ਪੰਜਾਬ ਸਰਕਾਰ ਨੇ ਨਿੱਜੀਕਰਨ ਦਾ ਕੁਹਾੜਾ ਤੇਜ਼ ਕੀਤਾ, ਰੋਡਵੇਜ਼ ਨੂੰ ਖਤਮ ਕਰਨ ਦੀ ਤਿਆਰੀ -ਜਗਦੀਸ਼ ਚਾਹਲ

ਮੋਗਾ, 29 ਜਨਵਰੀ (ਜਸ਼ਨ)-ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਬੱਸ ਸਟੈਂਡ ਮੋਗਾ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾ. ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਹੁਣ, ਸਿੱਖਿਆ ਵਿਭਾਗ ਵਿੱਚ 800 ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੋਇਆ ਹੈ, 1600 ਤੋਂ ਉੱਤੇ ਸੇਵਾ ਕੇਂਦਰ ਬੰਦ ਕਰਨ ਤੋਂ ਬਾਅਦ ਹੁਣ ਪੰਜਾਬ ਰੋਡਵੇਜ਼ ਦੀ ਵਾਰੀ ਆਉਣ ਵਾਲੀ ਹੈ। ਪੰਜਾਬ ਸਰਕਾਰ ਨੇ ਖਰਚੇ ਘਟਾਉਣ ਦੇ ਨਾਂ ਤੇ ਲੋਕ ਭਲਾਈ ਦੇ ਮਹਿਕਮਿਆਂ ਦਾ ਨਿੱਜੀਕਰਨ ਕਰਨ ਦੀ ਤਿਆਰੀ ਕਰ ਲਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਰੋਡਵੇਜ਼ ਦਾ ਭੋਗ ਪਾ ਕੇ ਪਨਬੱਸ ਨੂੰ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਕਰਨ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਆਊਟ ਸੋਰਸ ਉੱਪਰ ਪਾਬੰਦੀ ਹੋਣ ਦੇ ਬਾਵਜੂਦ ਆਊਟ ਸੋਰਸ ਉੱਪਰ ਭਰਤੀ ਕੀਤੀ ਜਾ ਰਹੀ ਹੈ। ਰੋਡ ਸੇਫ਼ਟੀ ਬਿੱਲ ਲੋਕ ਸਭਾ ਵਿੱਚ ਪਾਸ ਕਰਾਉਣ ਤੋਂ ਬਾਅਦ ਰਾਜ ਸਭਾ ਵਿੱਚ ਪਾਸ ਕਰਾਉਣ ਦੇ ਲਈ ਕੇਂਦਰ ਸਰਕਾਰ ਤਿਆਰ ਬੈਠੀ ਹੈ। ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਘਰ-ਘਰ ਨੌਕਰੀ ਦੇਣ ਦੀ ਬਜਾਏ ਕੰਮ ਉੱਪਰ ਲੱਗੇ ਕਿਰਤੀਆਂ ਨੂੰ ਕੰਮ ਤੋਂ ਬਾਹਰ ਕਰਨ ਦੇ ਰਾਹ ਪੰਜਾਬ ਸਰਕਾਰ ਪਈ ਹੋਈ ਹੈ। ਜਿਸਨੂੰ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਜ਼ਮ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਜਿਸ ਕਰਕੇ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ 29 ਜਨਵਰੀ ਅਤੇ 19 ਫਰਵਰੀ ਨੂੰ ਪੰਜਾਬ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 21 ਫਰਵਰੀ ਨੂੰ ਸੰਕੇਤਕ ਹੜਤਾਲ ਕੀਤੀ ਜਾਵੇਗੀ। ਪੰਜਾਬ ਸਰਕਾਰ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਫੈਸਲਿਆਂ ਨੂੰ ਵੀ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਨਵੀਂ ਟ੍ਰਾਂਸਪੋਰਟ ਪਾਲਿਸੀ ਅਤੇ ਟਾਈਮ ਟੇਬਲਾਂ ਨੂੰ ਬਣਾਉਣ ਵਿੱਚ ਵੀ ਸਰਕਾਰ ਫੇਲ ਸਾਬਤ ਹੋਈ ਹੈ। ਇਸ ਕਰਕੇ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਦੀਆਂ ਪਬਲਿਕ ਸੈਕਟਰ ਨੂੰ ਬੰਦ ਕਰਨ ਅਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਦੇ ਲਈ 6 ਫਰਵਰੀ ਨੂੰ ਜਲੰਧਰ ਪ੍ਰੈੱਸ ਕਲੱਬ ਵਿੱਚ ਪੈੱਸ ਕਾਨਫਰੰਸ ਕਰਨ ਜਾ ਰਹੀ ਹੈ। ਕਾਨੂੰਨ ਬਣਨ ਦੇ ਬਾਵਜੂਦ ਠੇਕੇ ਉੱਪਰ ਲੱਗੇ ਮੁਲਾਜ਼ਮਾਂ ਨੂੰ ਪੱਕੇ ਕਰਨ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ, ਜਨਵਰੀ 2017, ਜੁਲਾਈ 2017 ਅਤੇ ਹੁਣ ਜਨਵਰੀ 2018 ਦੀਆਂ ਕਿਸ਼ਤਾਂ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਪੇ-ਕਮਿਸ਼ਨ ਬਾਰੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਹੈ ਜਿਸਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਅੱਜ ਦੀ ਰੈਲੀ ਵਿੱਚ ਸਟੇਟ ਆਗੂ ਗੁਰਜੰਟ ਸਿੰਘ ਕੋਕਰੀ, ਪੋਹਲਾ ਸਿੰਘ ਬਰਾੜ, ਬਲਕਰਨ ਮੋਗਾ ਤੋਂ ਇਲਾਵਾ ਬਚਿੱਤਰ ਸਿੰਘ ਧੋਥੜ, ਇੰਦਰਜੀਤ ਭਿੰਡਰ, ਖੁਸ਼ਪਾਲ ਸਿੰਘ, ਪਨਬੱਸ ਦੇ ਬਲਜਿੰਦਰ ਸਿੰਘ, ਕਰਮਚਾਰੀ ਦਲ ਦੇ ਪ੍ਰਦੀਪ, ਦਪਿੰਦਰ ਆਦਿ ਨੇ ਵੀ ਸੰਬੋਧਨ ਕੀਤਾ।


