ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ ‘ਚ ‘ਕਿਸਾਨ ਬਚਾਓ ਪੰਜਾਬ ਬਚਾਓ , ਖੇਤੀ ਬਚਾਓ ’ਰੈਲੀ ਅਤੇ ਟਰੈਕਟਰ ਮਾਰਚ ਕੱਢ ਕੇ ਕਿਸਾਨ ਹਿਤਾਂ ਲਈ ਸੰਘਰਸ਼ ਦੀ ਕੀਤੀ ਆਰੰਭਤਾ

ਮੋਗਾ, 4 ਅਕਤੂਬਰ (ਜਸ਼ਨ):ਪੰਜਾਬ ਵਿਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਨੂੰ ਸਮਰਥਨ ਦੇਣ ਲਈ ਕਾਂਗਰਸ ਵੱਲੋਂ ਅੱਜ ‘ਕਿਸਾਨ ਬਚਾਓ ਪੰਜਾਬ ਬਚਾਓ , ਖੇਤੀ ਬਚਾਓ ’ਰੈਲੀ ਅਤੇ ਟਰੈਕਟਰ ਮਾਰਚ ਕੱਢ ਕੇ ਕਿਸਾਨ ਹਿਤਾਂ ਲਈ ਸੰਘਰਸ਼ ਦੀ ਆਰੰਭਤਾ ਕੀਤੀ ਗਈ। ਅੱਜ ਮੋਗਾ ਦੇ ਕਸਬਾ ਬੱਧਣੀ ਕਲਾਂ ‘ਚ ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਟਰੈਕਟਰਾਂ ’ਤੇ ਸਵਾਰ ਹੋ ਕੇ ਪਹੰੁਚੇ। ਇਸ ਮੌਕੇ ਸ਼੍ਰੀ ਰਾਹੁਲ ਗਾਂਧੀ ਨੇ ਆਖਿਆ ਕਿ ਪੂਰੇ ਦੇਸ਼ ‘ਚ ਤੂਫ਼ਾਨ ਆਇਆ ਹੋਇਆ ਹੈ ਅਤੇ ਕੋਵਿਡ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਨੇ ਜਦਕਿ ਲੱਖਾਂ ਲੋਕਾਂ ਨੂੰ ਬੀਮਾਰੀ ਨਾਲ ਜੂਝਣਾ ਪਿਆ ਹੈ। ਉਹਨਾਂ ਅਜਿਹੇ ਨਾਜ਼ੁਕ ਦੌਰ ਵਿਚ ਇਹ ਇਤਰਾਜ਼ ਉਠਾਉਂਦਿਆਂ ਆਖਿਆ ਕਿ ਕੇਂਦਰ ਸਰਕਾਰ ਦੀ ਖੇਤੀ ਆਰਡੀਨੈਂਸ ਲਿਆਉਣ ਦੀ ਕੀ ਮਜ਼ਬੂਰੀ ਸੀ। ਰਾਹੁਲ ਨੇ ਕਿਹਾ ਕਿ ਉਹ ਖੇਤੀ ਸੁਧਾਰਾਂ ਦੇ ਵਿਰੁੱਧ ਨਹੀਂ ਹਨ । ਉਹਨਾਂ ਕਿਹਾ ਕਿ ਵਿਵਸਥਾ ਵਿਚ ਖਾਮੀਆਂ ਜ਼ਰੂਰ ਹਨ ਅਤੇ ਇਸ ਲਈ ਸੁਧਾਰ ਹੋਣੇ ਵੀ ਚਾਹੀਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸੁਧਾਰਾਂ ਦੇ ਨਾਮ ’ਤੇ ਪੂਰੀ ਵਿਵਸਥਾ ਨੂੰ ਹੀ ਨੇਸਤੋ ਨਬੂਦ ਕਰ ਦਿੱਤਾ ਜਾਵੇ । ਉਹਨਾਂ ਸਪੱਸ਼ਟ ਕਿਹਾ ਕਿ ਇਹ ਤਿੰਨੇ ਖੇਤੀ ਬਿੱਲ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਚਾਰ ਚਰਚਾ ਲਈ ਰੱਖੇ ਜਾਣੇ ਚਾਹੀਦੇ ਸਨ ਪਰ ਮੋਦੀ ਸਰਕਾਰ ਨੇ ਆਰਡੀਨੈਂਸ ਵਾਲਾ ਰਾਹ ਅਖਤਿਆਰ ਕਰਕੇ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਹੈ । ਉਹਨਾਂ ਸਵਾਲ ਕੀਤਾ ਕਿ ਜੇ ਮੋਦੀ ਸਾਬ੍ਹ ਇਹ ਆਖਦੇ ਨੇ ਕਿ ਇਹ ਤਿੰਨੇ ਕਾਨੂੰਨ ਕਿਸਾਨਾਂ ਦੇ ਹਿਤ ਵਿਚ ਹਨ ਤਾਂ ਅਜਿਹਾ ਕੀ ਵਾਪਰ ਗਿਆ ਕਿ ਸਾਰੇ ਦੇਸ਼ ਵਿਚ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
