ਕਰਤਾਰਪੁਰ ਲਾਂਘੇ ਦੇ ਮਾਮਲੇ ’ਚ ਪਾਕਿਸਤਾਨ ਫੌਜ ਦੀ ਵੱਡੀ ਸਾਜਿਸ਼-ਮੁੱਖ ਮੰਤਰੀ ਪੰਜਾਬ ,‘ਆਈ.ਐਸ.ਆਈ ਦੀ ਯੋਜਨਾ ਨੂੰ ਨਾ ਸਮਝਣ ਵਾਲੇ ਸਿੱਧੂ ਦੇ ਮੁੱਦੇ ਨੂੰ ਗੈਰ-ਜ਼ਰੂਰੀ ਤਰੀਕੇ ਨਾਲ ਉਭਾਰ ਰਹੇ’

ਚੰਡੀਗੜ, 9 ਦਸੰਬਰ-(ਜਸ਼ਨ):ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁਕੱਣ ਤੋਂ ਪਹਿਲਾਂ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਗਈ ਇਕ ਬਹੁਤ ਵੱਡੀ ਸਾਜਿਸ਼ ਦੱਸਿਆ ਹੈ। 
ਅੱਜ ਇਕ ਟੀਵੀ ਚੈਨਲ ਨੂੰ ਦਿੱਤੀ ਗਈ ਇੰਟਰਵਿੳੂ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲਣਾ ਸੱਪਸ਼ਟ ਤੌਰ ’ਤੇ ਆਈ.ਐਸ.ਆਈ ਦੀ ਯੋਜਨਾ ਦਾ ਹਿੱਸਾ ਹੈ। ਉਨਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫੌਜ ਨੇ ਭਾਰਤ ਵਿਰੁੱਧ ਇਕ ਬਹੁਤ ਵੱਡੀ ਸਾਜਿਸ਼ ਘੜੀ ਹੈ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਮੁੱਦੇ ਨੂੰ ਗੈਰ ਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸੱਪਸ਼ਟ ਤੌਰ ’ਤੇ ਆਈ.ਐਸ.ਆਈ. ਦੀ ਯੋਜਨਾ ਨੂੰ ਦੇਖਣ ਤੋਂ ਅਸਮਰਥ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਹੱਥ ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। 
ਮੁੱਖ ਮੰਤਰੀ ਦੇ ਸਿੱਧੂ ਨਾਲ ਸਬੰਧਾਂ ਦੇ ਮੁੱਦੇ ਉੱਤੇ ਗੈਰ ਜ਼ਰੂਰੀ ਵਿਵਾਦ ਖੜਾ ਕਰਨ ਲਈ ਅਕਾਲੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਆਪਣੀ ਪਿੱਠ ਠੋਕਣ ਦੀ ਜੰਗ ਤੋਂ ਇਲਾਵਾ ਹੋਰ ਕੁੱਝ ਵੀ ਨਹੀ ਹੈ। ਉਨਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ ਅਤੇ ਇਸ ਦੇ ਵਾਸਤੇ ਪੰਜਾਬ ਵਿੱਚ ਅੱਤਵਾਦੀ ਸਰਗਰਮੀਆਂ ਦੇ ਰਾਹੀਂ ਪਾਕਿਸਤਾਨ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਟਵਾਰੇ ਦੇ ਸਮੇਂ ਤੋਂ ਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲਣ ਦੀ ਮੰਗ ਲੰਬਿਤ ਪਈ ਹੋਈ ਹੈ। ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਰਗੇ ਬਹੁਤ ਸਾਰੇ ਸਿੱਖਾਂ ਦੇ ਧਾਰਮਿਕ ਸਥਾਨ ਬਟਵਾਰੇ ਕਾਰਨ ਪਾਕਿਸਤਾਨ ਵਿੱਚ ਰਹਿ ਗਏ। ਇਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਨੂੰ ਖੋਲਣ ਦਾ ਮੁੱਦਾ ਪਾਕਿਸਤਾਨ ਕੋਲ ਉਠਾਇਆ ਸੀ। ਉਨਾਂ ਨੇ ਖੁਦ ਪਾਕਿਸਤਾਨ ਪੰਜਾਬ ਦੇ ਹਮਰੁਤਬਾ ਪਰਵੇਜ ਇਲਾਹੀ ਅਤੇ ਰਾਸ਼ਟਰਪਤੀ ਪਰਵੇਜ ਮੁਸ਼ਰਫ ਕੋਲ ਇਹ ਮੁੱਦਾ ਆਪਣੇ ਪਿਛਲੇ ਕਾਲ ਦੌਰਾਨ ਮੁੱਖ ਮੰਤਰੀ ਵੱਜੋਂ ਉਠਾਇਆ ਸੀ। 
ਮੁੱਖ ਮੰਤਰੀ ਨੇ ਕਿਹਾ ਕਿ ਬਿਨਾਸ਼ੱਕ ਇਮਰਾਨ ਖਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਪਾਕਿਸਤਾਨ ਫੌਜ ਦੇ ਮੁੱਖੀ ’ਤੇ ਇਹ ਜ਼ੋਰ ਵੀ ਪਾਉਣਾ ਚਾਹੀਦਾ ਹੈ ਕਿ ਸਰਹੱਦ ਉੱਤੇ ਸਾਡੇ ਫੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਇਆ ਜਾਵੇ। ਪਾਕਿਸਤਾਨ ਦਾ ਇਤਿਹਾਸ ਇਹ ਦੱਸਦਾ ਹੈ ਕਿ ਜੇ ਕਿਸੇ ਪ੍ਰਧਾਨ ਮੰਤਰੀ ਸੱਤਾ ਵਿੱਚ ਰਹਿਣਾ ਤਾਂ ਉਸ ਨੂੰ ਫੌਜ ਦੀ ਲਾਈਨ ’ਤੇ ਤੁਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਨਵਾਜ ਸ਼ਰੀਫ ਵੱਲੋਂ ਦੁਬਈ ਵਿਖੇ ਪਾਕਿਸਤਾਨੀ ਫੌਜ ਦੇ ਨਾਲ ਕੀਤੇ ਸਮਝੋਤੇ ਦੀ ਵੀ ਮਿਸਾਲ ਦਿੱਤੀ ਜਿਸਦੇ ਨਤੀਜੇ ਵੱਜੋਂ ਉਹ ਲਗਾਤਾਰ ਪ੍ਰਧਾਨ ਮੰਤਰੀ ਰਹੇ। 
ਕਰਤਾਰਪੁਰ ਸਾਹਿਬ ਲਾਂਘੇ ਲਈ ਨੀਂਹ ਪੱਥਰ ਰੱਖਣ ਮੌਕੇ ਪਾਕਿਸਤਾਨ ਨਾ ਜਾਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਇਹ ਸੱਦਾ ਪ੍ਰਵਾਨ ਕਰਨ ਤੋਂ ਇਸ ਕਰਕੇ ਇਨਕਾਰ ਕੀਤਾ ਸੀ ਕਿਉਂਕਿ ਉਹ ਓਨਾਂ ਚਿਰ ਪਾਕਿਸਤਾਨ ਜਾਣ ਬਾਰੇ ਸੋਚ ਨਹੀਂ ਸਕਦੇ ਜਿਨਾਂ ਚਿਰ ਪਾਕਿਸਤਾਨ ਫੌਜ ਵੱਲੋਂ ਭਾਰਤੀ ਫੌਜੀਆਂ ਅਤੇ ਆਮ ਲੋਕਾਂ ਦੀ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। 
ਨੀਂਹ ਪੱਥਰ ਰੱਖਣ ਲਈ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਜਾਣ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸਿੱਧੂ ਨੂੰ ਦੱਸਿਆ ਸੀ ਕਿ ਉਨਾਂ ਨੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਆਏ ਸੱਦੇ ਨੂੰ ਲਿਖਤੀ ਤੌਰ ’ਤੇ ਰੱਦ ਕਰ ਦਿੱਤਾ ਹੈ ਅਤੇ ਉਸ ਦੀ ਕਾਪੀ ਸੋਸ਼ਲ ਮੀਡਾਆ ’ਤੇ ਸਾਂਝੀ ਵੀ ਕੀਤੀ ਸੀ। ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੇ ਜਾਣ ਦੇ ਬਾਵਜੂਦ ਸਿੱਧੂ ਇਮਰਾਨ ਖਾਨ ਨਾਲ ਆਪਣੀ ਦੋਸਤੀ ਕਾਰਨ ਉੱਥੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਰ ਤਰਕਸੰਗਤ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਵੀ ਉਥੇ ਬਹੁਤ ਸਾਰੇ ਦੋਸਤ ਹਨ ਜਿਨਾਂ ਵਿੱਚ ਪਾਕਿਸਤਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ ਇਲਾਹੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ ਕਾਰਜਕਾਲ ਦੌਰਾਨ ਲਗਾਤਾਰ ਮਿਲਦੇ ਰਹੇ ਹਾਂ। ਇਲਾਹੀ ਉਨਾਂ ਨੂੰ ਮਿਲਣ ਲਈ ਪਟਿਆਲਾ ਵਿਖੇ ਵੀ ਆਏ ਸਨ। 
ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ‘ਪੰਸਦੀਦਾ’ ਵਿਅਕਤੀ ਹੈ। ਉਨਾਂ ਦੇ ਸਿੱਧੂ ਦੇ ਮਾਪਿਆਂ ਨਾਲ ਵੀ ਨਿੱਘੇ ਸਬੰਧ ਹਨ ਜਦੋਂ ਇਹ ਿਕਟ ਖਿਡਾਰੀ ਮੰਤਰੀ ਬਣਿਆ ਤਾਂ ਉਨਾਂ ਦੇ ਪਿਤਾ ਕਾਂਗਰਸ ਦੀ ਪਟਿਆਲਾ ਜਿਲਾ ਇਕਾਈ ਦੇ ਪ੍ਰਧਾਨ ਸਨ ਅਤੇ ਉਨਾਂ (ਕੈਪਟਨ) ਦੀ ਮਾਤਾ ਮਹਿੰਦਰ ਕੌਰ ਪਟਿਆਲਾ ਤੋਂ ਸੰਸਦ ਮੈਂਬਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਅਤੇ ਸਿੱਧੂ ਵਿਚਕਾਰ ਕਦੀ ਵੀ ਟਕਰਾਅ ਪੈਦਾ ਨਹੀ ਹੋਇਆ ਜਿਸ ਤਰਾਂ ਕਿ ਮੀਡੀਆ ਵਿੱਚ ਦੱਸਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਚਲਾਉਂਦੇ ਸਮੇਂ ਉਨਾਂ ਦੀ ਸਿੱਧੂ ਨਾਲ ਕਿਸੇ ਵੀ ਤਰਾਂ ਦੀ ਕੋਈ ਸੱਮਸਿਆ ਨਹੀਂ ਆਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਹਮੇਸ਼ਾਂ ਸਿੱਧ ਪੱਧਰੇ ਤਰੀਕੇ ਨਾਲ ਗੱਲ ਕਰਦੇ ਹਨ ਅਤੇ ਉਨਾਂ ਦੀ ਇੱਕੋ-ਇਕ ਸੱਮਸਿਆ ਇਹ ਹੈ ਕਿ ਉਹ ਕਈ ਵਾਰੀ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ। 
ਰਾਹੁਲ ਗਾਂਧੀ ਦੇ ਆਪਣੇ ਕੈਪਟਨ ਹੋਣ ਦੇ ਸਿੱਧੂ ਦੀ ਟਿਪਣੀ ਸਬੰਧੀ ਪੁਛੇ ਗਏ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਵੀ ਮੁੱਦਾ ਨਹੀ ਹੈ। ਸਿੱਧੂ ਨੇ ਹਮੇਸ਼ਾਂ ਉਨਾਂ (ਕੈਪਟਨ) ਨੂੰ ਆਪਣੇ ਪਿਤਾ ਸਮਾਨ ਸਮਝਿਆ ਹੈ। 
ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਸਵਾਲ ਦੇ ਜਵਾਬ ਵਿੱਚ ਪਾਕਿਸਤਾਨ ਨੂੰ ਉਸ ਦੀਆਂ ਘਿਨਾਉਣੀਆਂ ਹਰਕਤਾਂ ਵਿਰੁੱਧ ਚੇਤਾਵਨੀ ਦਿੱਤੀ ਅਤੇ ਉਸ ਨੂੰ ਪੰਜਾਬ ਵਿੱਚ ਕਿਸੇ ਵੀ ਤਰਾਂ ਦੀ ਗੜਬੜ ਪੈਦਾ ਕਰਨ ਤੋਂ ਬਾਜ ਆਉਣ ਲਈ ਆਖਿਆ। ਉਨਾਂ ਨੇ ਸਰਹੱਦ ’ਤੇ ਭਾਰਤੀ ਫੌਜੀਆਂ ਦੀਆਂ ਹੱਤਿਆਵਾਂ ਰੋਕੇ ਜਾਣ ਲਈ ਵੀ ਪਾਕਿਸਤਾਨ ਨੂੰ ਕਿਹਾ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਫੌਜ ਦੇ ਜਨਰਲ ਜਾਵੇਦ ਬਾਜਵਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਪਾਕਿਸਤਾਨ ਨਾਲ ਸਿੱਧੀ ਟੱਕਰ ਲਈ ਪੂਰੀ ਤਰਾਂ ਸਮਰੱਥ ਹੈ ਅਤੇ ਜੇ ਉਸ ਨੇ ਅੱਤਵਾਦ ਦੇ ਰਾਹੀਂ ਸੂਬੇ ਦੇ ਸ਼ਾਤੀਪੂਰਣ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਉਨਾਂ ਦੀ ਗਲਤੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਬਾਜਵਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ 1970 ਅਤੇ 1980 ਵਾਲੀ ਪੁਲਿਸ ਨਹੀਂ ਹੈ ਜਦੋ ਇਸ ਦੀ ਸੰਖਿਆ ਸਿਰਫ 16000-17000 ਹੁੰਦੀ ਸੀ। ਉਨਾਂ ਕਿਹਾ ਕਿ ਹੁਣ ਇਹ ਪੁਲਿਸ ਫੋਰਸ ਉੱਚ ਤਕਨੀਕ ਦੇ ਹਥਿਆਰਾਂ ਅਤੇ ਗੋਲੀ-ਸਿੱਕਾ ਨਾਲ ਲੈਸ ਹੈ। ਇਸ ਦੀਆਂ ਪੇਸ਼ੇਵਰ ਕਮਾਂਡੋ ਬਟਾਲੀਅਨਾਂ ਅਤੇ ਪੰਜਾਬ ਆਰਮਡ ਫੋਰਸ ਵੀ ਹੈ ਜੋ ਕਿਸੇ ਵੀ ਚੁਣੌਤੀ ਦੇ ਪੂਰੀ ਤਰਾਂ ਟਾਕਰੇ ਲਈ ਤਿਆਰ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅੰਮਿ੍ਰਤਸਰ ਜਿਲੇ ਦੇ ਅਦਲੀਵਾਲ ਪਿੰਡ ਵਿੱਚ ਨਿਰੰਕਾਰੀ ਭਵਨ ’ਤੇ ਹੋਏ ਗ੍ਰੇਨੇਡ ਹਮਲੇ ਦੇ 2 ਦੋਸ਼ੀਆਂ ਨੂੰ ਦਿਨਾਂ ਵਿੱਚ ਹੀ ਫੜ ਕੇ ਹਾਲ ਹੀ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜਿਨਾਂ ਦੇ ਆਈ.ਐਸ.ਆਈ ਦੇ ਏਜੰਟਾਂ ਨਾਲ ਸਾਂਝ ਸੀ। ਪੰਜਾਬ ਦੀ ਅਤਿ ਸਰਗਰਮ ਪੁਲਿਸ ਫੋਰਸ ਨੇ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ 19 ਅੱਤਵਾਦੀ ਗਿਰੋਹਾਂ ਨੂੰ ਸਫਲਤਾਪੂਰਣ ਖਤਮ ਕੀਤਾ ਹੈ ਅਤੇ ਇਨਾਂ ਦੇ 81 ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। 
ਅੱਤਵਾਦ ਦੀ ਰੀਡ ਦੀ ਹੱਡੀ ਤੋੜਨ ਸਬੰਧੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅੱਤਵਾਦ ਦੇ ਕਾਲੇ ਦਿਨਾਂ ਵਿੱਚ ਧੱਕਣ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। 
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਸਰਗਰਮ ਬਹੁਤ ਸਾਰੇ ਅੱਤਵਾਦੀ ਸੰਗਠਨ ਪੂਰੀ ਤਰਾਂ ਖਤਮ ਕਰ ਦਿੱਤੇ ਗਏ ਹਨ ਅਤੇ ਆਈ. ਐਸ.ਆਈ ਪੰਜਾਬ ਵਿੱਚ ਗੜਬੜ ਪੈਦਾ ਕਰਨ ਲਈ ਇਨਾਂ ਨੂੰ ਪੰਜਾਬ ਵਿੱਚ ਸਰਗਰਮ ਕਰ ਰਹੀ ਸੀ। ਇਸ ਵੱਲੋਂ ਕਨੈਡਾ, ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿੱਚ ਵੀ ਬੇਗੁਨਾਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਵੱਲੋਂ ਆਪਣੇ ਮਕਸਦਾਂ ਲਈ ਇਨਾਂ ਨੂੰ ਹੱਥਿਆਰ ਅਤੇ ਫੰਡ ਦਿੱਤੇ ਜਾ ਰਹੇ ਹਨ। 
ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਫਾਇਦਾ ਉਠਾਕੇ ਪੰਜਾਬ ਵਿੱਚ ਅੱਤਵਾਦ ਨੂੰ ਪੈਦਾ ਕਰਨ ਦੇ ਲਈ ‘ ਸਿੱਖਜ ਫਾਰ ਜਸਟਿਸ’ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਖਾਸਕਰ ਦੇਹਾਤੀ ਇਲਾਕਿਆਂ ਦੇ ਸਿੱਖ ਅਖੌਤੀ ‘ਰਾਇਸ਼ੁਮਾਰੀ-2020’ ਦਾ ਸਮਰਥਨ ਨਹੀ ਕਰਣਗੇ। ਐਸ.ਐਫ.ਜੇ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਦਾ ਇਕ ਤੋਹਫਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਦੀ ਗੱਲ ਕਰਨ ਵਾਲਾ ਪੰਜਾਬ ਵਿੱਚ ਕੋਈ ਨਹੀਂ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।