ਸੰਤ ਬਾਬਾ ਗੁਰਦੀਪ ਸਿੰਘ ਦੀ ਮਾਤਾ ਮੁਖਤਿਆਰ ਕੌਰ ਨੂੰ ਵੱਖ ਵੱਖ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਨੇ ਭੇਂਟ ਕੀਤੀਆ ਸ਼ਰਧਾਂਜਲੀਆਂ, ਦੇਸ ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜਰੀ

ਬਾਘਾਪੁਰਾਣਾ,25 ਦਸੰਬਰ (ਜਸ਼ਨ )-ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਸਤਿਕਾਰ ਯੋਗ ਮਾਤਾ ਮੁਖਤਿਆਰ ਕੌਰ ਜੀ ਚੰਦਪੁਰਾਣਾ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿਤ ਪਰਕਾਸ ਕੀਤੇ ਗਏ ਸਹਿਜ ਪਾਠ ਦਾ ਭੋਗ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਨੇੜੇ ਬਾਘਾ ਪੁਰਾਣਾ (ਮੋਗਾ)ਵਿਖੇ ਪਾਇਆ ਗਿਆ। ਇਸ ਮੌਕੇ ਰਾਗੀ ਭਾਈ ਇਕਬਾਲ ਸਿੰਘ ਲੰਗੇਆਣਾ ਦੇ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁੱਚਾ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ। ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਵਲੋਂ ਜਿਥੇ ਹੁਕਮਨਾਵਾਂ ਸੁਣਾਇਆ ਗਿਆ ਉਥੇ ਮਾਤਾ ਮੁਖਤਿਆਰ ਕੌਰ ਜੀ ਦੇ ਸ਼ਖ਼ਸੀਅਤ ਬਾਰੇ ਚਾਨਣਾ ਪਾਉਦਿਆਂ ਕਿਹਾ ਕਿ ਧੰਨਤਾ ਦੇ ਯੋਗ ਹੁੰਦੀਆਂ ਨੇ ਉਹ ਮਾਵਾਂ ਜਿਨਾਂ ਦੀ ਸੁਲੱਖਣੀ ਕੁਖੋਂ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਅਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਰਗੇ ਮਹਾਂਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਜਿਥੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਉਥੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋਏ । ਸੋ੍ਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਮੁਖ਼ਤਿਆਰ ਕੌਰ ਦੀ ਕੁੱਖ ਚੋਂ ਮਹਾਂ ਪੁਰਸ਼ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਨੇ ਜਨਮ ਲਿਆ ਤੇ ਇਸ ਸਥਾਨ ਦੀ ਸੇਵਾ ਕੀਤੀ। ਜਦੋਂ ਸੇਵਾ ਸ਼ੁਰੂ ਕੀਤੀ ਮੈਨੂੰ ਯਾਦ ਆ ਕਿ ਇੱਕ ਬੜਾ ਛੋਟਾ ਸਥਾਨ ਸੀ ਤੇ ਬਾਬਾ ਜੀ ਉਹਨਾਂ ਦੀ ਮਹਾਨ ਕਿਰਪਾ ਦੇ ਨਾਲ ਅੱਜ ਇਸ ਅਸਥਾਨ ਤੇ ਦੂਰੋਂ ਨੇੜਿਓਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਇਸੇ ਤਰ੍ਹਾਂ ਮੌਜੂਦ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਨੇ ਲੋਕਾਂ ਦੀ ਸੇਵਾ ਲਈ ਰਾਜਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਕੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਉੱਥੇ ਵੀ ਲੱਖਾਂ ਲੋਕ ਆਉਂਦੇ ਨੇ ਤੇ ਇਥੇ ਵੀ ਲੱਖਾਂ ਲੋਕ ਆਉਂਦੇ ਨੇ ਤੇ ਹਜ਼ਾਰਾਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ । ਇਹ ਸਭ ਮਾਤਾ ਮੁਖ਼ਤਿਆਰ ਕੌਰ ਜੀ ਦੇ ਦਿੱਤੇ ਚੰਗੇ ਸੰਸਕਾਰਾਂ ਦੇ ਕਾਰਨ ਹੋਇਆ।ਉਘੇ ਸਮਾਜ ਸੇਵੀ ਮਾਲਵਿਕਾ ਸੂਦ ਮੋਗਾ ਨੇ ਕਿਹਾ ਕਿ ਜਦੋਂ ਕੋਈ ਇਨਸਾਨ ਜਨਮ ਲੈਂਦਾ ਤੇ ਉਹਦੇ ਪਿੱਛੇ ਉਹਦੀ ਮਾਂ ਹੁੰਦੀ ਹੈ ਅਤੇ ਉਨਾਂ ਦੇ ਚੰਗੇ ਸੰਸਕਾਰ ਹੁੰਦੇ ਹਨ ਜਿਹਦੇ ਕਾਰਨ ਆਪਾਂ ਨੇਕ ਕੰਮ ਕਰਦੇ ਹਾਂ ਅਤੇ ਇਹ ਸਭ ਤਾਂ ਹੀ ਹੋ ਰਿਹਾ ਹੈ ਕਿ ਮਾਤਾ ਮੁਖ਼ਤਿਆਰ ਕੌਰ ਜੀ ਨੇ ਆਪਣੇ ਪੁੱਤਰਾਂ ਨੂੰ ਚੰਗੇ ਸੰਸਕਾਰ ਦਿੱਤੇ। ਜਿਸ ਕਾਰਨ ਅੱਜ ਇਸ ਅਸਥਾਨ ਦੀ ਸੇਵਾ ਮਹਾਂ ਪੁਰਸ਼ ਬਾਬਾ ਗੁਰਦੀਪ ਸਿੰਘ ਜੀ ਸੇਵਾ ਨਿਭਾਅ ਰਹੇ ਹਨ ਤੇ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਰਹੇ ਹਨ।ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਮਹਿੰਦਰ ਸਿੰਘ ਜਨੇਰ ਟਕਸਾਲ, ਸੰਤ ਬਾਬਾ ਦੀਪਕ ਸਿੰਘ ਉਚਾ ਡੇਰਾ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਸੰਤ ਬਾਬਾ ਸਰਬਜੋਤ ਸਿੰਘ ਭਰੋਵਾਲ, ਬਾਬਾ ਹਰਦੀਪ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਚਮੇਲੀ ਵਾਲੇ, ਬਾਬਾ ਸਤਨਾਮ ਸਿੰਘ, ਬਾਬਾ ਗੁਰਚਰਨ ਸਿੰਘ ਰੌਲੀ ਵਾਲੇ, ਬਾਬਾ ਸੋਹਣ ਸਿੰਘ ਨੇ ਵੀ ਹਾਜਰੀ ਭਰੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ, ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਮਾਤਾ ਮੁਖਤਿਆਰ ਕੌਰ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਜਿਥੇ ਗੁਰੂ ਦਾ ਲੜ ਨਹੀਂ ਛਡਿਆ ਉਥੇ ਹੀ ਹਰ ਸਮੇਂ ਗੁਰਬਾਣੀ ਦਾ ਜਾਪ ਕਰਦਿਆਂ ਬੇਸਹਾਰਾ, ਲੋੜਵੰਦਾਂ ਦੁਖੀਆਂ ਦੀ ਸੇਵਾ ਲਈ ਤੱਤਪਰ ਰਹੇ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬੜੇ ਸਹਿਜ ਅਤੇ ਸਾਦਕੀ ਨਾਲ ਬਤੀਤ ਕੀਤਾ। ਅੰਤ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਨੇ ਮਾਤਾ ਮੁਖਤਿਆਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸੰਤਾਂ ਮਹਾਂਪੁਰਸ਼ਾਂ, ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪਿੰਡਾਂ ਦੇ ਸਰਪੰਚਾਂ ਅਤੇ ਪੰਜਾਬ, ਰਾਜਸਥਾਨ ਅਤੇ ਵਿਦੇਸ਼ਾਂ ਚੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।