ਉਹਨਾਂ ਦੋਸ਼ ਲਾਇਆ ਕਿ ਦਰਅਸਲ ਮੋਦੀ ਸਰਕਾਰ ਵੱਲੋਂ ਪਹਿਲਾਂ ਕਾਲੇ ਧੰਨ ਦਾ ਛਲਾਵਾ ਦਿੱਤਾ ਗਿਆ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਜੀ ਐੱਸ ਟੀ ਅਤੇ ਨੋਟਬੰਦੀ ਲਾਗੂ ਕਰਕੇ ਆਮ ਲੋਕਾਂ ਨੂੰ ਆਰਥਿਕ ਤੌਰ ’ਤੇ ਵੱਡੀ ਸੱਟ ਮਾਰੀ ਗਈ। ਉਹਨਾਂ ਆਖਿਆ ਕਿ ਕਿੰਨੀ ਦੁਖਦਾਈ ਗੱਲ ਹੈ ਕਿ ਵੱਡਿਆਂ ਘਰਾਣਿਆਂ ਨੂੰ ਤਾਂ ਅਰਬਾਂ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਂਦੇ ਹਨ ਪਰ ਕਿਸਾਨਾਂ ਨੂੰ ਸਿਰਫ਼ ਤੇ ਸਿਰਫ਼ ਉਹਨਾਂ ਦੀ ਉਪਜ ਦਾ ਸਮਰਥਨ ਮੁੱਲ ਵੀ ਨਹੀਂ ਦਿੱਤਾ ਜਾ ਰਿਹਾ ।
ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਰਹੀ ਹੈ । ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਜਦ ਚਾਹੇ ਕਿਸਾਨਾਂ ਦੀ ਜ਼ਮੀਨ ਦਾ ਅਧਿਕਰਨ ਕਰ ਲੈਂਦੀ ਸੀ ਅਤੇ ਕਿਸਾਨਾਂ ਨੂੰ ਦਰ ਦਰ ਰੁਲਣਾ ਪੈਂਦਾ ਸੀ ਪਰ ਕਾਂਗਰਸ ਨੇ ਹੀ ਬਕਾਇਦਾ ਕਾਨੂੰਨ ਬਣਾ ਕੇ ਕਿਸਾਨਾਂ ਦੀ ਜ਼ਮੀਨ ਅਧਿਕਰਨ ਮੌਕੇ ਉਹਨਾਂ ਨੂੰ ਮਾਰਕੀਟ ਮੁੱਲ ਤੋਂ ਚਾਰ ਗੁੱਣਾ ਰੇਟ ਦੇਣ ਦਾ ਕਾਨੂੰਨ ਬਣਾਇਆ ਤਾਂ ਕਿ ਜ਼ਮੀਨ ਨਾ ਹੋਣ ਦੀ ਹਾਲਾਤ ਵਿਚ ਉਹ ਆਪਣਾ ਘਰ ਪਰਿਵਾਰ ਚਲਾ ਸਕਣ। ਉਹਨਾਂ ਆਖਿਆ ਕਿ ਇਸ ਦੇ ਉਲਟ ਮੋਦੀ ਸਰਕਾਰ ਨੇ ਇਸ ਕਾਨੂੰਨ ਨੂੰ ਰਦ ਕੀਤਾ ਪਰ ਫੇਰ ਵੀ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਹੁਣ ਜ਼ਮੀਨ ਅਧਿਕਰਨ ਹੋਣ ’ਤੇ ਕਿਸਾਨਾਂ ਨੂੰ ਜ਼ਮੀਨਾਂ ਦਾ ਦੁੱਗਣਾ ਮੁੱਲ ਮਿਲ ਰਿਹਾ ਹੈ ।
ਰਾਹੁਲ ਗਾਂਧੀ ਨੇ ਆਖਿਆ ਕਿ ਮੋਦੀ ਸਰਕਾਰ ਕੱਠਪੁਤਲੀ ਸਰਕਾਰ ਹੈ ਜਿਸ ਦੀ ਡੋਰ ਅਦਾਨੀਆਂ ਅਤੇ ਅੰਬਾਨੀਆਂ ਦੇ ਹੱਥ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਐੱਨ ਡੀ ਏ ਦੀ ਸਰਕਾਰ ਨੂੰ ਕਾਰਪੋਰੇਟ ਘਰਾਣੇ ਸਰਕਾਰ ਚਲਾ ਰਹੇ ਨੇ ।
