ਅੱਧਾ ਕਿਲੋ ਅਫੀਮ, 2 ਪਿਸਟਲ,ਇਕ ਰਿਵਾਲਵਰ ਤੇ ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਤਸਕਰ ਗ੍ਰਿਫਤਾਰ , ਕੋਟ ਈਸੇ ਖਾਂ ਪੁਲੀਸ ਦੀ ਵੱਡੀ ਪ੍ਰਾਪਤੀ

Tags: 

ਧਰਮਕੋਟ 14 ਅਪਰੈਲ (ਹਰਦੀਪ ਸਿੰਘ/ਲਛਮਣ ਜੀਤ ਸਿੰਘ ਪੁਰਬਾ  ) : ਕੋਟ ਈਸੇ ਖਾਂ ਪੁਲੀਸ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤੱਸਕਰੀ ਕਰਨ ਵਾਲੇ ਤਿੰਨ ਤਸਕਰਾਂ ਨੂੰ  ਕਾਬੂ ਕਰਨ, ਚੋਂ ਵੱਡੀ ਸਫਲਤਾ ਹਾਸਲ ਹੋਈ ਹੈ।ਉਕਤ ਤਸਕਰ ਮੱਖੂ ਖੇਤਰ ਨਾਲ ਸਬੰਧਤ ਹਨ ਅਤੇ ਭੇਸ ਬਦਲ ਕੇ ਕਿਰਾਏ ਦੇ ਮਕਾਨ ਤੇ ਕੋਟ ਈਸੇ ਖਾਂ ਰਹਿ ਰਹੇ ਸਨ। ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਦੇਰ ਸ਼ਾਮ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਤਸਕਰਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਅਤੇ ਲਵਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਾਹ ਅੱਬੂ ਬੋਕਰ ਅਤੇ ਲਵਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੂਦਾ ਥਾਣਾ ਮੱਖੂ ਵਜੋਂ ਹੋਈ ਹੈ।ਮੁਲਾਜ਼ਮਾਂ ਪਾਸੋਂ 2 ਪਿਸਤੌਲ,1 ਰਿਵਾਲਵਰ,16 ਜਿੰਦਾ ਕਾਰਤੂਸ,ਅੱਧਾ ਕਿਲੋ ਅਫੀਮ, ਇੱਕ ਲੱਖ ਰੁਪਏ ਡਰੱਗ ਮਨੀ ਅਤੇ ਗੱਡੀ ਬਰਾਮਦ ਹੋਈ ਹੈ।ਇਸ ਸਬੰਧੀ ਹਲਕਾ ਡੀਐਸਪੀ ਜਸਵਰਿੰਦਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਤਸਕਰਾਂ ਦੀ ਲੰਬੇ ਸਮੇਂ ਤੋਂ ਪੁਲੀਸ ਨੂੰ ਤਲਾਸ਼ ਸੀ ਅਤੇ ਇਹ ਭੇਸ ਬਦਲ ਕੇ ਰਹਿ ਰਹੇ ਸਨ। ਇਨ੍ਹਾਂ ਉਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ।ਉਨ੍ਹਾਂ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਸੁਨੀਤਾ ਬਾਵਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਉਕਤ ਤਸਕਰਾਂ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀ ਅਜੇ ਗਾਂਧੀ ਦੀ ਰਹਿਨੁਮਾਈ ਹੇਠ ਸਬ ਡਵੀਜ਼ਨ ਧਰਮਕੋਟ ਦੀ ਪੁਲੀਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਹਫ਼ਤੇ ਅੰਦਰ ਹੀ ਪੁਲੀਸ ਦੀ ਇਹ ਦੂਜੀ ਵੱਡੀ ਪ੍ਰਾਪਤੀ ਹੈ।ਦੋ ਦਿਨ ਪਹਿਲਾਂ ਇਸੇ ਪੁਲੀਸ ਨੇ 250 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਕਾਬੂ ਕੀਤੇ ਸਨ। ਉਨ੍ਹਾਂ ਦੱਸਿਆ ਕਿ ਧਰਮਕੋਟ ਅੰਦਰ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।