‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ਤਹਿਤ ਅਧਿਕਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਲੋਕਾਂ ਤੱਕ ਖੁਦ ਪਹੁੰਚ ਕਰਨ-ਡਿਪਟੀ ਕਮਿਸ਼ਨਰ

ਧਰਮਕੋਟ/ਮੋਗਾ 20 ਨਵੰਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਤਹਿਤ ਅਧਿਕਾਰੀ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਲੋਕਾਂ ਤੱਕ ਖੁਦ ਪਹੁੰਚ ਕਰਨ, ਤਾਂ ਜੋ ਯੋਗ ਹੋਣ ਦੇ ਬਾਵਜੂਦ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਿਰਵੇ ਲੋਕ ਵੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਅੱਜ ਜ਼ਿਲੇ ਦੀ ਸਬ ਡਵੀਜ਼ਨ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਵਿਖੇ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਤਹਿਤ ਲਗਾਏ ਗਏ ਕੈਂਪ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਯੋਗ ਵਿਅਕਤੀਆਂ ਨੂੰ ਯੋਜਨਾਵਾਂ ਦਾ ਬਣਦਾ ਲਾਭ ਦਿਵਾਉਣ ਦੇ ਮਕਸਦ ਨਾਲ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਪਿੰਡਾਂ ‘ਚ ਅਜਿਹੇ ਕੈਂਪ ਆਯੋਜਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਉਨਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ, ਜੋ ਯੋਗਤਾ ਹੋਣ ਦੇ ਬਾਵਜੂਦ ਕਿਸੇ ਨਾ ਕਿਸੇ ਕਾਰਣ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹਨ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਿੰਡ ਪੱਧਰ ’ਤੇ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ, ਜਿੰਨਾਂ ਵਿੱਚ ਗਜ਼ਟਿਡ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ, ਸਮਾਜ ਸੇਵੀ, ਪੰਚਾਇਤ ਸਕੱਤਰ, ਪਟਵਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਸਾਬਕਾ ਫੋਜ਼ੀ ਤੇ ਰਿਟਾਇਰਡ ਸਰਕਾਰੀ ਕ੍ਰਮਚਾਰੀ ਸ਼ਾਮਿਲ ਕੀਤੇ ਜਾਣਗੇ। ਉਨਾਂ ਹਾਜ਼ਰ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਉਹ ਇਨਾਂ ਕੈਂਪਾਂ ਦੌਰਾਨ ਸਰਕਾਰੀ ਸਹੂਲਤਾਂ ਤੋ ਵਾਂਝੇ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਅਤੇ ਪਿੰਡਾਂ ਦੀਆਂ ਜਨਤਕ ਸਮੱਸਿਆਵਾਂ ਵੀ ਸੁਣਨ। ਉਨਾਂ ਲੋਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਕੈਂਪ ਦੌਰਾਨ 150 ਦੇ ਕਰੀਬ ਪਿੰਡ ਵਾਸੀਆ ਨੇ ਆਪਣੇ ਕਲੇਮ ਪੇਸ਼ ਕੀਤੇ। ਇਸ ਮੌਕੇ ਭੁਪਿੰਦਰ ਸਿੰਘ ਢਿੱਲੋ ਈ.ਟੀ.ਓ, ਜਰਨੈਲ ਸਿੰਘ ਤਹਿਸੀਲਦਾਰ ਧਰਮਕੋਟ, ਜਗੀਰ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੋਟ ਈਸੇ ਖਾਂ, ਐਚ.ਐਸ.ਡਿੰਪਲ ਕਰ ਅਫਸਰ, ਗੁਰਮੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਅਸ਼ੋਕ ਸਿੰਘ ਸਰਪੰਚ, ਪਿੱਪਲ ਸਿੰਘ ਕਾਂਗਰਸੀ ਆਗੂ, ਗੁਰਮੀਤ ਸਿੰਘ ਰੱਖੜਾ, ਕੁਲਵੰਤ ਸਿੰਘ ਨਰੇਗਾ, ਜਸਕਰਨ ਕੌਰ, ਕੁਲਦੀਪ ਕੁਮਾਰੀ ਸੁਪਰਵਾਈਜ਼ਰ, ਸੁਰਿੰਦਰ ਸਿੰਘ ਅਤੇ ਰਵੀ ਕੁਮਾਰ ਆਦਿ ਹਾਜ਼ਰ ਸਨ।


