ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ,ਮਿ੍ਰਤਕ ਵਿਅਕਤੀ ਅਕਾਲੀ ਸਰਪੰਚ ਬੇਅੰਤ ਗਿੱਲ ਦੇ ਕਤਲ ਕੇਸ ਵਿਚ ਬਰੀ ਹੋ ਕੇ ਮਹੀਨਾ ਪਹਿਲਾਂ ਹੀ ਜੇਲ ‘ਚੋਂ ਆਇਆ ਸੀ ਬਾਹਰ

ਮੋਗਾ/ਮਾਣੂੰਕੇ,14 ਦਸੰਬਰ (ਪੱਤਰ ਪਰੇਰਕ) :ਅਕਾਲੀ ਸਰਪੰਚ ਬੇਅੰਤ ਗਿੱਲ ਦੇ ਕਤਲ ਵਿਚ ਨਾਮਜ਼ਦ ਅਤੇ ਬਰੀ ਹੋਏ ਰਜਿੰਦਰ ਕੁਮਾਰ ਗੋਗਾ ਦਾ ਅੱਜ ਦੇਰ ਸ਼ਾਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।  ਗੋਗਾ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰੀਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਗੋਗਾ ਆਪਣੀ ਸਪੇਅਰ ਪਾਰਟਸ ਦੀ ਦੁਕਾਨ ਤੋਂ ਘਰ ਵਾਪਸ ਜਾਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੈਗ ਸਿੰਘ, ਥਾਣਾ ਮੁਖੀ ਸੁਰਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪਹੁਚ ਗਏ ਅਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ।। ਜ਼ਿਕਰਯੋਗ ਹੈ ਕਿ ਸਰਪੰਚ ਬੇਅੰਤ ਗਿੱਲ ਦੇ ਕਤਲ ਦੇ ਸਬੰਧ ਵਿਚ ਪੁਲਿਸ ਨੇ ਰਜਿੰਦਰ ਕੁਮਾਰ ਗੋਗਾ ,ਕੁਲਦੀਪ ਸਿੰਘ ਕੀਪਾ ਅਤੇ ਰਜਿੰਦਰ ਕੁਮਾਰ ਦੇ ਭਾਣਜੇ ਰਮਨ ਖਿਲਾਫ਼ ਪਰਚਾ ਦਰਜ ਕੀਤਾ ਸੀ ਅਤੇ ਇਸ ਕੇਸ ਵਿਚ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਜਦਕਿ ਰਜਿੰਦਰ ਕੁਮਾਰ ਗੋਗਾ ਅਜੇ ਪਿਛਲੇ ਮਹੀਨੇ ਹੀ ਅਦਾਲਤ ਦੇ ਆਏ ਫੈਸਲੇ ਉਪਰੰਤ ਬਰੀ ਹੋ ਕੇ ਜੇਲ ਵਿਚੋਂ ਬਾਹਰ ਆਇਆ ਸੀ ਕਿ ਅੱਜ ਅਣਪਛਾਤਿਆਂ ਨੇ ਉਸ ਦਾ ਕਤਲ ਕਰ ਦਿੱਤਾ। ਇਹ ਵੀ ਵਰਨਣਯੋਗ ਹੈ ਕਿ ਬੇਅੰਤ ਗਿੱਲ ਵੀ ਗਿਆਨ ਸਿੰਘ ਰਾਜਿਆਣਾ ਦੇ ਕਤਲ ਕੇਸ ਵਿਚ 2 ਸਾਲ ਦੇ ਕਰੀਬ ਜੇਲ ਵਿਚ ਰਿਹਾ ਸੀ ਅਤੇ ਕਤਲ ਹੋਣ ਤੋਂ ਦੋ ਕੁ ਮਹੀਨੇ ਪਹਿਲਾਂ ਹੀ ਉਹ ਜੇਲ ਤੋਂ ਬਾਹਰ ਆਇਆ ਸੀ। ਪਿੰਡ ਮਾਣੂਕੇ ਦੇ ਉਸ ਸਮੇਂ ਦੇ ਸਰਪੰਚ ਬੇਅੰਤ ਸਿੰਘ ਅਤੇ ਰਜਿੰਦਰ ਸਿੰਘ ਗੋਗਾ ਵਿੱਚਕਾਰ ਆਪਸੀ ਤਕਰਾਰਬਾਜੀ ਰਹਿੰਦੀ ਸੀ ਜਿਸ ਦੇ ਚੱਲਦਿਆਂ ਮਿਤੀ 5 ਅਪ੍ਰੈਲ 2017 ਨੂੰ ਰਜਿੰਦਰ ਕੁਮਾਰ ਉਰਫ ਗੋਗਾ ਪੁੱਤਰ ਫਕੀਰ ਚੰਦ ਅਤੇ ਬੇਅੰਤ ਸਿੰਘ ਦਾ ਆਪਸ ਵਿੱਚ ਤਕਰਾਰ ਹੋਇਆ ਅਤੇ ਇਸੇ ਦੌਰਾਨ ਰਜਿੰਦਰ ਕੁਮਾਰ ਉਰਫ ਗੋਗਾ ਨੇ ਆਪਣੀ 12 ਬੋਰ ਬੰਦੂਕ ਨਾਲ 8.30 ਵਜੇ ਰਾਤ ਸਮੇਂ ਬੇਅੰਤ ਸਿੰਘ ਸਰਪੰਚ ਪੁੱਤਰ ਗੁਰਮੇਲ ਸਿੰਘ ਵਾਸੀ ਮਾਣੂਕੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨਾਂ ਦੱਸਿਆ ਕਿ ਮਿ੍ਰਤਕ ਦੀ ਮਾਤਾ ਸੁਰਪਿੰਦਰ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਮਾਣੰੂਕੇ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।