ਫਰੀਦਕੋਟ- ਗੁਰੂ ਹਰਸਹਾਏ ਸੜਕ ਦੇ ਨਵ ਨਿਰਮਾਣ ਤੇ ਖਰਚੇ ਜਾਣਗੇ 31 ਕਰੋੜ ਰੁਪਏ-ਵਿਧਾਇਕ ਕੁਸ਼ਲਦੀਪ ਢਿੱਲੋਂ

ਫਰੀਦਕੋਟ,12 ਦਸੰਬਰ(ਤਰਸੇਮ ਚਾਨਣਾ): ਰਾਜ ਸਰਕਾਰ ਵਲੋਂ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ।ਇਸੇ ਲੜੀ ਤਹਿਤ ਫ਼ਰੀਦਕੋਟ ਵਿਖੇ ਬਣ ਰਹੇ ਰੇਲਵੇ ਓਵਰਬਿ੍ਰਜ ਤੇ ਪੰਜਾਬ ਸਰਕਾਰ ਵੱਲੋਂ 35 ਕਰੋੜ  ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਤੇ ਇਹ ਪ੍ਰਾਜੈਕਟ ਆਉਂਦੇ ਛੇ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ।ਇਹ ਜਾਣਕਾਰੀ ਫਰੀਦਕੋਟ ਦੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ। ਉਹਨਾਂ  ਦੱਸਿਆ ਕਿ ਨਵੀਂ ਸਰਕਾਰ ਦੀ ਸਥਾਪਨਾ ਤੋਂ ਬਾਅਦ ਉਨਾਂ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨਾ ਸਦਕਾ ਫਰੀਦਕੋਟ ਵਿਖੇ ਓਵਰਬਿ੍ਰਜ ਦੀ ਉਸਾਰੀ ਦਾ ਕੰਮ ਮੁੜ ਤੋਂ ਸ਼ੁਰੂ ਕਰਵਾਇਆ ਗਿਆ ਤੇ ਸਰਕਾਰ ਵੱਲੋਂ ਇਸ ਲਈ 35 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਾਜੈਕਟ ਤੇ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ।ਉਨਾਂ ਕਿਹਾ ਕਿ ਇਸ ਪੁੱਲ ਦੀ ਉਸਾਰੀ ਵਿੱਚ ਆਉਣ ਵਾਲੀਆਂ ਸਾਰੀਆਂ ਅੜਚਣਾਂ ਨੂੰ ਦੂਰ ਕਰ ਲਿਆ ਗਿਆ ਹੈ ਅਤੇ ਆਉਂਦੇ ਛੇ ਮਹੀਨਿਆਂ ਵਿਚ ਇਸ ਪ੍ਰਾਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ । ਇਸ ਉਪਰੰਤ ਲੋਕਾਂ ਨੂੰ ਸ਼ਹਿਰ ਖਾਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਸਬੰਧੀ ਵਧੀਆ ਸਹੂਲਤਾਂ ਮਿਲਣਗੀਆਂ ਅਤੇ ਉਨਾਂ ਨੂੰ ਵੱਡੇ ਟਰ੍ਰੈਫਿਕ ਜਾਂਮਾਂ ਤੋਂ  ਨਿਜਾਤ ਵੀ ਮਿਲੇਗੀ।ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਫਰੀਦਕੋਟ -ਗੁਰੂ ਹਰਸਹਾਏ ਸੜਕ ਨੂੰ ਵੀ ਚੌੜਾ ਕਰਨ ਅਤੇ ਨਵਿਆਉਣ ਦੀ ਪੰਜਾਬ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਕੰਮ ਲਈ ਸਰਕਾਰ ਵੱਲੋਂ 31 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਉਨਾਂ ਕਿਹਾ ਕਿ ਜਲਦੀ ਹੀ ਇਸ ਕੰਮ ਦੇ ਟੈਂਡਰ ਲਏ ਜਾਣਗੇ ਤੇ ਇਸ ਪ੍ਰਾਜੈਕਟ  ਨੂੰ ਵੀ ਇਕ ਸਾਲ ਦੇ ਵਿੱਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ ।ਉਨਾਂ ਦੱਸਿਆ ਕਿ ਇਹ ਸੜਕ ਲੰਮੇ ਸਮੇਂ ਤੋਂ ਮੁਰੰਮਤ ਦੀ ਮੰਗ ਕਰ ਰਹੀ ਸੀ ਅਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । 42 ਕਿਲੋਮੀਟਰ ਲੰਮੀ ਇਸ ਸੜਕ ਲਈ ਪੰਜਾਬ ਸਰਕਾਰ ਵੱਲੋਂ ਸਾਰੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਨੂੰ ਦਸੰਬਰ 2019 ਤੱਕ ਮੁਕੰਮਲ ਕਰ ਲਿਆ ਜਾਵੇਗਾ । ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਤੇ ਮੁਕੰਮਲ ਹੋਣ ਨਾਲ ਜਿੱਥੇ ਫਰੀਦਕੋਟ  ਜ਼ਿਲੇ ਦੀ ਸੁੰਦਰਤਾ ਵਧੇਗੀ ਉੱਥੋਂ ਲੋਕਾਂ ਨੂੰ ਆਵਾਜਾਈ ਲਈ ਵੀ ਵਧੀਆ ਸਹੂਲਤਾਂ ਮਿਲਣਗੀਆਂ । ਉਨਾਂ ਕਿਹਾ ਕਿ ਇਹ ਸੜਕ ਮੁਕੰਮਲ ਹੋਣ ਉਪਰੰਤ ਫ਼ਰੀਦਕੋਟ ਦੇ ਗੁਆਂਢੀ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ,ਫਿਰੋਜ਼ਪੁਰ,ਫਾਜ਼ਿਲਕਾ ਅਤੇ ਗੁਆਂਢੀ ਰਾਜ ਦੇ ਜ਼ਿਲੇ ਗੰਗਾਨਗਰ ਦੇ ਲੋਕਾਂ ਨੂੰ ਵੀ ਆਵਾਜ਼ਾਈ ਲਈ ਵਧੀਆ ਸਹੂਲਤ ਮਿਲੇਗੀ ਤੇ ਇਸ ਤੋਂ ਇਲਾਵਾ ਲੁਧਿਆਣਾ, ਮੋਗਾ ਅਤੇ ਫਰੀਦਕੋਟ ਦੇ ਲੋਕਾਂ ਨੂੰ ਫਾਜਿਲਕਾ ਅਤੇ ਸ਼੍ਰੀ ਗੰਗਾਨਗਰ ਜਾਣ ਲਈ ਵੀ ਵਧੀਆ ਅਤੇ ਖੁੱਲਾ ਰਸਤਾ ਮਿਲ ਜਾਵੇਗਾ । 
    ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।