ਮਿਡਲ ਸਕੂਲਾਂ 'ਚ ਅਧਿਆਪਕਾਂ ਦੀ ਗਿਣਤੀ ਘਟਾਈ,ਤੀਹ ਵਿਦਿਆਰਥੀਆਂ ਤੱਕ ਦੋ, ਸੱਠ ਤੱਕ ਤਿੰਨ ਅਤੇ ਨੱਬੇ ਤੱਕ ਚਾਰ ਅਧਿਆਪਕ ਰੱਖਣ ਦਾ ਹੁਕਮ


ਮੋਗਾ , 14 ਅਪ੍ਰੈਲ ( ਜਸ਼ਨ ) : ਮਿਲ ਸਕੂਲਾਂ ਵਿਚ ਅਧਿਆਪਕਾਂ ਦੀ ਘਟਾਈ ਗਿਣਤੀ ਤੇ ਰੋਸ ਪ੍ਰਗਟ ਕਰਦਿਆਂ 
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10 ਅਪ੍ਰੈਲ 2026 ਨੂੰ ਡੀ ਐੱਸ ਈ ਦੇ ਦਸਤਖਤਾਂ ਹੇਠ ਜ਼ਾਰੀ ਹੋਏ ਪੱਤਰ ਨੰਬਰ 202696171 ਵਿੱਚ ਮਿਡਲ ਸਕੂਲਾਂ ਵਿੱਚ ਗਿਣਤੀ ਦੇ ਅਧਾਰ ਤੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਕਿਸੇ ਹੋਰ ਸਕੂਲ ਵਿੱਚੋ ਕਰਨ ਦੇ ਨਿਰਦੇਸ਼ ਜ਼ਿਲਾ ਸਿੱਖਿਆ ਅਫਸਰਾਂ ਨੂੰ ਦੇ ਦਿੱਤੇ ਹਨ |ਪੰਜਾਬੀ, ਹਿੰਦੀ, ਗਣਿਤ, ਸਾਇੰਸ, ਸਮਾਜਿਕ ਸਿੱਖਿਆ, ਅੰਗਰੇਜ਼ੀ, ਸਰੀਰਕ ਸਿੱਖਿਆ, ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਵਰਗੇ 9 ਵਿਸ਼ਿਆਂ ਨੂੰ ਹੁਣ ਸਿਰਫ 2 ਅਧਿਆਪਕ ਹੀ ਪੜਾਉਣਗੇ |ਆਗੂਆਂ ਨੇ ਦੱਸਿਆ ਕਿ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਨੂੰ ਵਿਸ਼ਾ ਅਧਿਆਪਕ ਪੜਾ ਸਕਦੇ ਹਨ ਪਰ ਇਸ ਸਰਕਾਰ ਨੇ ਮਿਡਲ ਸਕੂਲਾਂ ਨੂੰ ਪ੍ਰਾਇਮਰੀ ਸਕੂਲਾਂ ਵਾਂਗ ਸਾਰੇ ਵਿਸ਼ੇ ਇੱਕ ਜਾਂ ਦੋ ਅਧਿਆਪਕਾਂ ਨੂੰ ਪੜਾਉਣ ਦਾ ਫੁਰਮਾਨ ਜ਼ਾਰੀ ਕਰ ਦਿੱਤਾ ਹੈ |ਉਪਰੋਕਤ ਪੱਤਰ ਵਿੱਚ 30 ਦੀ ਗਿਣਤੀ ਵਾਲੇ ਮਿਡਲ ਸਕੂਲਾਂ ਵਿੱਚ 2 ਅਧਿਆਪਕ,60 ਤੱਕ 3 ਅਧਿਆਪਕ ਅਤੇ 90 ਤੱਕ 4 ਅਧਿਆਪਕ ਹੀ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਇਸ ਗਿਣਤੀ ਤੋਂ ਵਧ ਰਹੇ ਅਧਿਆਪਕਾਂ ਦਾ ਆਰਜ਼ੀ ਪ੍ਰਬੰਧ ਹੋਰ ਸਕੂਲਾਂ ਵਿੱਚ ਕਰਨ ਦਾ ਹੁਕਮ ਦਿੱਤਾ ਹੈ|
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ , ਮੀਤ ਪ੍ਰਧਾਨ  ਸਵਰਨਦਾਸ , ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ  ਝੋਰੜਾ ਸੰਯੁਕਤ ਸਕੱਤਰ  ਅਮਨਦੀਪ ਮਾਛੀਕੇ, ਜਿਲ੍ਹਾ ਵਿਤ ਸਕੱਤਰ ਗੁਰਸ਼ਰਨ ਸਿੰਘ  ਨੇ ਦੱਸਿਆ ਕਿ ਪੰਜਾਬੀ ਦਾ ਅਧਿਆਪਕ ਗਣਿਤ, ਸਾਇੰਸ, ਅੰਗਰੇਜ਼ੀ, ਸਰੀਰਕ ਸਿੱਖਿਆ, ਸਮਾਜਿਕ ਸਿੱਖਿਆ ਜਾਂ ਹਿੰਦੀ ਵਰਗੇ ਵਿਸ਼ੇ ਨੂੰ ਕਿਵੇਂ ਪੜਾਏਗਾ, ਇਸੇ ਤਰਾਂ ਹੀ ਦੂਜੇ ਵਿਸ਼ੇ ਦਾ ਅਧਿਆਪਕ ਬਾਕੀ ਵਿਸ਼ਿਆਂ ਨਾਲ ਕਿਵੇਂ ਇਨਸਾਫ਼ ਕਰੇਗਾ |ਆਗੂਆਂ ਨੇ ਕਿਹਾ ਕਿ ਮਿਡਲ ਸਕੂਲਾਂ ਵਿੱਚ ਪਹਿਲਾਂ ਹੀ ਸਿਰਫ ਚਾਰ ਵਿਸ਼ਿਆਂ ਦੇ ਅਧਿਆਪਕ ਰੱਖਣ ਦਾ ਫ਼ੈਸਲਾ ਸਿੱਖਿਆ ਵਿਭਾਗ ਨੇ ਕੀਤਾ ਹੋਇਆ ਹੈ, ਪਰ ਹੁਣ ਚਾਰ ਦੀ ਥਾਂ ਦੋ ਵਿਸ਼ਾ ਅਧਿਆਪਕ ਰੱਖਣ ਦਾ ਫ਼ੈਸਲਾ ਦੇ ਦਿੱਤਾ ਹੈ |ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਮੰਗ ਕੀਤੀ ਕਿ ਸਰਕਾਰ ਉਕਤ ਪੱਤਰ ਵਾਪਿਸ ਲੈ ਕੇ ਮਿਡਲ ਸਕੂਲਾਂ ਸਮੇਂ ਸਾਰੇ ਸਕੂਲਾਂ ਵਿੱਚ ਹਰੇਕ ਵਿਸ਼ੇ ਦਾ ਅਧਿਆਪਕ ਨਿਯੁਕਤ ਕਰੇ |ਉਹਨਾਂ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕ ਲਗਾਤਾਰ ਆਪਣੀਆਂ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ ਇਸ ਲਈ ਸਰਕਾਰ ਅਧਿਆਪਕ ਦੀ ਨਵੀਂ ਭਰਤੀ ਤੁਰੰਤ ਕਰੇ |