ਨਾਬਾਰਡ ਨੇ ਆਗਾਮੀ ਵਿੱਤੀ ਵਰੇ ਲਈ ਜ਼ਿਲੇ ਦੇ ਬੈਂਕਾਂ ਨੂੰਂ 9,676 ਕਰੋੜ ਰੁਪਏ ਦਾ ਕਰਜ਼ਾ ਦੇਣ ਦੇ ਟੀਚੇ ‘ਤੇ ਲਾਈ ਮੋਹਰ-ਰਾਜੇਸ਼ ਤਿ੍ਰਪਾਠੀ

ਮੋਗਾ 12 ਦਸੰਬਰ(ਜਸ਼ਨ)-ਨਾਬਾਰਡ ਵੱਲੋ ਆਗਾਮੀ ਵਿੱਤੀ ਵਰੇ 2018-19 ਲਈ ਮੋਗਾ ਜਿਲੇ ਦੇ ਬੈਕਾਂ ਨੂੰ ਕਰਜ਼ ਪ੍ਰਦਾਨ ਕਰਨ ਵਾਸਤੇ ਚਾਲੂ ਵਰੇ ਨਾਲੋ 7.73 ਫੀਸਦੀ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿਥਿਆ ਹੈ ਅਤੇ ਜ਼ਿਲੇ ਦੀਆਂ ਬੈਕਾਂ ਨੂੰ 9,676 ਕਰੋੜ ਰੁਪਏ ਦੇ ਕਰਜ਼ ਦੇਣ ਦੇ ਟੀਚੇ ‘ਤੇ ਮੋਹਰ ਲਾਈ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਲੀਡ ਬੈਂਂਂਕ ਮੋਗਾ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਸ੍ਰੀ ਤਿ੍ਰਪਾਠੀ ਨੇ ਕਿਹਾ ਕਿ ਨਾਬਾਰਡ ਵੱਲੋ ਜ਼ਿਲੇ ਦੀਆਂ ਕਾਰੋਬਾਰੀ ਸੰਸਥਾਵਾਂ ਅਤੇ ਬੈਕਾਂ ਦੀ ਪ੍ਰਗਤੀ ਦੇ ਆਧਾਰ ‘ਤੇ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ। ਉਨਾਂ ਕਿਹਾ ਕਿ ਬੈਕ ਅਧਿਕਾਰੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਨੂੰ ਯਕੀਨੀ ਬਣਾਉਣ। ਉਨਾਂ ਬੈਂਕਾਂ ਦੀਆਂ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਬੈਂਕ ਦੇ ਕੰਮ-ਕਾਜ਼ ਦੀ ਸ਼ਲਾਘਾ ਵੀ ਕੀਤੀ। ਉਨਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ‘ਤੇ ਜ਼ੋਰ ਦਿੱਤਾ, ਤਾਂ ਜੋ ਉਹ ਲੋਕ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਕਰ ਸਕਣ। ਨਾਬਾਰਡ ਡੀ.ਡੀ..ਐੱਮ. ਨਰਿੰਦਰ ਕੁਮਾਰ ਨੇ ਦੱਸਿਆ ਕਿ ਰਿਜ਼ਰਵ ਬੈਕ ਆਫ ਇੰਡੀਆ ਦੀਆਂ ਹਦਾਇਤਾਂ ‘ਤੇ ਨਾਬਾਰਡ ਵੱਲੋ ਹਰ ਸਾਲ ਹੀ ਜ਼ਿਲੇ ਦੀਆਂ ਬੈਕਾਂ ਨੂੰ ਕਰਜ਼ਾ ਦੇਣ ਲਈ ਅਗੇਤਰਾ ਕਰੈਡਿਟ ਪਲਾਨ ਤਿਆਰ ਕੀਤਾ ਜਾਂਦਾ ਹੈ।

ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਨਾਬਾਰਡ ਵੱਲੋਂ ਤਿਆਰ ਕੀਤਾ ਗਿਆ ਕਰੈਡਿਟ ਪਲਾਨ ਵੀ ਰਿਲੀਜ਼ ਕੀਤਾ। ਇਸ ਮੀਟਿੰਗ ਵਿੱਚ ਨਰਿੰਦਰ ਕੁਮਾਰ ਡੀ.ਡੀ.ਐਮ ਨਾਬਾਰਡ, ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਏ.ਜੀ.ਐਮ. ਸੰਜੀਵ ਕੈਨ, ਜ਼ਿਲਾ ਲੀਡ ਮੈਨੇਜਰ ਸਵਰਨਜੀਤ ਸਿੰਘ ਗਿੱਲ, ਵੱਖ-ਵੱਖ ਬੈਂਕਾਂ ਦੇ ਜ਼ਿਲਾ ਤਾਲਮੇਲ ਅਫ਼ਸਰ ਅਤੇ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।