ਬਾਗੀ ਅਕਾਲੀਆਂ ਵੱਲੋਂ ਨਵੀਂ ਪਾਰਟੀ ‘‘ ਸ਼੍ਰੋਮਣੀ ਅਕਾਲੀ ਦਲ ਟਕਸਾਲੀ ’’ ਦਾ ਐਲਾਨ, ਰਣਜੀਤ ਸਿੰਘ ਬ੍ਰਹਮਪੁਰਾ ਬਣੇ ਪ੍ਰਧਾਨ

ਅੰਮਿ੍ਰਤਸਰ,16 ਦਸੰਬਰ (ਜਸ਼ਨ): ਅੱਜ 16 ਦਸੰਬਰ ਨੂੰ ਪੰਜਾਬ ਵਿਸ਼ੇਸ਼ਕਰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿਚ ਨਵਾਂ ਸਫ਼ਾ ਜੁੜਿਆ ਜਦੋਂ ਸੀਨੀਅਰ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾਂ ਅਤੇ ਡਾ ਰਤਨ ਸਿੰਘ ਅਜਨਾਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੰੁਚ ਕੇ ਨਵੀਂ ਪਾਰਟੀ ’ ਸ਼੍ਰੋਮਣੀ ਅਕਾਲੀ ਦਲ ਟਕਸਾਲੀ’ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਾਰੀ ਗਿਣਤੀ ਵਿਚ ਸ਼ਾਮਲ ਆਗੂਆਂ,ਵਰਕਰਾਂ ਅਤੇ ਆਮ ਲੋਕਾਂ ਨੇ ਬਾਗੀਆਂ ਵੱਲੋਂ ਲਏ ਇਸ ਫੈਸਲੇ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਮੀਡੀਆ ਲਈ ਜਾਰੀ ਕੀਤੇ ਬਿਆਨ ਮੁਤਾਬਕ ਤਿੰਨਾਂ ਆਗੂਆਂ ਨੇ ਆਖਿਆ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ. ਪਰਕਾਸ਼ ਸਿੰਘ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰੰਕੁਸ਼ਤਾ ਤੋਂ ਆਜ਼ਾਦ ਕਰਵਾਉਣ ਲਈ ਇਸ ਨੂੰ ਮੁੜ ਉਹਨਾਂ ਮਹਾਨ ਸਿਧਾਂਤਾਂ ਅਤੇ ਕੌਮੀ ਰੂਪ ਰੇਖਾ ਅਨੁਸਾਰ ਸਥਾਪਿਤ ਕਰਨ ਦਾ ਮੌਕਾ ਮਿਲਿਆ ਹੈ ਜਿਸ ਦੀ ਸਥਾਪਨਾ ਉਹਨਾਂ ਦੇ ਸਤਿਕਾਰਯੋਗ ਦੂਰਅੰਦੇਸ਼ ਪੁਰਖਿਆਂ ਨੇ 14 ਦਸੰਬਰ, 1920 ਨੂੰ ਕੀਤੀ ਸੀ । ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਅਤੇ ਸਮੂਹ ਸਬੰਧਿਤ ਧਿਰਾਂ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਰੀਝਾਂ, ਆਸ਼ਾਵਾਂ ਅਤੇ ਅਭਿਲਾਸ਼ਾਵਾਂ ਦੀ ਪ੍ਰਾਪਤੀ ਅਤੇ ਪੂਰਤੀ ਦਾ ਪ੍ਰਤੀਕ ਹੋਵੇਗਾ।
