਰ ਸੜਕੀ ਦੁਰਘਟਨਾਵਾਂ ਵਾਪਰਦੀਆਂ ਹਨ ਇਸ ਲਈ ਖ਼ਾਸ ਕਰ ਇਹ ਰਿਫ਼ਲੈਕਟਰ ਟਰੈਕਟਰ-ਟਰਾਲੀਆਂ ਤੇ ਜ਼ਰੂਰ ਲਗਾਏ ਜਾਣ। ਇਸ ਮੌਕੇ ਐੱਸ.ਪੀ.ਐੱਚ. ਅਮਰਜੀਤ ਸਿੰਘ , ਡੀ ਐਸ ਪੀ ਮਨਮੋਹਨ ਔਲਖ ਅਤੇ ਟ੍ਰੈਫਿਕ ਇੰਚਾਰਜ ਰਵੀ ਕੁਮਾਰ ਦੇ ਨਾਲ ਕਈ ਹੋਰ ਵੀ ਪੁਲਸ ਮੁਲਾਜ਼ਮ ਹਾਜ਼ਰ ਸਨ।


