ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਹੜ ਨਾਲ ਪ੍ਰਭਾਵਿਤ ਕਿਸਾਨਾਂ ਨੂੰ 25,000 ਕੁਇੰਟਲ ਉੱਚ ਪੱਧਰੀ ਬੀਜ ਕਰਵਾਏਗੀ ਮੁਹੱਈਆ

ਚੰਡੀਗੜ, 27 ਅਗਸਤ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਟੇਟ ਸੀਡ ਕਾਰਪੋਰੇਸਨ ਆਉਣ ਵਾਲੇ ਹਾੜੀ ਦੇ ਮੌਸਮ ਦੌਰਾਨ ਹੜ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਲਗਭਗ 25,000 ਕੁਇੰਟਲ ਉੱਚ ਪੱਧਰੀ ਬੀਜ ਮੁਹੱਈਆ ਕਰਵਾਏਗੀ, ਇਸ ਸਬੰਧੀ ਜਾਣਕਾਰੀ ਸੂਬਾ ਸਰਕਾਰ ਦੇ ਬੁਲਾਰੇ ਨੇ ਦਿੱਤੀ।ਉਨਾਂ ਕਿਹਾ ਕਿ ਫਸਲਾਂ ਦੇ ਨੁਕਸਾਨ ਦੀਆਂ ਮੁੱਢਲੀਆਂ ਰਿਪੋਰਟਾਂ ਅਨੁਸਾਰ ਤਕਰੀਬਨ 25000 ਹੈਕਟੇਅਰ ਰਕਬੇ ਵਿੱਚ ਸੌ ਫੀਸਦੀ ਫਸਲ ਦਾ ਨੁਕਸਾਨ ਹੋਇਆ ਹੈ। ਅੰਦਾਜਨ ਪ੍ਰਤੀ ਹੈਕਟੇਅਰ ਰਕਬੇ ਵਿਚ ਲਗਭਗ ਇਕ ਕੁਇੰਟਲ ਬੀਜ ਦੀ ਲੋੜ ਹੁੰਦੀ ਹੈ। ਇਸ ਲਈ ਸੂਬਾ ਸਰਕਾਰ ਨੇ ਪਨਸੀਡ ਰਾਹੀਂ 25,000 ਕੁਇੰਟਲ ਬੀਜ ਦੇਣ ਦੀ ਵਿਵਸਥਾ ਕੀਤੀ ਹੈ। ਨੁਕਸਾਨ ਦੀ ਅੰਤਮ ਰਿਪੋਰਟ ਮੁਤਾਬਕ, ਲੋੜ ਅਨੁਸਾਰ, ਹੋਰ ਬੀਜਾਂ ਦੀ ਵੰਡ ਕੀਤੀ ਜਾਵੇਗੀ।ਹੜ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਣਕ ਦੀ ਫਸਲ ਦਾ ਉੱਚ ਗੁਣਵੱਤਾ ਵਾਲੇ ਬੀਜ ਜਿਸਦੀ ਕੀਮਤ ਤਕਰੀਬਨ 3000 ਰੁਪਏ ਪ੍ਰਤੀ ਕੁਇੰਟਲ ਦੇ ਲਗਭਗ ਹੈ। ਇਸ ਤਰਾਂ ਤਕਰੀਬਨ 7.50 ਕਰੋੜ ਰੁਪਏ ਦੀ ਲਾਗਤ ਵਾਲੇ ਬੀਜ ਪ੍ਰਭਾਵਤ ਕਿਸਾਨਾਂ ਨੂੰ ਮੁਫਤ ਮੁਹੱਈਆ ਕਰਵਾਏ ਜਾਣਗੇ।ਬੁਲਾਰੇ ਨੇ ਕਿਹਾ ਕਿ ਇਸ ਕਾਰਵਾਈ ਦਾ ਮੁੱਖ ਮੰਤਵ ਸੰਕਟ ਦੀ ਘੜੀ ਵਿੱਚ ਕਿਸਾਨਾਂ ਲਈ ਸਹਾਇਤਾ ਲਈ ਹੱਥ ਵਧਾਉਣਾ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜਾਂ ਦੀਆਂ ਕਿਸਮਾਂ ਮੁਹੱਈਆ ਕਰਵਾਈਆਂ ਜਾਣਗੀਆਂ ਕਿਉਂਕਿ ਕਿਸਾਨਾਂ ਦੀਆਂ ਖੜੀਆਂ ਫਸਲਾਂ ਤੋਂ ਇਲਾਵਾ ਹੜ ਦੇ ਪਾਣੀ ਨੇ ਅਗਾਮੀ ਹਾੜੀ ਦੇ ਮੌਸਮ ਲਈ ਉਹਨਾਂ ਦੁਆਰਾ ਸਟੋਰ ਕੀਤੇ ਬੀਜਾਂ ਨੂੰ ਵੀ ਨਸ਼ਟ ਕਰ ਦਿੱਤਾ ਹੈ।ਇਸ ਕਦਮ ਨਾਲ ਜਲੰਧਰ ਜ਼ਿਲੇ ਦੇ ਸ਼ਾਹਕੋਟ ਸਬ-ਡਵੀਜਨ ਦੇ ਲਗਭਗ 30 ਪਿੰਡਾਂ ਦੇ ਕਿਸਾਨਾਂ ਨੂੰ ਸਹਾਇਤਾ ਮਿਲੇਗੀ ਜਿਹੜੇ ਪਿੰਡ ਪੂਰੀ ਤਰਾਂ ਹੜ ਦੇ ਪਾਣੀ ਵਿੱਚ ਡੁੱਬ ਚੁੱਕੇ ਹਨ।ਉਨਾਂ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੀ ਹਾਲਤ ਪ੍ਰਤੀ ਪੂਰੀ ਤਰਾਂ ਸੰਵੇਦਨਸ਼ੀਲ ਹੈ ਅਤੇ ਉਨਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੀ ਹੈ।ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਗਿਰਦਾਵਰੀ ਵਿੱਚ ਹੋਏ ਨੁਕਸਾਨ ਦਾ ਪਤਾ ਲੱਗਣ ਤੋਂ ਬਾਅਦ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇਗਾ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ ਹਨ।