ਉਹਨਾਂ ਕਿਸਾਨਾਂ ਨਾਲ ਹਮਦਰਦੀ ਕਰਦਿਆਂ ਆਖਿਆ ਕਿ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਅਤੇ ਇਸੇ ਕਰਕੇ ਕਿਸਾਨਾਂ ਦੀ ਸੁਰੱਖਿਆ ਲਈ ਸਮਰਥਨ ਮੁੱਲ ਲਾਗੂ ਕਰਨ ਦੇ ਨਾਲ ਨਾਲ ਮੰਡੀਕਰਨ ਵਿਵਸਥਾ ਲਾਗੂ ਕੀਤੀ ਗਈ ਸੀ ਪਰ ਅਫਸੋਸ ਕਿ ਹੁਣ ਵੱਡਿਆਂ ਘਰਾਣਿਆ ਦੇ ਕਹਿਣ ’ਤੇ ਕੇਂਦਰ ਸਰਕਾਰ ਫੂਡ ਪ੍ਰੋਕਿਓਰਮੈਂਟ ਸਿਸਟਮ ਬੰਦ ਕਰਨ ਤੇ ਤੁਲੀ ਹੋਈ ਹੈ ਜਿਸ ਨਾਲ ਕਿਰਸਾਨੀ ਪੂਰੀ ਤਰਾਂ ਖਤਮ ਹੋ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਕਿਸਾਨਾਂ ਨੂੰ ਬਰਬਾਦ ਨਹੀਂ ਹੋਣ ਦੇਵੇਗੀ ਅਤੇ ਇਕ ਇੰਚ ਜ਼ਮੀਨ ਵੀ ਕਾਰਪੋਰੇਟ ਹੱਥਾਂ ਵਿਚ ਨਹੀਂ ਜਾਣ ਦਿੱਤੀ ਜਾਵੇਗੀ।
ਸ਼੍ਰੀ ਰਾਹੁਲ ਗਾਂਧੀ ਨੇ ਆਖਿਆ ਕਿ ਉਹ ਕਿਸਾਨਾਂ ਦੇ ਸੰਘਰਸ਼ ਦੌਰਾਨ ਪੂਰੀ ਤਰਾਂ ਉਹਨਾਂ ਦੇ ਨਾਲ ਹਨ ਅਤੇ ਜਦ ਵੀ ਕਾਂਗਰਸ ਸੱਤਾ ਵਿਚ ਆਈ ਤਾਂ ਇਹ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ । ਉਹਨਾਂ ਆਖਿਆ ਕਿ ਪੂਰੇ ਹਿੰਦੋਸਤਾਨ ਦਾ ਕਿਸਾਨ ਮੋਦੀ ਸਰਕਾਰ ਖਿਲਾਫ਼ ਲੜਾਈ ਵਿਚ ਇਕ ਇੰਚ ਵੀ ਪਿੱਛੇ ਨਹੀਂ ਹਟੇਗਾ।
ਉਹਨਾਂ ਆਖਿਆ ਕਿ ਯੂ ਪੀ ਦੇ ਹਾਥਰਸ ਵਿਚ ਮਾਰੀ ਗਈ ਲੜਕੀ ਨੂੰ ਇਨਸਾਫ਼ ਦੇਣ ਲਈ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਲੜਕੀ ਦੇ ਪਰਿਵਾਰ ਨੂੰ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ ,ਜਿਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਕਿਸਾਨ ਮਜ਼ਦੂਰ ਅਤੇ ਦਲਿਤ ਸੁਰੱਖਿਅਤ ਨਹੀਂ ਹਨ ।
ਅੱਜ ਦੀ ਰੈਲੀ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧੋਨ ਕਰਦਿਆਂ ਆਖਿਆ ਕਿ ਅੱਜ ਕਾਂਗਰਸ ਵੱਲੋਂ ਬਕਾਇਦਾ ਕਿਸਾਨ ਹਿਤਾਂ ਲਈ ਸੰਘਰਸ਼ ਆਰੰਭ ਦਿੱਤਾ ਗਿਆ ਹੈ ਅਤੇ ਤਿੰਨੇ ਖੇਤੀ ਕਾਨੂੰਨ ਵਾਪਸ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਨਵਜੋਤ ਸਿੱਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਨੂੰ ਦਾਲਾਂ ਅਤੇ ਤੇਲ ਬੀਜਾਂ ਲਈ ਸਮਰਥਨ ਮੁੱਲ ਐਲਾਨਣਾ ਚਾਹੀਦਾ ਹੈ ਤਾਂ ਕਿ ਕਿਸਾਨ ਝੋਨੇ ਅਤੇ ਕਣਕ ਦੇ ਚੱਕਰ ਤੋਂ ਬਾਹਰ ਆ ਕੇ ਸਹਿਕਾਰਤਾ ਦੇ ਰਾਹ ਤੁਰਦਿਆਂ ਪੈਰਾਂ ਸਿਰ ਹੋ ਸਕਣ। ਉਹਨਾਂ ਸਪੱਸ਼ਟ ਐਲਾਨ ਕੀਤਾ ਕਿ ਅਦਾਨੀਆਂ ਅਤੇ ਅੰਬਾਨੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵਿਧਾਨ ਸਭਾ ਦੇ ਦਸਤਾਵੇਜ਼ ਦਿਖਾਉਂਦਿਆਂ ਆਖਿਆ ਕਿ ਕਾਨਟਰੈਕਟ ਫਾਰਮਿੰਗ ਦਾ ਬਿੱਲ ਦਰਅਸਲ ਅਕਾਲੀ ਭਾਜਪਾ ਸਰਕਾਰ ਨੇ 16 ਅਪਰੈਲ 2013 ਵਿਚ ਵਿਧਾਨ ਸਭਾ ਵਿਚ ਪਾਸ ਕੀਤਾ ਸੀ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਲਿਆਂਦਾ ਖੇਤੀ ਬਿੱਲ ਬਿਲਕੁੱਲ ਉਸੇ ਤਰਜ਼ ’ਤੇ ਹੈ ਇਸ ਕਰਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਕਿਸਾਨ ਹਿਤਾਂ ਲਈ ਸੰਘਰਸ਼ ਦੇ ਡਰਾਮੇਂ ਨਹੀਂ ਕਰਨੇ ਚਾਹੀਦੇ ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਤਿੱਖੇ ਤੇਵਰ ਦਿਖਾਉਂਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਚੀਚੀ ’ਤੇ ਖੂਨ ਲਗਾ ਕੇ ਸ਼ਹੀਦ ਹੋਣ ਦਾ ਪਰਪੰਚ ਰਚ ਰਿਹਾ ਹੈ ਜਦਕਿ ਬੀਬੀ ਹਰਸਿਮਰਤ ਕੌਰ ਨੇ ਜਦੋਂ ਪਕੌੜੀਆਂ ਵਾਲਾ ਮੰਤਰਾਲਾ ਛੱਡਣ ਦਾ ਨਾਟਕ ਕੀਤਾ ਤਾਂ ਪਹਿਲਾਂ ਤੋਂ ਹੀ ਤਿਆਰ ਮੋਦੀ ਨੇ ਰਾਤੋ ਰਾਤ ਰਾਸ਼ਟਰਪਤੀ ਤੋਂ ਅਸਤੀਫ਼ਾ ਮੰਨਜ਼ੂਰ ਕਰਵਾ ਦਿੱਤਾ,ਤਾਂ ਸੁਖਬੀਰ ਦੇ ਕੰਨ ਖੜ੍ਹੇ ਹੋ ਗਏ ਕਿ ਸਵੇਰ ਹੰੁਦਿਆਂ ਕਿਤੇ ਮੋਦੀ ਅਕਾਲੀ ਦਲ ਨੂੰ ਗੱਠਜੋੜ ਤੋਂ ਵੀ ਕੱਢਣ ਦਾ ਐਲਾਨ ਨਾ ਕਰ ਦੇਵੇ ,ਇਸ ਕਰਕੇ ਰਾਤ ਨੂੰ 11 ਵਜੇ ਫੇਸਬੁੱਕ ’ਤੇ ਲਾਈਵ ਹੋ ਕੇ ਸੁਖਬੀਰ ਬਾਦਲ ਨੇ ਆਪਣੀ ਇੱਜ਼ਤ ਬਚਾਉਂਦਿਆਂ ਗੱਠਜੋੜ ‘ਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਵਿਧਾਇਕ ਕਾਕਾ ਲੋਹਗ੍ਹੜ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਵਿਚ ਮੋਦੀ ਖਿਲਾਫ਼ ਰੋਹ ਪਾਇਆ ਜਾ ਰਿਹਾ ਹੈ ਅਤੇ ਅੱਜ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ‘ਚ ਆਪ ਮੁਹਾਰੇ ਪਹੰੁਚੇ ਹਜ਼ਾਰਾਂ ਲੋਕਾਂ ਨੇ ਦਿੱਲੀ ਖਿਲਾਫ਼ ਜੰਗ ਦਾ ਬਿਗਲ ਵਜਾ ਦਿੱਤਾ ਹੈ।
