ਸੰਜੀਵ ਕੋਛੜ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ’ਤੇ ਸ਼੍ਰੀ ਕੇਜਰੀਵਾਲ ਦਾ ਕੀਤਾ ਧੰਨਵਾਦ

ਧਰਮਕੋਟ,21 ਜੁਲਾਈ (ਜਸ਼ਨ)- ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਦੇ ਲੋਕਾਂ ਦੀ ਨਵਜ਼ ਨੂੰ ਭਾਂਪਦਿਆਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਚੁਣ ਕੇ ਬਹੁਤ ਹੀ ਸ਼ਾਨਦਾਰ ਫੈਸਲਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੁਮਾਰ ਕੋਛੜ ਨੇ ਵਿਸ਼ੇਸ਼ ਪ੍ਰੈਸ ਮੀਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਹਨਾਂ ਨੇ ਸ: ਖਹਿਰਾ ਦੀ ਕਾਬਲੀਅਤ ਨੂੰ ਸਮਝਦਿਆਂ ਉਹਨਾਂ ਨੂੰ ਇਹ ਵੱਡੀ ਜ਼ਿਮੇਵਾਰੀ ਸੌਂਪੀ ਹੈ। ਕੋਛੜ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਵਜੋਂ ਲੋਕਾਂ ਦੀ ਆਵਾਜ਼ ਵਧੀਆ ਢੰਗ ਨਾਲ ਵਿਧਾਨ ਸਭਾ ਵਿਚ ਰੱਖਣਗੇ ਕਿਉਂਕਿ ਉਹਨਾਂ ਦਾ ਬਚਪਨ ਰਾਜਨੀਤੀਕ ਮਾਹੌਲ ਵਿਚ ਵਿਚਰਦਿਆਂ ਗੁਜ਼ਰਿਆ ਹੈ । ਕੋਛੜ ਨੇ ਕਿਹਾ ਕਿ ਸੁਖਪਾਲ ਖਹਿਰਾ ਜਾਣਦੇ ਹਨ ਕਿ ਕਿਵੇਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਅਤੇ ਕਾਂਗਰਸ ਨੇ ਅੱਜ ਤੱਕ ਪੰਜਾਬ ਵਿਚ ਰਾਜ ਕਰਦਿਆਂ ਪੰਜਾਬ ਦੇ ਹਿਤਾਂ ਨੂੰ ਅਖੋਂ-ਪਰੋਖੇ ਕੀਤਾ । ਕੋਛੜ ਨੇ ਕਿਹਾ ਕਿ ਸ: ਖਹਿਰਾ ਦੋਹਾਂ ਪਾਰਟੀਆਂ ਦੇ ਰਾਜ ਕਰਨ ਦੇ ਤਰੀਕੇ ਤੋਂ ਭਲੀ ਭਾਂਤ ਵਾਕਿਫ਼ ਹਨ ਅਤੇ ਉਹ ਨਾ ਸਿਰਫ ਲੋਕਾਂ ਦੇ ਮੱਸਲਿਆਂ ਨੂੰ ਵਿਧਾਨ ਸਭਾ ਵਿਚ ਉਠਾਉਣਗੇ ਬਲਕਿ ਉਹ ਸੂਬੇ’ਚ ਸੱਤਾ ’ਚ ਆਈ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਗੇ। ਕੋਛੜ ਨੇ ਆਖਿਆ ਕਿ ਖਹਿਰਾ ਦੇ ਵਿਰੋਧੀ ਧਿਰ ਦੇ ਨੇਤਾ ਬਣਨ ਨਾਲ ਸਾਰੇ ਪੰਜਾਬ ਦੇ ਨਾਲ ਨਾਲ ਪਰਵਾਸੀ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।