ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ 21 ਬੱਚਿਆਂ ਸਮੇਤ ਕੁੱਲ 35 ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 23 ਜਨਵਰੀ (ਟਿੰਕੂ ਪਰਜਾਪਤ) :- ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਵੱਲੋੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੈਤੋ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਉਘੇ ਸਮਾਜਸੇਵੀ ਅਨਿਲ ਕੁਮਾਰ ਅਗਰਵਾਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ 21 ਵਿਦਿਆਰਥੀ/ਵਿਦਿਆਰਥਣਾ ਤੋਂ ਇਲਾਵਾ ਸੁਸਾਇਟੀ ਵੱਲੋਂ ਵੱਖਰੇ ਤੌਰ ’ਤੇ 14 ਹੋਰ ਬੱਚਿਆਂ ਦਾ ਵੀ ਸਨਮਾਨ ਕੀਤਾ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸਮਾਗਮ ’ਚ ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਸ਼ੌਕ ਕੌਸ਼ਲ, ਪ੍ਰੈਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਪਟਵਾਰੀ ਗੁਰਚਰਨ ਸਿੰਘ ਬਰਾੜ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਦੱਸਿਆ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਣ ਵਾਲਾ ਸਮਾਂ ਬੜੀ ਤਿਲਕਣਬਾਜੀ ਵਾਲਾ ਹੁੰਦਾ ਹੈ, ਇਸ ਲਈ ਸਾਨੂੰ ਕੋਈ ਵੀ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਾਪਿਆਂ ਦੀ ਇੱਜਤ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦੱਸਿਆ ਕਿ ਟੀਚਾ ਸਰ ਕਰਨ ਲਈ ਜੇਕਰ ਸਾਡੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ ਡਾ. ਅਬਦੁਲ ਕਲਾਮ ਨੂੰ ਅਨੇਕਾਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਅੱਜ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੇ ਲੋਕ ਡਾ. ਅਬਦੁਲ ਕਲਾਮ ਦਾ ਨਾਮ ਵੀ ਬੜੇ ਮਾਣ ਸਤਿਕਾਰ ਨਾਲ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਭਾਂਵੇ ਦੇਸ਼ ਵਿਰੋਧੀ ਤਾਕਤਾਂ ਦੀ ਮਨਸ਼ਾ ਪੁਰਾਤਨ ਕਾਲ ਤੋਂ ਸਾਡਾ ਨੁਕਸਾਨ ਕਰਨ ਦੀ ਬਣੀ ਹੋਈ ਹੈ ਤੇ ਹੁਣ ਵੀ ਸਮਾਜ ਵਿਰੋਧੀ ਅਨਸਰ ਸਾਡਾ ਨੁਕਸਾਨ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਪਰ ਦੇਸ਼ ਦੀ ਆਨ-ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਪੁਰਾਤਨ ਸਮੇਂ ’ਚ ਵੀ ਦੇਸ਼ ਲਈ ਕੁਰਬਾਨ ਹੋ ਜਾਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਤੇ ਅੱਜ ਵੀ ਆਪਣੀ ਜਾਨ ਜੋਖਮ ’ਚ ਪਾ ਕੇ, ਸੁੱਖ ਅਰਾਮ ਤਿਆਗ ਕੇ, ਹਰ ਚੁਣੌਤੀ ਦਾ ਸਾਹਮਣਾ ਕਰਨ, ਮੂੰਹ ਤੋੜ ਜਵਾਬ ਦੇਣ ਵਾਲਿਆਂ ਦੀ ਗਿਣਤੀ ਕੋਈ ਘੱਟ ਨਹੀਂ। ਮਾ. ਅਸ਼ੌਕ ਕੌਸ਼ਲ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਦੇਸ਼ ਦੀ ਅਜਾਦੀ ਲਈ ਪਾਏ ਯੋਗਦਾਨ ਅਤੇ ਕੁਰਬਾਨੀ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ। ਮਾ ਸੋਮਇੰਦਰ ਸਿੰਘ ਸੁਨਾਮੀਂ ਵੱਲੋਂ ਇਤਿਹਾਸਿਕ, ਸਮਾਜਿਕ ਅਤੇ ਆਮ ਵਰਤਾਰੇ ਨਾਲ ਜੁੜੇ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ 11 ਬੱਚਿਆਂ ਨੂੰ 100-100 ਰੁਪਏ ਪ੍ਰਤੀ ਬੱਚਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਪੁੱਜੇ ਉੱਘੇ ਸਮਾਜਸੇਵੀਆਂ ਸ਼ਗਨ ਕਟਾਰੀਆ, ਮਨਜੀਤ ਸਿੰਘ ਢੱਲਾ ਅਤੇ ਨਿਰਭਓਪ੍ਰੀਤ ਸਿੰਘ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਮਾ ਸੁਖਮੰਦਰ ਸਿੰਘ ਰਾਮਸਰ, ਪਿੰ੍ਰ. ਦਰਸ਼ਨ ਸਿੰਘ, ਸੰਜੀਵ ਕੁਮਾਰ ਬਿੱਟੂ, ਤਰਸੇਮ ਨਰੂਲਾ, ਅਤੇ ਸ਼ਾਮ ਲਾਲ ਚਾਵਲਾ ਦੀ ਅਗਵਾਈ ਹੇਠ ਸਕੂਲ ਮੁਖੀ ਜਸਵੰਤ ਸਿੰਘ ਬਰਾੜ ਸਮੇਤ ਸਮੁੱਚੇ ਸਟਾਫ ਅਤੇ ਮੁੱਖ ਮਹਿਮਾਨ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ ਮੁਖੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਇਸ ਸਕੂਲ ’ਚ ਅਜਿਹੇ ਸਮਾਗਮ ਕਰਾਉਂਦੇ ਰਹਿਣ ਦਾ ਸੱਦਾ ਦਿੱਤਾ।


