ਪੇਰੈਂਟਸ ਐਸੋਸੀਏਸ਼ਨ ਪੰਜਾਬ ਵੱਲੋਂ ਡੀ.ਸੀ. ਦਫਤਰ ਮੋਗਾ ਅੱਗੇ ਵਿਸ਼ਾਲ ਰੋਸ ਪ੍ਦਰਸ਼ਨ

*ਜ਼ਿਲਾ ਸਿੱਖਿਆ ਅਫਸਰ ਨੇ ਕੱਲ ਖੁਦ ਸਕੂਲ ਜਾ ਕੇ ਬੱਚਿਆਂ ਨੂੰ ਦੁਬਾਰਾ ਦਾਖਲ ਕਰਵਾਉਣ ਦਾ ਕੀਤਾ ਵਾਅਦਾ
ਮੋਗਾ, 20 ਨਵੰਬਰ (ਜਸ਼ਨ)-ਆਰੀਆ ਮਾਡਲ ਸਕੂਲ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੇ ਖਿਲਾਫ ਸਾਥੀ ਰਾਜੀਵ ਕੁਮਾਰ ਅਤੇ ਵਿਕਰਮਜੀਤ ਸਿੰਗਲਾ ਨੂੰ ਇਨਸਾਫ ਦਿਵਾਉਣ ਲਈ ਪੇਰੈਂਟਸ ਐਸੋਸੀਏਸ਼ਨ ਪੰਜਾਬ ਦੇ ਝੰਡੇ ਹੇਠ ਅੱਜ ਡੀ.ਸੀ. ਦਫਤਰ ਮੋਗਾ ਅੱਗੇ ਵਿਸ਼ਾਲ ਰੋਸ ਪ੍ਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮਈ 2017 ਵਿੱਚ ਆਰੀਆ ਮਾਡਲ ਸਕੂਲ ਦੇ ਮਾਪਿਆਂ ਰਾਜੀਵ ਕੁਮਾਰ ਅਤੇ ਵਿਕਰਮਜੀਤ ਸਿੰਗਲਾ ਨੇ ਡਿਵੀਜਨਲ ਕਮਿਸ਼ਨਰ ਫਿਰੋਜ਼ਪੁਰ ਨੂੰ ਫੀਸਾਂ ਵਿੱਚ ਬਹੁਤ ਜਿਆਦਾ ਵਾਧਾ ਕਰਨ ਅਤੇ ਪੰਜਾਬ ਸਕੂਲ ਦੇ ਨਾਲ ਨਾਲ ਸੀ ਬੀ ਐਸ ਈ ਦੀਆਂ ਕਿਤਾਬਾਂ ਵੀ ਲਗਾਉਣ ਅਤੇ ਕਮਰਸ਼ੀਅਲ ਗਤੀਵਿਧੀਆਂ ਕਰਨ ਵਿਰੁੱਧ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਸਕੂਲ ਦੋਸ਼ੀ ਸਿੱਧ ਹੋ ਰਿਹਾ ਸੀ । ਸਕੂਲ ਵੱਲੋਂ ਵਾਰ ਵਾਰ ਉਕਤ ਮਾਪਿਆਂ ਨੂੰ ਕੰਪਲੇਂਟ ਵਾਪਿਸ ਲੈਣ ਲਈ ਕਿਹਾ ਗਿਆ। ਨਾ ਮੰਨਣ ਤੇ ਇਹਨਾਂ ਮਾਪਿਆਂ ਖਿਲਾਫ ਸਕੂਲ ਦੇ ਟੀਚਰਾਂ ਨੂੰ ਛੇੜਣ ਦੀ ਸ਼ਿਕਾਇਤ ਕਰਕੇ ਮਿਤੀ 3 ਅਕਤੂਬਰ ਨੂੰ ਦੁਪਿਹਰ ਵੇਲੇ ਸਕੂਲ ਦੇ ਗੇਟ ਅੱਗਿਓਂ ਮਾਪਿਆਂ ਨੂੰ ਗਿਰਫਤਾਰ ਕਰਵਾ ਦਿੱਤਾ । ਪੁਲਿਸ ਤੋਂ ਮਾਪਿਆਂ ਤੇ ਤਸ਼ੱਦਦ ਕਰਵਾ ਕੇ ਥਾਣੇ ਵਿੱਚ ਹੀ ਮਾਪਿਆਂ ਤੋਂ ਸਕੂਲ ਖਿਲਾਫ ਕੀਤੀਆਂ ਸ਼ਿਕਾਇਤਾਂ ਵਾਪਿਸ ਲੈਣ ਅਤੇ ਆਪਣੀ ਮਰਜੀ ਨਾਲ ਬੱਚਿਆਂ ਨੂੰ ਸਕੂਲ ਵਿੱਚੋਂ ਹਟਾ ਲੈਣ ਅਤੇ ਮੁਆਫੀਨਾਮੇ ਆਦਿ ਤੇ ਦਸਤਖਤ ਕਰਵਾ ਲਏ। ਰਾਜੀਵ ਕੁਮਾਰ ਨੇ ਉਕਤ ਘਟਨਾ ਤੋਂ ਬਾਅਦ ਬੇਇਜਤੀ ਮਹਿਸੂਸ ਕਰਦਿਆਂ ਮਿਤੀ 5 ਅਕਤੂਬਰ ਨੂੰ ਸ਼ੋਸ਼ਲ ਮੀਡੀਆ ਤੇ ਵੀਡਿਓ ਪਾਉਣ ਤੋਂ ਬਾਅਦ ਜਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਘਟਨਾ ਨੂੰ 45 ਦਿਨ ਬੀਤ ਜਾਣ ਤੇ ਮਾਪਿਆਂ ਅਤੇ ਬੱਚਿਆਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਬੱਚੇ 45 ਦਿਨਾਂ ਤੋਂ ਘਰ ਬੈਠੇ ਹਨ। ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪੈਟਰਨ ਹਰਭਜਨ ਸਿੰਘ ਬਹੋਨਾ ਨੇ ਜਿਲਾ ਪ੍ਸ਼ਾਸ਼ਨ ਦੀ ਨਲਾਇਕੀ ਦਾ ਸਖਤ ਨੋਟਿਸ ਲੈਂਦਿਆਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਅਗਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਘਈ, ਭਗਵੰਤ ਸਿੰਘ, ਮਨਜੀਤ ਸਿੰਘ, ਗੁਰਪ੍ੀਤ ਮਾਂਗਟ, ਵਰਿੰਦਰ ਖੁਰਾਣਾ, ਸਰੂਪ ਸਿੰਘ ਲੁਧਿਆਣਾ, ਬਲਵੰਤ ਸਿੰਘ, ਦਿਨੇਸ਼ ਅਗਨੀਹੋਤਰੀ ਉਪ ਪ੍ਧਾਨ ਸਪਰਿੰਗ ਡੇਲ ਪੇਰੈਂਟਸ ਐਸੋਸੀਏਸ਼ਨ, ਬਲਜੀਤ ਸਿੰਘ, ਚਰਨਜੀਤ ਸਿੰਘ ਜਗਰਾਓਂ, ਪਵਨ ਕੁਮਾਰ ਫਰੀਦਕੋਟ, ਕਰਮਜੀਤ ਸਿੰਘ ਸੂਬਾ ਵਿੱਤ ਸਕੱਤਰ ਪੰਜਾਬ ਸਟੂਡੈਂਟਸ ਯੂਨੀਅਨ, ਮੋਹਨ ਸਿੰਘ ਔਲਖ ਜਿਲਾ ਕਨਵੀਨਰ, ਤੀਰਥ ਚੜਿੱਕ ਡਾਇਰੈਕਟਰ ਸ਼ਹੀਦ ਭਗਤ ਸਿੰਘ ਕਲਾ ਮੰਚ, ਦਲਜਿੰਦਰ ਕੌਰ ਸਟੂਡੈਂਟ ਆਗੂ, ਵਿਜੇ ਦਾਨਵ ਪੰਜਾਬ ਪ੍ਧਾਨ ਅਤੇ ਅਮਨ ਕਮੁਾਰ ਜਿਲਾ ਪ੍ਧਾਨ ਏਕਲਵਯਾ ਸੈਨਾ ਸੰਸਥਾ, ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪ੍ਧਾਨ ਰਾਜਿੰਦਰ ਸਿੰਘ ਖੋਸਾ, ਪੈਟਰਨ ਹਰਭਜਨ ਸਿੰਘ ਬਹੋਨਾ, ਸਕੱਤਰ ਸਤਿੰਦਰ ਸਿੰਘ ਦੋਆਬੀਆ, ਫੋਰਸ ਵਨ ਤੋਂ ਲੈਕਚਰਾਰ ਸੁਖਮੰਦਰ ਸਿੰਘ, ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਧਾਨ ਹਰਜਿੰਦਰ ਸਿੰਘ ਬਾਜੇਕੇ, ਆਮ ਆਦਮੀ ਪਾਰਟੀ ਮੋਗਾ ਤੋਂ ਅਮਿਤ ਪੁਰੀ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਆਗੂ ਟਹਿਲ ਸਿੰਘ ਝੰਡੇਵਾਲਾ, ਗੁਰਪ੍ੀਤ ਸਿੰਘ ਮਾਂਗਟ ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਸ਼ਾਸ਼ਨ ਦੀ ਢਿੱਲ ਮੱਠ ਵਾਲੀ ਨੀਤੀ ਦੀ ਨਿਦਾ ਕਰਦਿਆਂ ਇਨਸਾਫ ਵਿੱਚ ਦੇਰੀ ਲਈ ਜਿਲਾ ਪ੍ਸ਼ਾਸ਼ਨ ਨੂੰ ਜਿੰਮੇਵਾਰ ਠਹਿਰਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੂਰੇ ਪੰਜਾਬ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਕਰੀਬ 12.30 ਵਜੇ ਜਦ ਐਸੋਸੀਏਸ਼ਨ ਦੇ ਆਗੂ ਅਧਿਕਾਰੀਆਂ ਨੂੰ ਮਿਲਣ ਗਏ ਤਾਂ ਡੀ.ਸੀ. ਮੋਗਾ, ਏ.ਡੀ.ਸੀ. ਮੋਗਾ, ਜੀ.ਏ. ਟੂ ਡੀ.ਸੀ., ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਆਪਣੀਆਂ ਸੀਟਾਂ ਤੇ ਹਾਜ਼ਰ ਨਹੀਂ ਸਨ, ਜਿਸ ਤੋਂ ਨਾਰਾਜ਼ ਮਾਪਿਆਂ ਨੇ ਨਾਅਰੇਬਾਜ਼ੀ ਕੀਤੀ । ਐਸ.ਐਚ.ਓ. ਸਿਟੀ -2 ਲਵਦੀਪ ਗਿੱਲ ਨੇ ਮੌਕੇ ਤੇ ਪਹੁੰਚ ਕੇ ਆਗੂਆਂ ਨਾਲ ਗੱਲ ਕੀਤੀ ਤੇ ਵਿਚੋਲਗੀ ਕਰਕੇ ਡੀ.ਈ.ਓ. ਮੋਗਾ ਨਾਲ ਮੀਟਿੰਗ ਕਰਵਾਈ। ਮੀਟਿੰਗ ਵਿੱਚ ਇਸ ਗੱਲ ਤੇ ਸਹਿਮਤੀ ਬਣੀ ਕਿ ਡੀ.ਈ.ਓ. ਮੋਗਾ ਕੱਲ ਖੁਦ 9.30 ਵਜੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਗੇ ਤੇ ਮਾਪੇ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਇਸ ਸਮੇਂ ਹਾਜ਼ਰ ਰਹਿਣਗੇ ।


