ਰਾਜਸਥਾਨ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ

ਮੋਗਾ,19 ਦਸੰਬਰ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਦੀ ਦੇਖ ਰੇਖ ਵਿਚ ਕਰਵਾਇਆ ਗਿਆ ਜਿਸ ਵਿਚ ਰਾਜਸਥਾਨ ਦੀਆਂ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ।
ਬੀਕਾਨੇਰ ਘਰਸਾਣਾ ਰੋਡ ’ਤੇ 56 ਜੀ ਬੀ ਬੀ ਨੇੜੇ ਰਾਮ ਸਿੰਘ ਪੁਰ ਵਿਖੇ ਤਾਮੀਰ ਕੀਤੇ ਗਏ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ‘ਚ 5 ਦਸੰਬਰ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਅਤੇ 11 ਦਸੰਬਰ ਨੂੰ ਸੰਪੂਰਨਤਾ ਮੌਕੇ ਵਿਸ਼ਾਲ ਦੀਵਾਨ ਸਜਾਏ ਗਏ । ਇਸ ਮੌਕੇ ਭਾਈ ਇਕਬਾਲ ਸਿੰਘ ਜੀ ਲੰਗੇਆਣਾ ਨੇ ਗੁਰਬਾਣੀ ਗਾਇਨ ਰਾਹੀਂ ਸੰਗਤਾਂ ਨੂੰ ਗੁਰੂਘਰ ਨਾਲ ਜੋੜਿਆ ਜਦਕਿ ਉੱਘੇ ਕਵੀਸ਼ਰ ਜੁਗਰਾਜ ਸਿੰਘ ਮੌੜ ਵਾਲਿਆਂ ਦੇ ਜਥੇ ਨੇ ਸਿੱਖ ਇਤਿਹਾਸ ਦੇ ਬਿਰਤਾਂਤਾਂ ਰਾਹੀਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਕੀਤੀ ।
ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦਾ ਦਿਨ ਭਾਗਾਂ ਵਾਲਾ ਹੈ ਜਦੋਂ ਇਸ ਗੁਰਦੁਆਰਾ ਸਾਹਿਬ ਵਿਚ ਪਹਿਲੀ ਵਾਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ । ਉਹਨਾਂ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਸਾਨੂੰ ਉਹਨਾਂ ਦੇ ਦਿੱਤੇ ਫਲਸਫ਼ੇ ‘ਸਰਬੱਤ ਦਾ ਭਲਾ’ ’ਤੇ ਚਲਦਿਆਂ ਆਪਣੇ ਜੀਵਨ ਸਫ਼ਲੇ ਕਰਨੇ ਚਾਹੀਦੇ ਹਨ । ਸਮਾਗਮ ਦੌਰਾਨ ਮਾਸਟਰ ਪਲਵਿੰਦਰ ਸਿੰਘ ,ਜਗੀਰ ਸਿੰਘ ,ਗੁਰਦੇਵ ਸਿੰਘ,ਡਾ: ਗੁਰਮੀਤ ਸਿੰਘ,ਬਿਰਜੂ ਕੁਮਾਰ,ਜਸਵਿੰਦਰ ਸਿੰਘ,ਨਿਰਮਲ ਸਿੰਘ ਆਦਿ ਪਤਵੰਤਿਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


