ਦੂਰ ਅੰਦੇਸ਼ੀ ਸੋਚ ਦੇ ਮਾਲਿਕ ਸਨ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸਰਦਾਰ ਗੁਰਮੇਲ ਸਿੰਘ ਢਿੱਲੋਂ

ਮੋਗਾ, 2 ਫਰਵਰੀ (ਜਸ਼ਨ) - ਦੂਰ ਅੰਦੇਸ਼ੀ ਸੋਚ ਦੇ ਮਾਲਿਕ ਅਤੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਣ ਵਾਲੇ ਸਰਦਾਰ ਗੁਰਮੇਲ ਸਿੰਘ ਢਿੱਲੋਂ ਦਾ ਜਨਮ 1936 ‘ਚ ਪਿੰਡ ਫੇਰੋਕੇ (ਫਿਰੋਜ਼ਪੁਰ) ਵਿਖੇ ਪਿਤਾ ਸ੍ਰ. ਮਾਹਲਾ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਹੋਇਆ। ਬਚਪਨ ਵਿਚ ਹੀ ਆਪ ਖੇਤੀਬਾੜੀ ਵਿਚ ਦਿਲਚਸਪੀ ਲੈਣ ਲੱਗੇ ਅਤੇ ਇਸੇ ਲਗਨ ਨਾਲ ਵਿਚਰਦਿਆਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਅਮਿੱਟ ਪੈੜਾਂ ਪਾਈਆਂ । ਸੰਨ 1952 ਵਿਚ ਆਪ ਦਾ ਵਿਆਹ ਸੁਰਜੀਤ ਕੌਰ ਵਾਸੀ ਮੋਗਾ ਨਾਲ ਹੋਇਆ। 1979 ਵਿਚ ਪਿੰਡੋਂ ਪਰਿਵਾਰ ਸਮੇਤ ਮੋਗਾ ਆ ਕੇ ਵੱਸ ਗਏ। ਰਾਜਸੀ ਸੂਝ ਵਾਲੇ ਗੁਰਮੇਲ ਸਿੰਘ ਢਿੱਲੋਂ ਨੇ ਦਿ੍ਰੜਤਾ ਨਾਲ ਪਰਿਵਾਰ ਨੂੰ ਪੈਰਾਂ ਸਿਰ ਖੜਾ ਕਰਨ ਲਈ ਸਖਤ ਮਿਹਨਤ ਕੀਤੀ। ਆਪਣੇ ਚਾਰ ਪੁੱਤਰਾਂ ਅਤੇ ਤਿੰਨ ਧੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਸਮਾਜ ਵਿਚ ਵਿਚਰਨ ਦੀ ਜਾਚ ਸਿਖਾਈ ਜੋ ਅੱਜ ਵੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਜੋਂ ਜਾਣੇ ਜਾਂਦੇ ਹਨ । ਆਪ ਵੱਲੋਂ ਕੀਤੀ ਗਈ ਸਖਤ ਮਿਹਨਤ ਕਰਕੇ ਜਿੱਥੇ ਅੱਜ ਪੂਰੇ ਪਰਿਵਾਰ ਦਾ ਮੋਗਾ ਸ਼ਹਿਰ ‘ਚ ਵਿਲੱਖਣ ਨਾਮ ਸਥਾਪਿਤ ਹੈ, ਉੱਥੇ ਹੀ ਇਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਅਮਰੀਕਾ ਅਤੇ ਕਨੇਡਾ ਵਿਖੇ ਵੀ ਚੰਗਾ ਨਾਮਣਾ ਖੱਟ ਰਹੇ ਹਨ। ਆਪ ਕੁਝ ਸਮਾਂ ਅਮਰੀਕਾ ਅਤੇ ਕਨੇਡਾ ਵਿਚ ਵੀ ਗਏ, ਜਿੱਥੇ ਉਹਨਾਂ ਸਮਾਜਿਕ ਅਤੇ ਹੋਰ ਕਾਰਜਾਂ ਨੂੰ ਨੇੜਿਓਂ ਹੋ ਕੇ ਦੇਖਿਆ। ਬੀਤੇ ਦਿਨੀਂ ਆਪ ਅਚਾਨਕ ਸਦੀਵੀਂ ਵਿਛੋੜਾ ਦੇਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ 3 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਮਹਿਮਾ ਸਿੰਘ ਪਿੰਡ ਮਹਿਮਾ ਸਿੰਘ ਵਾਲਾ (ਮੋਗਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ,ਜਿੱਥੇ ਵੱਖ-ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