ਅੱਜ ਦੀ ਰੈਲੀ ਨੂੰ ਮੁਹੰਮਦ ਸਦੀਕ ,ਹਰੀਸ਼ ਰਾਵਤ ,ਸੁਨੀਲ ਜਾਖੜ, ਵਿਧਾਇਕ ਡਾ: ਹਰਜੋਤ ਕਮਲ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵੀ ਸੰਬੋਧਨ ਕੀਤਾ।
ਅੱਜ ਦੀ ਰੈਲੀ ਵਿਚ ਰਾਜਸਭਾ ਮੈਂਬਰ ਦੀਪਇੰਦਰ ਹੁੱਡਾ, ਆਲਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਏ ਵੀਨੂੰ ਗੋਪਾਲ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸਿੰਘ ਸੋਢੀ, ਚਰਨਜੀਤ ਚੰਨੀ,ਵਿਧਾਇਕ ਕੁਲਬੀਰ ਜ਼ੀਰਾ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਦਰਸ਼ਨ ਸਿੰਘ ਬਰਾੜ ,ਕਮਲਜੀਤ ਸਿੰਘ ਬਰਾੜ,ਸੂਬਾ ਪ੍ਰਧਾਨ ਮਮਤਾ ਦੱਤਾ,ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ,ਯੂਥ ਪ੍ਰਧਾਨ ਬਰਿੰਦਰ ਸਿੰਘ, ਚੇਅਰਮੈਨ ਵਿਨੋਦ ਬਾਂਸਲ,ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ,ਜਗਰੂਪ ਤਖਤੂਪੁਰਾ,ਰੁਪਿੰਦਰ ਦੀਨਾ ਪੀ ਏ,ਅਵਤਾਰ ਸਿੰਘ ਪੀ ਏ, ਗੋਗਾ ਸੰਗਲਾ,ਪਰਮਿੰਦਰ ਡਿੰਪਲ ਆਦਿ ਹਾਜ਼ਰ ਸਨ।
ਇਸ ਮੌਕੇ ਰਾਹੁਲ ਗਾਂਧੀ ,ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ ‘ਕਿਸਾਨ ਮਜ਼ਦੂਰ ਏਕਤਾ ਝੰਡਾ ’ਲੋਕ ਅਰਪਿਤ ਕੀਤਾ । ਰੈਲੀ ਤੋਂ ਬਾਅਦ ਰਾਹੁਲ ਗਾਂਧੀ ,ਕੈਪਟਨ ਅਮਰਿੰਦਰ ਸਿੰਘ ,ਨਵਜੋਤ ਸਿੱਧੂ ਆਦਿ ਟਰੈਕਟਰਾਂ ’ਤੇ ਸਵਾਰ ਹੋ ਕੇ ਰੈਲੀ ਵਿਚ ਸ਼ਾਮਲ ਹੋਏ ਜਦਕਿ ਟਰੈਕਟਰ ਦੇ ਸਾਰਥੀ ਸ਼੍ਰੀ ਸੁਨੀਲ ਜਾਖੜ ਬਣੇ ਅਤੇ ਟਰੈਕਟਰ ਰੈਲੀ ਲੁਧਿਆਣਾ ਦੇ ਪਿੰਡ ਚਕਰ ਲਈ ਰਵਾਨਾ ਹੋ ਗਈ।
ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਕਿਸਾਨ ਟਰੈਕਟਰਾਂ ’ਤੇ ਸਵਾਰ ਹੋ ਕੇ ਸ਼ਾਮਲ ਹੋਏ।


