ਮੋਗਾ ਸ਼ਹਿਰ ਦੇ ਵਿਕਾਸ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਸਮਰਪਿਤ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਕੀਤਾ ਤੇਜ਼

ਮੋਗਾ,23 ਦਸੰਬਰ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਦੀ ਕਮਾਂਡ ਹੇਠ ਬੇਸ਼ੱਕ ਮੋਗਾ ਹਲਕੇ ਖਾਸਕਰ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਨੇ ਪਰ ਮੋਗਾ ਨੂੰ ਪੰਜਾਬ ਦੇ ਅੱਵਲ ਸ਼ਹਿਰਾਂ ਵਿਚ ਸ਼ੁਮਾਰ ਕਰਵਾਉਣ ਦੀ ਆਪਣੀ ਹਸਰਤ ਪੂਰੀ ਕਰਨ ਅਤੇ ਮੋਗਾ ਵਾਸੀਆਂ ਨੂੰ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਆਪਣੇ ਸੁਪਨੇ ਦੀ ਤਾਮੀਰ ਲਈ ਹੁਣ ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ਦੇ ਇੰਚਾਰਜਾਂ ਅਤੇ ਸਮਰਪਿਤ ਲੋਕ ਆਗੂਆਂ ਨੂੰ ਟੀਮ ਦੇ ਰੂਪ ਵਿਚ ਵਿਚਰਨ ਦੀ ਨਸੀਹਤ ਦੇਣ ਦੇ ਨਾਲ ਨਾਲ ਹਰ ਗਲੀ ਕੂਚੇ ‘ਚ ਵੱਸਦੇ ਵਿਅਕਤੀਆਂ ਨਾਲ ਸੰਪਰਕ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ ਤਾਂ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਮੋਗਾ ਵਾਸੀ ਦੀ ਹਰ ਨਿੱਕੀ ਤੋਂ ਨਿੱਕੀ ਸ਼ਿਕਾਇਤ ਦਾ ਨਿਵਾਰਨ ਕੀਤਾ ਜਾ ਸਕੇ। ਟੀਮ ਮੋਗਾ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਉਹਨਾਂ ਤਾਕੀਦ ਕੀਤੀ ਕਿ ਕਾਂਗਰਸ ਦੇ ਜੰਗਜੂ ਆਪਣੇ ਆਪਣੇ ਵਾਰਡਾਂ ‘ਚ ਹੋਰ ਹੋਣ ਵਾਲੇ ਕੰਮਾਂ ਦੀ ਸੂਚੀ ਬਣਾ ਕੇ ਉਹਨਾਂ ਦੇ ਧਿਆਨ ਵਿਚ ਲਿਆਉਣ ਤਾਂ ਕਿ ਉਹ ਕੰਮ ਵੀ ਕਰਵਾਏ ਜਾ ਸਕਣ। ਵਿਧਾਇਕ ਨੇ ਆਖਿਆ ਕਿ ਉਹ ਮੋਗਾ ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਪੂਰੀ ਤਰਾਂ ਸਮਰਪਿਤ ਹੋ ਕੇ ਵਿਕਾਸ ਕਾਰਜਾਂ ਨੂੰ ਸਰਅੰਜਾਮ ਦੇ ਰਹੇ ਹਨ ਅਤੇ ਹੁਣ ਸਾਰੇ ਵਿਕਾਸ ਕਾਰਜ ਆਪਣੀ ਸੰਪੂਰਨਤਾ ਵੱਲ ਵੱਧ ਰਹੇ ਹਨ। ਉਹਨਾਂ ਆਖਿਆ ਕਿ ਸ਼ਹਿਰ ਦੇ ਵਿਕਾਸ ਲਈ ਨਿੱਠ ਕੇ ਕੰਮ ਕਰਨ ਵਾਲਿਆਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਹਰ ਵਿਕਾਸ ਕਾਰਜ ਦੀ ਗੁਣਵੱਤਾ ’ਤੇ ਪੈਨੀ ਨਜ਼ਰ ਰੱਖਣ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਸਾਬਕਾ ਕੌਂਸਲਰ ਵਿਜੇ ਭੂਸ਼ਣ ਟੀਟੂ, ਚੇਅਰਮੈਨ ਦੀਸ਼ਾ ਬਰਾੜ, ਅਗਰਵਾਲ ਸਭਾ ਦੇ ਸ਼ਹਿਰੀ ਪ੍ਰਧਾਨ ਗੌਰਵ ਗਰਗ, ਦੀਪਕ ਭੱਲਾ, ਸੁਖਵਿੰਦਰ ਸਿੰਘ ਆਜ਼ਾਦ, ਅਮਰਜੀਤ ਅੰਬੀ, ਆਤਮਾ ਸਿੰਘ ਨੇਤਾ, ਜਗਜੀਤ ਜੀਤਾ, ਗੁਰਪ੍ਰੀਤ ਸਿੰਘ ਕੋਠੇ ਪੱਤੀ ਮੁਹੱਬਤ, ਬਲਜੀਤ ਸਿੰਘ, ਲਖਬੀਰ ਲੱਖਾ, ਗੁਰਪ੍ਰੀਤ ਸਿੰਘ ਸੱਚਦੇਵਾ, ਨੀਲਾ, ਟਿੰਕੂ, ਕਸ਼ਮੀਰ ਸਿੰਘ ਲਾਲਾ, ਕੁਲਵਿੰਦਰ ਸਿੰਘ ਚਕੀਆ, ਜਤਿੰਦਰ ਕੁਮਾਰ ਅਰੋੜਾ, ਅਸ਼ੋਕ ਧਮੀਜਾ ਆਦਿ ਆਗੂ ਹਾਜ਼ਰ ਸਨ।


