ਵਿਧਾਇਕ ਡਾ. ਹਰਜੋਤ ਕਮਲ ਨੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਚੋਣਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਮਾਰਟ ਫੋਟ ਦੇਣ ਦਾ ਕੀਤਾ ਵਾਅਦਾ ਹੋਇਆ ਪੂਰਾ: ਵਿਧਾਇਕ ਡਾ.ਹਰਜੋਤ ਕਮਲ
ਮੋਗਾ, 1 ਅਕਤੂਬਰ(ਜਸ਼ਨ) : ਸੂਬਾ ਪੱਧਰ ’ਤੇ 92 ਕਰੋੜ ਦੀ ਲਾਗਤ ਵਾਲੀ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਮੋਗਾ ਦੇ ਵਿਦਿਆਰਥੀਆਂ ਨੂੰ ਡਿਜੀਟਲ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਜਦੋਂ ਵਿਧਾਇਕ ਡਾ. ਹਰਜੋਤ ਕਮਲ ਨੇ ਸਰਕਾਰੀ ਸਕੂਲਾਂ ‘ਚ ਸਮਾਰਟ ਫ਼ੋਨ ਵੰਡੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਅਤੇ ਗੋਧੇਵਾਲਾ ਦੇ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਥੀਆਂ ਨੂੰ ਨਿੱਜੀ ਤੌਰ ’ਤੇ ਸਮਾਰਟ ਫੋਨ ਵੰਡਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਸਕੀਮ ਨਾਲ ਆਨਲਾਈਨ ਸਿੱਖਿਆ ਤੱਕ ਪਹੁੰਚ ਕਰਨ ਲਈ ਇਨ੍ਹਾਂ ਵਿਦਿਆਰਥੀਆਂ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਹੋਣ ਕਰਕੇ ਪੈਦਾ ਹੁੰਦੇ ਪਾੜੇ ਨੂੰ ਹੁਣ ਪੂਰਿਆ ਜਾ ਸਕੇਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਨੇ ਆਪਣੇ ਇਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ ਜੋ ਨਵੰਬਰ, 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ।ਇਨ੍ਹਾਂ ਵਿਦਿਆਰਥੀਆਂ ਵਿੱਚ 87,395 ਲੜਕੇ ਅਤੇ 86,620 ਲੜਕੀਆਂ ਹਨ । ਉਹਨਾਂ ਕਿਹਾ ਕਿ ਸਮਾਰਟ ਫੋਨ ਦੇਣ ਦਾ ਉਦੇਸ਼ ਆਲਮੀ ਸੰਚਾਰ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਗਰੀਬ ਨੌਜਵਾਨਾਂ ਦਾ ਸਸ਼ਕਤੀਕਰਨ ਕਰਨਾ ਹੈ ਜੋ ਸਮਾਰਟ ਫੋਨ ਨਹੀਂ ਲੈ ਸਕਦੇ ਹਨ। ਉਹਨਾਂ ਕਿਹਾ ਕਿ ਮਹਾਂਮਾਰੀ ਦੇ ਮੌਜੂਦਾ ਸਮੇਂ ਇਨ੍ਹਾਂ ਫੋਨਾਂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ ਕਿਉਂ ਜੋ ਆਨਲਾਈਨ ਸਿੱਖਿਆ ਪ੍ਰਣਾਲੀ ਕਾਰਨ ਫੋਨ ਜ਼ਰੂਰਤ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੌਜੂਦਾ ਪ੍ਰਸਥਿਤੀਆਂ ਦੇ ਹਾਣ ਦਾ ਬਣਾਉਣ ਲਈ ਇਹ ਪ੍ਰੌਜੈਕਟ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਫੋਨ ਮਾਰਚ ਵਿੱਚ ਵੰਡਣ ਦੀ ਯੋਜਨਾ ਸੀ ਪਰ ਕੋਵਿਡ ਦੇ ਸੰਕਟ ਕਾਰਨ ਦੇਰੀ ਹੋ ਗਈ।
ਡਾ: ਹਰਜੋਤ ਕਮਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੋਗਾ ਦੇ ਵਿਦਿਆਰਥੀ ਆਧੁਨਿਕ ਤਕਨਾਲੋਜੀ ਨਾਲ ਲਬਰੇਜ਼ ਹੋਣ ਜਿਸ ਨੂੰ ਉਹ ਆਪਣੀ ਸਿੱਖਿਆ ਲਈ ਅਸਰਦਾਇਕ ਢੰਗ ਨਾਲ ਵਰਤ ਸਕਣ ਜੋ ਅੱਜ ਤਕਨਾਲੋਜੀ ਦਾ ਵੱਡੇ ਪੱਧਰ ’ਤੇ ਲਾਭ ਉਠਾਉਂਦੇ ਹਨ। ਉਨ੍ਹਾਂ ਆਪਣੇ ਸਕੂਲ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦਿਨ ਬੀਤ ਗਏ ਜਦੋਂ ਚਾਕ ਅਤੇ ਬੋਰਡ ਦੀ ਵਰਤੋਂ ਹੁੰਦੀ ਸੀ ਅਤੇ ਪਿਛਲੇ ਕੁਝ ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਤਕਨਾਲੋਜੀ ਦੇ ਲਿਹਾਜ਼ ਨਾਲ ਨਵੀਆਂ ਪਹਿਲਕਦਮੀਆਂ ਕਰਦਿਆਂ ਸਮਾਰਟ ਸਕੂਲਾਂ ਦਾ ਨਿਰਮਾਣ ਕੀਤਾ ਗਿਆ ਹੈ। ਡਾ: ਹਰਜੋਤ ਕਮਲ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ 12ਵੀਂ ਜਮਾਤ ਹਰ ਵਿਦਿਆਰਥੀ ਜੀਵਨ ‘ਚ ਅਹਿਮ ਪੜਾਅ ਹੰੁਦੀ ਹੈ ਅਤੇ ਇਸ ਸਮੇਂ ਕੈਪਟਨ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਮਾਰਟ ਫ਼ੋਨਾਂ ਦਾ ਉਹ ਸਾਕਾਰਤਮਕ ਤਰੀਕੇ ਨਾਲ ਸਦਉਪਯੋਗ ਕਰਨ। ਉਹਨਾਂ ਕਿਹਾ ਕਿ ਸਮਾਰਟ ਫ਼ੋਨ ਵਿਦਿਆਰਥੀਆਂ ਨੂੰ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੋਰਸ ਸਮੱਗਰੀ, ਪੁਰਾਣੇ ਪੇਪਰ ਆਦਿ ਡਾਊਨਲੋਡ ਕਰਨ ਅਤੇ ਅਧਿਆਪਕਾਂ ਵੱਲੋਂ ਚਲਾਈਆਂ ਜਾ ਰਹੀਆਂ ਜ਼ੂਮ ਕਲਾਸਾਂ ਅਟੈਂਡ ਕਰਨ ‘ਚ ਮੱਦਦ ਕਰੇਗਾ । ਉਹਨਾਂ ਕਿਹਾ ਕਿ ਇਹ ਸਕੀਮ ਲੋੜਵੰਦ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ ਜਿਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਲੋੜ ਬਣੀ ਆਨਲਾਈਨ ਸਿੱਖਿਆ ਹਾਸਲ ਕਰਨ ਲਈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਮੁਕਾਬਲੇ ਤਕਨਾਲੋਜੀ ਕਰਕੇ ਔਖਿਆਈ ਹੋ ਰਹੀ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਾ: ਹਰਜੋਤ ਨੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਅੱਜ ਦੇ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਨਰਿੰਦਰਪਾਲ ਸਿੱਧੂ ਸਾਬਕਾ ਐੱਮ ਸੀ,ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਪਾਲ ਸਿੰਘ ਔਲਖ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਮੱਕੜ,ਸੁਪਰਡੈਂਟ ਜਸਵੀਰ ਸਿੰਘ,ਪਿ੍ਰੰ: ਰਾਜੇਸ਼ ਕੁਮਾਰ ,ਪਿ੍ਰੰ: ਮਨਜੀਤ ਕੌਰ,ਅਮਰਜੀਤ ਅੰਬੀ, ਵਿਜੇ ਖੁਰਾਣਾ ,ਦਵਿੰਦਰ ਸ਼ਰਮਾ ,ਜੱਗਾ ਰੌਲੀ, ਰਮਨ ਮੱਕੜ ,ਸੰਜੀਵ ਬੱਠਲਾ,ਧੀਰਜ ਕੁਮਾਰ,ਸਾਹਿਲ ਅਰੋੜਾ,ਛਿੰਦਾ ਬਰਾੜ,ਜਤਿੰਦਰ ਅਰੋੜਾ,ਪ੍ਰਵੀਨ ਮੱਕੜ ,ਬਿੱਟੁੂ ਫਿਲਟਰਾਂ ਵਾਲਾ,ਅਸ਼ੋਕ ਧਮੀਜਾ ,ਲਖਵਿੰਦਰ ਲੱਖਾ ,ਸਤੀਸ਼ ਗਰੋਵਰ,ਕੁਲਦੀਪ ਬੱਸੀਆਂ,ਗੁਰਸੇਵਕ ਸਿੰਘ ਸਮਰਾਟ,ਲੈਕਚਰਾਰ ਪਿ੍ਰਆ ਸਟੋਨੀ , ਲੈਕਚਰਾਰ ਪ੍ਰਦੀਪ ਕੁਮਾਰ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।



