ਸਮਾਜ ਸੇਵੀ ਸੰਸਥਾਵਾਂ ਨੇ ਸਾਂਝੇ ਤੌਰ ਤੇ ਦੋ ਟਰਾਲੀਆਂ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ

ਮੋਗਾ 25 ਅਗਸਤ(ਜਸ਼ਨ):ਜੈ ਮਾਂ ਅੰਬੇ ਵੈਲਫੇਅਰ ਕਲੱਬ, ਮਾਨਵ ਨਿਸ਼ਕਾਮ ਸੇਵਾ ਮੰਡਲ, ਸਮਾਜ ਸੇਵਾ ਸੁਸਾਇਟੀ, ਰੂਰਲ ਐਨ ਜੀ ਓ ਮੋਗਾ, ਇੰਡੀਅਨ ਮੈਡੀਕਲ ਐਸੋਸੀਏਸ਼ਨ ਮੋਗਾ, ਸ਼੍ਰੀ ਨਾਮਦੇਵ ਭਵਨ ਗੁਰਦੁਆਰਾ ਕਮੇਟੀ, ਏਕ ਜੋਤ ਸੇਵਾ ਸੁਸਾਇਟੀ, ਕੱਕੜ ਸਵੀਟ ਹਾਊਸ ਅਤੇ ਸਮੂਹ ਨਾਨਕ ਨਗਰੀ ਅਤੇ ਬੇਦੀ ਨਗਰ ਮੋਗਾ ਨਿਵਾਸੀਆਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਤਰਪਾਲਾਂ, ਮੱਛਰਦਾਨੀਆਂ, ਆਡੋਮਾਸ, ਚਮੜੀ ਤੇ ਪੇਟ ਰੋਗਾਂ ਦੀਆਂ ਦਵਾਈਆਂ ਸਮੇਤ ਘਰੇਲੂ ਵਰਤੋਂ ਦਾ ਹਰ ਸਮਾਨ ਅੱਜ ਦੋ ਟਰਾਲੀਆਂ ਰਾਹੀਂ ਰਵਾਨਾ ਕੀਤਾ ਗਿਆ।
ਇਹਨਾਂ ਟਰਾਲੀਆਂ ਦੇ ਨਾਲ ਸਮਾਜ ਸੇਵਾ ਸੁਸਾਇਟੀ ਦੀਆਂ ਦੋ ਐਂਬੂਲੈਂਸਾਂ ਵੀ ਗਈਆਂ, ਜਿਨਾਂ ਵਿੱਚ ਸਿਹਤ ਵਿਭਾਗ ਮੋਗਾ ਦੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਆਰ ਐਮ ਪੀ ਡਾਕਟਰਾਂ ਦੀ ਟੀਮ ਨੂੰ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚਮੜੀ ਅਤੇ ਪੇਟ ਦੇ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਵੰਡਣ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਹਰਜਿੰਦਰ ਸਿੰਘ ਹੈਪੀ ਅਤੇ ਪ੍ਰਿੰਸ ਕੁਮਾਰ ਕੱਕੜ ਨੇ ਦੱਸਿਆ ਕਿ ਅਸੀਂ ਸਭ ਨੇ ਰਲ ਕੇ ਲੋੜਵੰਦਾਂ ਦੀ ਮਦਦ ਲਈ ਇਹ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਜਿੱਥੇ ਤਰਪਾਲਾਂ, ਰੱਸੇ, ਮੱਛਰਦਾਨੀਆਂ, ਆਡੋਮਾਸ, ਕੋਆਇਲ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ ਉਥੇ ਖਾਣ ਪੀਣ ਦਾ ਸਮਾਨ ਅਤੇ ਘਰੇਲੂ ਵਰਤੋਂ ਦਾ ਹਰ ਸਮਾਨ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸ਼ਤੀਆਂ ਰਾਹੀਂ 400 ਪਰਿਵਾਰਾਂ ਤੱਕ ਦੋ ਲਿਫਾਫੇ ਪਹੁੰਚਾਏ ਜਾਣਗੇ। ਇੱਕ ਵਿੱਚ ਖਾਣ ਪੀਣ ਦਾ ਸਮਾਨ ਜਦਕਿ ਦੂਸਰੇ ਵੱਡੇ ਲਿਫਾਫੇ ਵਿੱਚ ਘਰੇਲੂ ਵਰਤੋਂ ਦਾ ਹਰ ਸਮਾਨ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਲੋਹੀਆਂ ਖੇਤਰ ਵਿੱਚ ਰੂਰਲ ਐਨ ਜੀ ਓ ਮੋਗਾ ਵੱਲੋਂ ਰਾਹਤ ਸਮੱਗਰੀ ਦੀਆਂ ਦੋ ਗੱਡੀਆਂ ਭੇਜੀਆਂ ਗਈਆਂ ਸਨ ਤੇ ਇਸ ਖੇਤਰ ਵਿੱਚ ਭਾਰੀ ਮਾਤਰਾ ਵਿੱਚ ਸਮੱਗਰੀ ਪਹੁੰਚ ਚੁੱਕੀ ਹੈ, ਇਸ ਲਈ ਹੁਣ ਇਹ ਸਮੱਗਰੀ ਫਿਰੋਜ਼ਪੁਰ ਜਿਲੇ ਦੇ ਮੱਲਾਂਵਾਲਾ ਖੇਤਰ ਵਿੱਚ ਪੈਂਦੇ ਪਿੰਡਾਂ ਧੀਰਾ ਘਾਰਾ, ਬੱਗੇਆਲਾ, ਆਲੇਵਾਲ, ਟੱਲੀ ਗੁਲਾਮ ਅਤੇ ਬੁੰਡਾਲਾ ਆਦਿ ਵਿੱਚ ਇਹ ਸਮੱਗਰੀ ਭੇਜੀ ਜਾ ਰਹੀ ਹੈ, ਜਿੱਥੇ ਹਾਲੇ ਤੱਕ ਕੋਈ ਰਾਹਤ ਸਮੱਗਰੀ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਲੋਕਲ ਲੋਕਾਂ ਨਾਲ ਸੰਪਰਕ ਹੋ ਚੁੱਕਾ ਹੈ ਤੇ ਉਹਨਾਂ ਵੱਲੋਂ ਸਾਡੇ ਲਈ ਦੋ ਕਿਸ਼ਤੀਆਂ ਦਾ ਅਗਾਊਂ ਪ੍ਰਬੰਧ ਕੀਤਾ ਹੋਇਆ ਹੈ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਹਰ ਲੋੜਵੰਦ ਤੱਕ ਖੁਦ ਪਹੁੰਚ ਕਰਕੇ ਉਨ੍ਹਾਂ ਤੱਕ ਲੋੜੀਂਦਾ ਸਮਾਨ ਪਹੁੰਚਦਾ ਕਰੀਏ। ਇਸ ਮੌਕੇ ਸ਼੍ਰੀ ਧਰਮਪਾਲ ਕੱਕੜ, ਬਲਜੀਤ ਸਿੰਘ ਚਾਨੀ, ਗੁਰਨਾਮ ਸਿੰਘ ਲਵਲੀ, ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਗੁਰਮੀਤ ਸਿੰਘ ਪੁਰਬਾ, ਪਵਨ ਕੁਮਾਰ ਗਗਨੇਜਾ, ਐਮ ਸੀ ਅਸ਼ੋਕ ਧਮੀਜਾ, ਬੱਬੂ ਮੱਲਾਂਵਾਲਾ, ਦੀਪੂ ਜੀਪਾਂ ਵਾਲਾ ਸੰਗੀਤ ਸਿੰਘ, ਜੀਤਾ ਚੱਕੀ ਵਾਲਾ, ਪੂਰਨ ਸਿੰਘ ਬੱਸੀਆਂ, ਸਾਗਰ, ਜਸ਼ਨ, ਏਕਦੀਪ, ਸ਼ਿਵ ਕੱਕੜ, ਕੁਲਦੀਪ ਉਬਰਾਏ, ਗੁਰਸੇਵਕ ਸਿੰਘ, ਸ਼ਤੀਸ਼ ਕੁਮਾਰ ਗਗਨੇਜਾ, ਜਸਵੰਤ ਪੁਰਾਣੇਵਾਲਾ, ਕੇਵਲ ਕ੍ਰਿਸ਼ਨ, ਗੁਰਨਾਮ ਸਿੰਘ ਗਾਮਾ, ਜਗਤਾਰ ਸਿੰਘ ਜੱਗਾ, ਗੋਬਿੰਦ ਤਿਵਾੜੀ, ਬਲਦੇਵ ਸਿੰਘ ਮਹਿਰੋਂ, ਗੋਲਡੀ ਜੰਡੂ, ਡਾ ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ ਲੰਢੇਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜਰ ਸਨ।