ਉਹਨਾਂ ਕਿਹਾ ਕਿ ਇਸ ਸ਼ਾਨਾਮੱਤੇ, ਅਜ਼ੀਮ ਕੁਰਬਾਨੀਆਂ ਦੇ ਲਖਾਇਕ ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਮੋਹਰੀ ਭੂਮਿਕਾ ਨਿਭਾਈ ਅਤੇ ਅਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਫਲ ਮੋਰਚੇ ਲਗਾਏ,ਪੰਜਾਬ ਨੂੰ ਪ੍ਰੋਗਰੈਸਿਵ ਸਰਕਾਰਾਂ ਅਤੇ ਸ਼ਾਸ਼ਨ ਪ੍ਰਦਾਨ ਕਰਕੇ ਦੇਸ਼ ਦਾ ਨੰ. ਇੱਕ ਰਾਜ ਬਣਾਇਆ ਲੇਕਿਨ ਇਸ ਕਾਂਗਰਸ ਪਾਰਟੀ ਤੋਂ ਬਾਅਦ ਦੂਸਰੇ ਪੁਰਾਣੇ ਰਾਜਨੀਤਿਕ ਦਲ ਦਾ ਪ੍ਰੋਗਰੈਸਿਵ, ਗੁਰਮਤਿ ਆਸ਼ੇ ਵਿੱਚ ਪ੍ਰਪੱਕਤਾ ਅਤੇ ਸਿੱਖ ਪੰਥ ਅਤੇ ਸਮੂਹ ਪੰਜਾਬੀਆਂ ਨਿਰਸੁਆਰਥ ਤੌਰ ਤੇ ਸਮਰਪਿਤ ਮੁਹਾਂਦਰਾ ਉਸ ਦਿਨ ਤੋਂ ਬਦਸੂਰਤ ਹੋਣਾ ਸ਼ੁਰੂ ਹੋ ਗਿਆ ਜਦੋਂ ਉਹ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰੰਕੁਸ਼ਤਾ ਦਾ ਗੋਲਾ ਬਣ ਗਿਆ।
ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਏਕਾਧਿਕਾਰ, ਨਿਰੰਕੁਸ਼ਤਾ, ਅਤਿ ਦੇ ਭਿ੍ਰਸ਼ਟਾਚਾਰ ਅਤੇ ਹੰਕਾਰ ਨੇ ਇਸ ਪੰਥਕ ਰਾਜਨੀਤਿਕ ਦਲ ਦੇ ਨਾਲ-ਨਾਲ ਵਿਸ਼ਵ ਅੰਦਰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਮਹਾਨ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰਾਂ ਆਪਣੀ ਦਾਸੀ ਬਣਾ ਲਿਆ ਜਿਸ ਦੀ ਤਾਜ਼ਾ ਮੂੰਹ ਬੋਲਦੀ ਮਿਸਾਲ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਂ ਘੁਟਾਲਾ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ‘ਗੁਰੂ ਦੀ ਗੋਲਕ, ਗਰੀਬ ਦੇ ਮੂੰਹ‘ ਨੂੰ ਆਪਣਾ ਨਿਜੀ ਖਜਾਨਾ ਬਣਾ ਲਿਆ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਦਰ ਤੇ ਖੜੇ ਰਹਿਣ ਵਾਲੇ ਦਾਸਰੇ ਬਣਾ ਕੇ ਇਹਨਾਂ ਮਹਾਨ ਪੰਥਕ ਸੰਸਥਾਵਾਂ ਨੂੰ ਆਪਣੀ ਏਕਾਧਿਕਾਰਵਾਦੀ, ਨਿਰੰਕੁਸ਼ ਅਤੇ ਹੰਕਾਰ ਭਰੀ ਰਾਜਨੀਤਿਕ ਬੇਅਦਬੀ ਦਾ ਸ਼ਿਕਾਰ ਬਣਾਇਆ। ਜੋ ਵੀ ਰਾਜਨੀਤਿਕ ਜਾਂ ਧਾਰਮਿਕ ਆਗੂ ਉਨਾਂ ਦੀ ਤਾਨਾਸ਼ਾਹੀ ਕਾਰਗੁਜ਼ਾਰੀ ਨੂੰ ਚੁਣੌਤੀ ਦੇਣ ਦੀ ਹਿੰਮਤ ਜੁਟਾਉਂਦਾ, ਉਸਦਾ ਰਾਜਨੀਤਿਕ ਸਿਰ, ਰੁਤਬਾ, ਵਜੂਦ ਕਲਮ ਕਰ ਦਿੱਤਾ ਜਾਂਦਾ। ਸਾਡੇ ਨਾਲ ਵੀ ਬਾਦਲ ਪਰਿਵਾਰ ਨੇ ਅਜਿਹਾ ਕਰਨ ਦੀ ਹਮਾਕਤ ਕੀਤੀ ਹੈ ਲੇਕਿਨ ਸਚਾਈ ਇਹ ਹੈ ਕਿ ਸਥਾਪਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜੋ ਰਾਜਨੀਤਿਕ, ਧਾਰਮਿਕ ਅਤੇ ਸੱਭਿਆਚਾਰਕ ਤੌਰ ਤੇ ਸਿੱਖ ਪੰਥ ਦਾ ਘਾਣ ਕੀਤਾ ਹੈ ਉਸ ਨੂੰ ਨਾਂ ਤਾਂ ਦੇਸ਼-ਵਿਦੇਸ਼ ਵਸਦੀ ਸਮੂਹ ਸਿੱਖ ਸੰਗਤ ਅਤੇ ਨਾਂ ਹੀ ਸਾਡਾ ਇਹ ਸ਼੍ਰੋਮਣੀ ਅਕਾਲੀ ਦਲ ਮੁਆਫ ਕਰੇਗਾ। ਜੋ ਗਲਤੀਆਂ ਅਤੇ ਬੇਵਕੂਫੀਆਂ ਸੱਤਾ ਅਤੇ ਹੰਕਾਰ ਦੇ ਨਸ਼ੇ ਵਿੱਚ ਇਸ ਦਲ ਦੇ ਸਿਰਮੌਰ ਆਗੂਆਂ ਨੇ ਕੀਤੀਆਂ ਹਨ ਉਹਨਾਂ ਲਈ ਉਹ ਹੁਣ ਖਾਮਿਆਜ਼ਾ ਭੁਗਤਣ ਲਈ ਤਿਆਰ ਰਹਿਣ । ਕੋਈ ਸੱਚਾ ਸਿੱਖ ਅਤੇ ਪੰਜਾਬੀ ਸੌਦਾ ਸਾਧ ਦੀ ਮੁਆਫੀ, ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੀ ਸਿੱਖ ਸੰਗਤ ਤੇ ਜਰਨਲ ਡਾਇਰ ਵਾਂਗ ਜ਼ਾਲਮਾਨਾ ਤਰੀਕੇ ਨਾਲ ਕੀਤੀ ਗੋਲੀਬਾਰੀ ਜਿਸ ਵਿੱਚ 2 ਸਿੱਖ ਨੌਜਵਾਨ ਸ਼ਹੀਦ ਹੋ ਗਏ ਅਤੇ ਅਨੇਕਾਂ ਸਿੱਖ ਜ਼ਖਮੀ ਹੋ ਗਏ ਨੂੰ ਸਹਿਣ ਨਹੀ ਕਰ ਸਕਦਾ। ਇਹ ਅਕਾਲੀ ਦਲ ਇਹਨਾਂ ਪਾਪਾਂ ਦੇ ਭਾਗੀਦਾਰਾਂ ਅਤੇ ਜੁੰਮੇਵਾਰਾਂ ਨੂੰ ਬਣਦੀਆਂ ਸਜ਼ਾਵਾਂ ਤੱਕ ਅੰਜਾਮ ਦੇਵੇਗਾ। ਇਸ ਲਈ ਅਸੀਂ ਸਿੱਖ ਸੰਗਤ ਅਤੇ ਦੇਸ਼ ਦੀ ਅਦਾਲਤ ਵਿੱਚ ਜਾਵਾਂਗੇ। ਅਸੀਂ ਆਪਣੇ ਗੁਰੂਆਂ ਅਤੇ ਸਿਰਲੱਥ ਯੋਧਿਆਂ ਦੇ ਜਾਹੋਜਲਾਲ, ਨਿਡਰਤਾ, ਤੇਜਪ੍ਰਤਾਪ, ਪ੍ਰਤਿਭਾਸ਼ਾਲੀ ਦੂਰਅੰਦੇਸ਼ ਉਪਦੇਸ਼ਾਂ ਅਤੇ ਕਰਮਸ਼ੀਲਤਾ ਦਾ ਓਟ-ਆਸਰਾ ਲੈ ਕੇ ਇਸ ਬਾਦਲ ਪਰਿਵਾਰ ਦੇ ਏਕਾਧਿਕਾਰ ਅਤੇ ਨਿਰੰਕੁਸ਼ਤਾ ਤੋਂ ਇਹਨਾਂ ਮਹਾਨ ਸੰਸਥਾਵਾਂ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਪੰਥ, ਸੰਗਤ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਸਾਹਮਣੇ ਰੂ-ਬ-ਰੂ ਹਾਂ। ਉਹਨਾਂ ਕਿਹਾ ਕਿ ਆਉ ਸਿਰਲੱਥ ਖਾਲਸਾ ਜੀ ਅਤੇ ਨਿਡਰ ਪੰਜਾਬੀ ਸੂਰਮਿਉਂ, ਅੱਜ ਇਹ ਸੰਕਲਪ ਲਈਏ:
“ਕਦੇ ਨਾ ਰੁਕ ਕੇ ਕੰਡਾ ਕੱਢਿਆ, ਜ਼ਖਮ ਕਦੇ ਨਾ ਸੀਤਾ ਮੈਂ,
ਕਦੇ ਨਾ ਪਿੱਛੇ ਮੁੜ ਕੇ ਤੱਕਿਆ, ਕੂਚ ਜਦੋਂ ਵੀ ਕੀਤਾ ਮੈਂ“
ਉਹਨਾਂ ਕਿਹਾ ਕਿ ਪਿਆਰੇ ਖਾਲਸਾ ਜੀ ਸਤਿਕਾਰਤ ਪੰਜਾਬੀਉ, ਅਸੀਂ ਮੋਟੇ ਤੌਰ ਤੇ ਇੱਕ ਐਸਾ ਸ਼੍ਰੋਮਣੀ ਅਕਾਲੀ ਦਲ ਗਠਨ ਕਰਨ ਦਾ ਇਸ ਅਲੌਕਿਕ ਅਜ਼ੀਮ ਸੰਸਥਾ, ਸ਼੍ਰੀ ਅਕਾਲ ਤਖਤ ਸਾਹਿਬ ਦਾ ਓਟ-ਆਸਰਾ ਲੈ ਕੇ ਪ੍ਰਣ ਕਰ ਰਹੇ ਹਾਂ ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਹੋਵੇਗਾ ਅਤੇ ਜੋ ਸਮੂਹ ਪੰਥ ਅਤੇ ਪੰਜਾਬੀਆਂ ਦੇ ਪਵਿੱਤਰ ਹੱਕਾਂ ਅਤੇ ਹਿਤਾਂ ਦੀ ਰਾਖੀ ਕਰਦਾ ਉਨਾਂ ਨੂੰ ਉਹ ਮੂਲ-ਢਾਂਚਾ, ਮੁੱਖ-ਸਾਧਨ ਅਤੇ ਲੋੜੀਂਦਾ ਤਾਣਾ-ਬਾਣਾ ਮੁਹੱਈਆ ਕਰਵਾਏਗਾ ਜਿਸਦੀ ਹਰ ਆਧੁਨਿਕ ਵਿਅਕਤੀ ਇੱਛਾ ਰੱਖਦਾ ਹੈ। ਇਹ ਅਕਾਲੀ ਦਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰੋਲ ਧਰਮੀ ਅਤੇ ਧਾਰਮਿਕ ਵਿਸ਼ਿਆਂ ਤੱਕ ਸੀਮਿਤ ਕਰੇਗਾ। ਸ਼ੋ੍ਰਮਣੀ ਕਮੇਟੀ ਦਾ ਉਮੀਦਵਾਰ ਜਾਂ ਮੈਂਬਰ ਰਾਜ ਅਸੈਂਬਲੀ ਜਾਂ ਪਾਰਲੀਮੈਂਟ ਲਈ ਉਮੀਦਵਾਰ ਨਹੀਂ ਬਣਾਇਆ ਜਾਵੇਗਾ। ਇਹ ਪੱਕੇ ਤੌਰ ਤੇ ਨਿਰੋਲ ਖੁਦਮੁਖਤਿਆਰ ਸੰਸਥਾ ਵਜੋਂੇ ਵਿਚਰੇਗੀ। ਇਸ ਦੇ ਕੋ-ਆਪਟ ਮੈਂਬਰਾਂ ਵਿੱਚ ਵਿਦੇਸ਼ੀ ਸਿੱਖਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤ ਸਾਹਿਬਾਨਾਂ ਦੇ ਜਥੇਦਾਰ ਰਾਜਨੀਤੀ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਤੇ ਦਬਾਅ ਤੋਂ ਮੁਕਤ ਕੀਤੇ ਜਾਣਗੇ। ਉਨਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਸੇਵਾ ਮੁਕਤੀ ਅਤੇ ਗੁਜ਼ਾਰਾ ਭੇਟਾ ਸਿੱਖ ਵਿਦਵਾਨਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਤਹਿ ਕੀਤੇ ਜਾਣਗੇ। ਗੁਰੂਦੁਆਰਿਆਂ ਦੇ ਪ੍ਰਬੰਧ ਵਿੱਚੋਂ ਜਾਤ-ਪਾਤ, ਊਚ-ਨੀਚ ਖਤਮ ਕੀਤੀ ਜਾਵੇਗੀ। ਹਰ ਪਿੰਡ ਵਿੱਚ ਇੱਕੋ ਗੁਰੂਦੁਆਰਾ ਸਾਹਿਬ ਅਤੇ ਇੱਕੋ ਸ਼ਮਸ਼ਾਨਘਾਟ ਨਿਸ਼ਚਿਤ ਕੀਤੇ ਜਾਣਗੇ। ਇਹ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਭਾਰਤ ਅੰਦਰ ਸਹੀ ਫੈਡਰਲ ਢਾਂਚੇ ਅਤੇ ਸ਼ਕਤੀਆਂ ਦੇ ਵਿਕੇਂਦਰੀਕਰਨ ਦੀ ਤਰਜ਼ਮਾਨੀ ਕਰੇਗਾ। ਮੂਲ ਰੂਪ ਵਿੱਚ ਰਾਜ ਸੂਚੀ ਅੰਦਰ ਉਹਨਾਂ ਸਾਰੇ ਵਿਸ਼ਿਆਂ ਦੀ ਬਹਾਲੀ ਲਈ ਸੰਘਰਸ਼ ਕਰੇਗਾ ਜੋ ਕੇਂਦਰਵਾਦੀ ਰਾਸ਼ਟਰੀ ਸਰਕਾਰਾਂ ਨੇ ਸਮਵਰਤੀ ਸੂਚੀ ਵਿੱਚ ਤਬਦੀਲ ਕੀਤੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ, ਪੰਜਾਬੀ ਬੋਲਦੇ ਇਲਾਕਿਆਂ ਜੋ ਗੁਆਂਢੀ ਸੂਬਿਆ ਵਿੱਚ ਸ਼ਿਫਟ ਕੀਤੇ ਗਏ, ਦਰਿਆਈ ਹੈੱਡਵਰਕਸਾਂ ਤੇ ਪੰਜਾਬ ਦੇ ਅਧਿਕਾਰ, ਦਰਿਆਈ ਪਾਣੀਆਂ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਨਿਰਣਾਇਕ ਸੰਘਰਸ਼ ਕਰੇਗਾ। ਪੰਜਾਬ ਦੇ ਨੌਜਵਾਨਾਂ ਨੂੰ ਨਿਰਾਸ਼ਤਾ ਅਤੇ ਬੇਰੋਜ਼ਗਾਰੀ ਕਰਕੇ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਰਾਜ ਅੰਦਰ ਭਰਪੂਰ ਵਸੀਲੇ ਪੈਦਾ ਕਰੇਗਾ। ਪੰਜਾਬ ਨੂੰ ਵਧੀਆ, ਭਿ੍ਰਸ਼ਟਾਚਾਰ ਰਹਿਤ, ਪਾਰਦਰਸ਼ੀ ਅਤੇ ਜਵਾਬਦੇਹ ਸ਼ਾਸਨ ਪ੍ਰਦਾਨ ਕਰੇਗਾ ਤਾਂ ਕਿ ਵਿਸ਼ਵ ਦੇ ਵਿਕਸਿਤ ਰਾਜਾਂ ਦਾ ਹਾਣੀ ਬਣ ਸਕੇ। ਸਿੱਖਿਆ, ਸਿਹਤ, ਬੇਰੋਜ਼ਗਾਰੀ, ਨਸ਼ਾਮੁਕਤ ਪੰਜਾਬ, ਕਿਸਾਨੀ, ਖੇਤ ਮਜ਼ਦੂਰਾਂ, ਪ੍ਰਦੂਸ਼ਣ ਮੁਕਤ ਪੰਜਾਬ, ਐਗਰੋ ਅਤੇ ਫੂਡ ਪ੍ਰੋਸੈਸਿੰਗ ਸਨਅਤ ਵਿਸ਼ਿਆਂ ਤੇ ਧਿਆਨ ਕੇਂਦਰਤ ਕਰੇਗਾ। ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਸਹੀ ਅਰਥਾਂ ਵਿੱਚ ਰਾਜ ਭਾਸ਼ਾ-ਸਿੱਖਿਆ ਦੀ ਮਾਧਿਅਮ ਭਾਸ਼ਾ ਬਣਾਇਆ ਜਾਵੇਗਾ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲਿਅਨਿ ਤਿਥੈ ਨਦਰਿ ਤੇਰੀ ਬਖਸੀਸ।।
ਗੁਰਵਾਕ ਅਨੁਸਾਰ ਐੱਸ. ਸੀ., ਬੀ. ਸੀ., ਇਸਾਈ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਉਹਨਾਂ ਦੀ ਰੇਸ਼ੋ ਅਨੁਸਾਰ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ ਭਾਈਚਾਰੇ ਦੀ ਕਰੀਬ 32 ਪ੍ਰਤੀਸ਼ਤ ਆਬਾਦੀ ਹੋਣ ਕਰਕੇ ਇਹ ਅਕਾਲੀ ਦਲ ਜੇ ਸੱਤਾ ਵਿੱਚ ਆਉਂਦਾ ਹੈ ਤਾਂ ਉਨਾਂ ਦਾ ਪ੍ਰਤੀਨਿਧ ਉਪ ਮੁੱਖ-ਮੰਤਰੀ ਵਜੋਂ ਨਿਯੁਕਤ ਕਰੇਗਾ। ਉਹਨਾਂ ਸਿੱਖਾਂ ਨੂੰ ਅਪੀਲ ਕਰਦਿਆਂ ਆਖਿਆ ‘‘ਓ ਸਿੱਖੋ, ਸਿਰਲੱਥ ਸੰਘਰਸ਼ਸ਼ੀਲ ਯੋਧਿਓ, ਓ ਪੰਜਾਬੀਓ ਨਿਡਰ ਸੂਰਮਿਓ ਜੇ ਗੁਰਮਤਿ ਆਸ਼ੇ ਅਨੁਸਾਰ ਹਰ ਮੈਦਾਨ ਵਿੱਚ ਫਤਿਹ ਚਾਹੁੰਦੇ ਹੋ ਤਾਂ ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਪ੍ਰਧਾਨ ਦੀ ਅਗਵਾਈ ਹੇਠ ਇੱਕਜੁਟ ਹੋ ਜਾਉ। ਭਵਿੱਖ ਵਿੱਚ ਇੱਕ ਸੁਹਣੇ, ਨਿਰਾਲੇ, ਮਜ਼ਬੂਤ ਅਤੇ ਆਤਮਨਿਰਭਰ ਨੰਬਰ ਇੱਕ ਪੰਜਾਬ ਦੀ ਸਿਰਜਣਾ ਕਰੀਏ। ’’ ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


