ਭਲਕੇ ਹੋਣਗੇ, ਚੰਦ ਪਰਾਣਾ ਵਿਚ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਦੀ ਯਾਦ ਦੇ ਵਿਚ ਸਮਾਗਮ

ਬਾਘਾਪੁਰਾਣਾ 16 ਜੂਨ ( ਜਸ਼ਨ) ਮਹਾਨ ਪਰਉਪਕਾਰੀ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੁੰਜ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਵਾਲਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ 18 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਵਿਚ ਕਰਵਾਏ ਜਾ ਰਹੇ ਹਨ।ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਨੇ ਆਪਣੇ ਜੀਵਨ ਦੇ ਦੌਰਾਨ ਅਨੇਕਾਂ ਹੀ ਗੁਰਮਤਿ ਅਨੁਸਾਰ ਅਜਿਹੇ ਕਾਰਜ ਕੀਤੇ ਜੋ ਅੱਜ ਵੀ ਜਾਰੀ ਹਨ। ਉਹਨਾਂ ਨੇ ਆਪਣੇ ਜੀਵਨ ਵਿੱਚ ਅਜਿਹੀ ਘਾਲਣਾ ਘਾਲੀ ਕਿ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ  ਚੰਦ ਪੁਰਾਣਾ ਮਨੁੱਖਤਾ ਦੀ ਸੇਵਾ ਦੇ ਕੇਂਦਰ ਵਜੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਵਿਕਸਿਤ ਹੋ ਚੁੱਕਾ ਹੈ।

ਸੱਚੀ ਸੁੱਚੀ ਕਿਰਤ ਕਰਨ ਨੂੰ ਤਰਜ਼ੀਹ ਦੇਣਾ, ਸੇਵਾ ਕਰਨਾ, ਹਰੇਕ ਦੇ ਦੁੱਖ-ਸੁੱਖ 'ਚ ਸ਼ਰੀਕ ਹੋਣਾ ਆਪ ਜੀ ਦੇ ਸਾਧੂ ਸਹਿਜ ਸੁਭਾਅ ਦਾ ਇੱਕ ਹਿੱਸਾ ਸੀ। ਸਮਾਜ ਸੇਵਾ ਦਾ ਜ਼ਜ਼ਬਾ ਰੱਖਦਿਆਂ ਓਹਨਾਂ ਨੇ ਇਲਾਕੇ ਵਿਚ ਵੀ ਹੁੰਦੇ ਇਹ ਸਮਾਜ ਪੱਖੀ ਕਾਰਜਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ।
ਇਸ ਸੰਬੰਧੀ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿਚ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਦੇ ਭੋਗ 18 ਜੂਨ ਨੂੰ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ ਸਜਣਗੇ। ਜਿਸ ਵਿੱਚ ਪ੍ਰਸਿੱਧ ਰਾਗੀ ਜਥੇ ਕਥਾ ਕੀਰਤਨ ਦੇ ਰਾਹੀਂ ਬਾਬਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਉਣਗੇ। 
ਉਨ੍ਹਾਂ ਦੱਸਿਆ ਕਿ ਬਾਬਾ ਜੀ ਵੱਲੋਂ ਕੀਤੇ ਗਏ ਗੁਰਮਤਿ ਕਾਰਜਾਂ ਕਰਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਦੀ ਤਾਦਾਦ 'ਚ ਸੰਗਤਾਂ, ਧਾਰਮਿਕ ਸ਼ਖਸ਼ੀਅਤਾਂ, ਰਾਜਨੀਤਿਕ ਹਸਤੀਆਂ ਗੁਰਦੁਆਰਾ ਚੰਦ ਪੁਰਾਣਾ ਵਿਖੇ ਸਮੇਂ ਸਮੇਂ ਤੇ ਨਤਮਸਤਕ ਹੁੰਦੀਆਂ ਹਨ।ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਸਮਾਗਮ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਸਮਾਗਮ ਦੌਰਾਨ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ।