ਜਲਸ਼ਕਤੀ ਅਭਿਆਨ ਸਬੰਧੀ ਕੇਂਦਰੀ ਟੀਮ ਨੇ ਕੀਤਾ ਮੋਗਾ ਦਾ ਦੌਰਾ

ਮੋਗਾ,28 ਅਗਸਤ (ਜਸ਼ਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ’ਤੇ ਜਲ ਸਵੱਛਤਾ ਅਤੇ ਜਲ ਸੰਭਾਲ ਮੁਹਿੰਮ ਤਹਿਤ ਜਲ ਸ਼ਕਤੀ ਅਭਿਆਨ ਆਰੰਭਿਆ ਗਿਆ ਹੈ। ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਪ੍ਰਧਾਨ ਮੰਤਰੀ ਵੱਲੋਂ 30 ਜੂਨ 2019 ਨੂੰ ਦੇਸ਼ ਵਾਸੀਆਂ ਨਾਲ ਮਨ ਕੀ ਬਾਤ ਕਰਦਿਆਂ ਸਵੱਛਤਾ ਅਭਿਆਨ ਵਾਂਗ ਪਾਣੀ ਬਚਾਉਣ ਦੀ ਮੁਹਿੰਮ ਨੂੰ ਜਨ ਅੰਦੋਲਨ ਵਜੋਂ ਅਪਨਾਉਣ ਦਾ ਸੱਦਾ ਦਿੱਤਾ ਗਿਆ ਸੀ। ਉਹਨਾਂ ਦੀ ਪਹਿਲ ’ਤੇ ਭਾਰਤ ਸਰਕਾਰ ਦੇ ਨਵੇਂ ਮੰਤਰਾਲੇ ਜਲ ਸ਼ਕਤੀ ਦਾ ਗਠਨ ਕੀਤਾ ਗਿਆ । ਕੇਂਦਰੀ ਜਲ ਸ਼ਕਤੀ ਮੰਤਰਾਲੇ ਤਹਿਤ ਦੋ ਪੜਾਵਾਂ ਵਿਚ ਚੱਲਣ ਵਾਲੇ ਜਲ ਸ਼ਕਤੀ ਅਭਿਆਨ ਨੂੰ ਮੋਗਾ ਜ਼ਿਲੇ ਵਿਚ ਸੁਚਾਰੂ ਰੂਪ ਨਾਲ ਚਲਾਉਣ ਲਈ ਅੱਜ ਕੇਂਦਰੀ ਟੀਮ ਨੇ ਮੋਗਾ ਦਾ ਦੌਰਾ ਕੀਤਾ । ਇਸ ਟੀਮ ਦੀ ਅਗਵਾਈ ਭਾਰਤ ਸਰਕਾਰ ਦੇ ਮੰਤਰਾਲੇ ਮਨਿਸਟਰੀ ਆਫ਼ ਅਰਥ ਸਾਇੰਸਜ਼ ਦੇ ਵੀ. ਕੇ.ਪੌਲ ਡਿਪਟੀ ਸੈਕਟਰੀ ਅਤੇ ਜਲ ਸ਼ਕਤੀ ਮੰਤਰਾਲੇ ਦੇ ਵਿਗਿਆਨੀ ਵੀ ਐੱਸ ਚੋਹਾਨ ਕਰ ਰਹੇ ਸਨ। ਟੀਮ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਤੋਂ ਇਲਾਵਾ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਕੇਂਦਰੀ ਟੀਮ ਨੇ ਜੰਗਲਾਤ ਹੇਠ ਰਕਬਾ ਵਧਾਉਣ ,ਬਰਸਾਤੀ ਪਾਣੀ ਨੂੰ ਸਾਂਭਣ, ਰਵਾਇਤੀ ਛੱਪੜਾਂ ਦਾ ਨਵੀਨੀਕਰਨ, ਵਾਟਰਸ਼ੈੱਡ ਦਾ ਨਿਰਮਾਣ ਕਰਨ ਤੋਂ ਇਲਾਵਾ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ।  ਇਸ ਮੌਕੇ ਮੋਗਾ ਜ਼ਿਲੇ ਲਈ ਇਸ ਪ੍ਰੌਜੈਕਟ ਦੇ ਨੋਡਲ ਅਫਸਰ ਐਕਸੀਅਨ ਪੀ ਐੱਚ ਚਾਹਲ ਨੇ ਜ਼ਿਲੇ ਵਿਚ 15 ਸਤੰਬਰ ਤੱਕ ਮੁਕੰਮਲ ਕੀਤੇ ਜਾਣ ਵਾਲੇ ਪ੍ਰੌਜੈਕਟਾ ਬਾਰੇ ਟੀਮ ਨੂੰ ਜਾਣੂੰ ਕਰਵਾਇਆ ਅਤੇ ਅਧਿਕਾਰੀਆਂ ਨੂੰ ਇਸ ਕੇਂਦਰੀ ਜਲ ਸ਼ਕਤੀ ਅਭਿਆਨ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਆਖਿਆ ਕਿ 1 ਜੁਲਾਈ ਤੋਂ 15 ਸਤੰਬਰ ਤੱਕ ਚੱਲਣ ਵਾਲੇ ਜਲ ਸ਼ਕਤੀ ਅਭਿਆਨ ਲਈ ਮੋਗਾ ਜ਼ਿਲੇ ਵਿਚ ਕੰਮ ਚੱਲ ਰਿਹਾ ਹੈ ਕਿਉਂਕਿ ਜਲੰਧਰ ,ਕਪੂਰਥਲਾ ਫਿਰੋਜ਼ਪੁਰ ਦੇ ਨਾਲ ਨਾਲ ਮੋਗਾ ਜ਼ਿਲੇ ਨੂੰ ਵੀ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ ਹੈ ਇਸ ਲਈ ਬਰਸਾਤੀ ਮੌਸਮ ਦੌਰਾਨ ਵੱਧ ਤੋਂ ਵੱਧ ਮੀਂਹ ਦੇ ਪਾਣੀ ਨੂੰ ਧਰਤੀ ਵਿਚ ਜਜ਼ਬ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨਾ ਹਾਜ਼ਰ ਅਫ਼ਸਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਜ਼ਿੰਨਾਂ ਦੇ ਦਫ਼ਤਰ ਕੰਪਲੈਕਸ ਤੋ ਬਾਹਰ ਹਨ ਉਨਾਂ ਨੂੰ ਕਿਹਾ ਕਿ ਉਹ ਆਪਣੇ ਦਫ਼ਤਰ ਦੀ ਬਿਲਡਿੰਗ ਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਵਾਉਣ ਤਾਂ ਕਿ ਬਾਰਿਸ਼ ਦੇ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇ। ਉਨਾਂ ਵੱਲੋ ਅਧਿਕਾਰੀਆਂ ਨੂੰ ਪਾਣੀ ਦੀ ਸੰਭਾਲ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਵੈਬਸਾਈਟ ਤੇ ਅਪਲੋਡ ਕਰਨ ਦੀ ਵੀ ਹਦਾਇਤ ਕੀਤੀ ਗਈ। ਉਹਨਾਂ ਕੇਂਦਰੀ ਟੀਮ ਦੇ ਧਿਆਨ ਵਿਚ ਲਿਆਂਦਾ ਕਿ ਮੋਗਾ ਦੇ ਖੇਤੀਬਾੜੀ ਅਧਿਕਾਰੀਆਂ ਦੀ ਪ੍ਰੇਰਨਾਂ ਸਦਕਾ ਕਈ ਕਿਸਾਨਾਂ ਨੇ ਇਸ ਵਾਰ ਬਿੰਨਾ ਪਨੀਰੀ ਬੀਜਿਆਂ ਝੋਨੇ ਨੂੰ ਵੱਟਾਂ ’ਤੇ ਬੀਜਿਆ ਹੈ ਜਿਸ ਨਾਲ ਪਾਣੀ ਦੀ ਬੇਤਹਾਸ਼ਾ ਬੱਚਤ ਹੋਵੇਗੀ। ਇਸ ਮੌਕੇ ਕੇਂਦਰੀ ਟੀਮ ਨੇ ਨੋਡਲ ਅਫਸਰ ਪੀ ਐੱਚ ਚਾਹਲ ਨਾਲ ਮੋਗਾ ਦੇ ਜੰਗਲਾਤ ਵਿਭਾਗ ਦਾ ਦੌਰਾ ਵੀ ਕੀਤਾ । ਇਸ ਮੌਕੇ ਉਹਨਾਂ ਪਿੰਡਾਂ ਵਿਚ ਲਗਾਏ ਜਾਣ ਵਾਲੇ ਤਿਆਰ ਕੀਤੇ ਜਾ ਰਹੇ ਪੌਦਿਆਂ ਦੀ ਨਰਸਰੀ ਨੂੰ ਗਹੁ ਨਾਲ ਵਾਚਿਆ । ਕੇਂਦਰੀ ਟੀਮ ਨੇ ਜੰਗਲਾਤ ਅਫਸਰ ਬਲਜੀਤ ਸਿੰਘ ਕੰਗ ਨੂੰ ਅਜਿਹੇ ਪੌਦੇ ਤਿਆਰ ਕਰਨ ਲਈ ਆਖਿਆ ਜੋ ਘੱਟ ਤੋਂ ਘੱਟ ਪਾਣੀ ਦਾ ਵਾਸ਼ਪੀਕਰਨ ਕਰਦੇ ਹੋਣ। ਇਸ ਮੌਕੇ ਜੰਗਲਾਤ ਅਫਸਰ ਬਲਜੀਤ ਸਿੰਘ ਕੰਗ ਨੇ ਜ਼ਿਲੇ ਵਿਚ ਲਗਾਏ ਗਏ ਪੌਦਿਆਂ ਬਾਰੇ ਕੇਂਦਰੀ ਟੀਮ ਨੂੰ ਜਾਣੂ ਕਰਵਾਇਆ ।