ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪਿੰਡ ਬੁਕਣਵਾਲਾ ਵਿਖੇ ਕਿਸਾਨ ਔਰਤ ਦਿਵਸ ਮਨਾਇਆ ਗਿਆ

ਮੋਗਾ, 6 ਮਾਰਚ (ਜਸ਼ਨ): ਪ੍ਰਗਤੀਸ਼ੀਲ ਇਸਤਰੀ ਸਭਾ ਜ਼ਿਲ੍ਹਾ ਮੋਗਾ ਵੱਲੋਂ ਔਰਤ ਜਾਗਰਤੀ ਮੁਹਿੰਮ ਤਹਿਤ ਪਿੰਡ ਬੁਕਣਵਾਲਾ ਸਿੰਘਾਂ ਵਾਲਾ (ਮੋਗਾ) ਵਿਖੇ ਕਿਸਾਨ ਔਰਤ ਦਿਵਸ ਮਨਾਇਆ ਗਿਆ । ਕਿਸਾਨੀ ਸੰਘਰਸ ਨੂੰ ਸਮਰਪਿਤ ਇਸ ਸਮਾਗਮ ਮੌਕੇ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਹਰਜੀਤ ਕੌਰ,ਸੁਖਜੀਤ ਕੌਰ ,ਸਰਨਜੀਤ ਕੌਰ ਤੇ ਐਡਵੋਕੇਟ ਰਵਿਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਕਿਸਾਨੀ ਸੰਘਰਸ਼ ਦਾ ਅਹਿਮ ਹਿੱਸਾ ਹਨ। ਔਰਤਾ ਕਿਸਾਨੀ ਮੰਗਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨਾਂ ਕਿਹਾ ਕਿ ਗੈਰ ਸੰਵਿਧਾਨਿਕ ਤਰੀਕੇ ਨਾਲ ਲਿਆਂਦੇ ਖੇਤੀ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਜਬਰਦਸਤੀ ਥੋਪੇ ਜਾ ਰਹੇ ਹਨ ਅਤੇ ਲੋਕ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ  ਕਰਨਗੇ । ਉਹਨਾਂ ਕਿਹਾ ਕਿ ਖੇਤੀ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪ੍ਰਗਤੀਸ਼ੀਲ ਇਸਤਰੀ ਸਭਾ ਔਰਤ ਜਾਗਰਤੀ ਮੁਹਿੰਮ ਤਹਿਤ ਔਰਤਾ ਨੂੰ ਉਸ ਦੀਆਂ ਹੱਕੀ ਮੰਗਾ ਤੇ ਕਿਸਾਨੀ ਸੰਘਰਸ਼ ਲਈ ਜਾਗਰਿਤ ਕਰਦਿਆਂ ਲਾਮਬੰਦ ਕਰ ਰਹੀ ਹੈ। ੳਨਾਂ ਕਿਹਾ ਕਿ ਔਰਤ ਨੂੰ ਸਮਾਜ ਵਿੱਚ ਬਰਾਬਰ ਸਥਾਨ ਦੇਣ ਲਈ ਸਿਹਤ, ਵਿੱਦਿਆ ਤੇ ਰੁਜਗਾਰ ਦੀ ਗਰੰਟੀ ਦੇ ਕਾਨੂੰਨ ਬਣਾਏ ਜਾਣ। ਇਸ ਮੋਕੇ ਪ੍ਰਗਤੀਸੀਲ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਮੋਗਾ,ਜਿਲਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਂ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਔਰਤਾਂ ਦੇ ਚੇਤਨ ਯੋਗਦਾਨ ਤੋਂ ਬਿਨਾ ਕੋਈ ਵੀ ਅੰਦੋਲਨ ਜਿੱਤਿਆ ਨਹੀਂ ਜਾ ਸਕਿਆ । ਉਹਨਾਂ ਕਿਹਾ ਕਿ ਔਰਤ ਸਮਾਜ ਸਿਰਜਕ ਹੈ,ਸਾਂਝੀਵਾਲਤਾ ਦੀ ਪ੍ਰਤੀਕ ਹੈ,ਕਿਸਾਨੀ ਸੰਘਰਸ ਸਮਾਜਿਕ ਬਦਲਾਵ ਲਈ ਨਵੀਂ ਚੇਤਨਾ ਲੈ ਕੇ ਆਇਆ ਹੈ। ਬਲਕਰਨ ਨੇ ਕਿਹਾ ਕਿ ਇਹ ਨਵੀਂ ਚੇਤਨਾ ਅਤੇ ਲੋਕ ਸੰਘਰਸ਼ ਨਾਂ ਸਿਰਫ ਕਿਸਾਨੀ ਸੰਘਰਸ਼ ਵਿੱਚ ਜੇਤੂ ਹੋਵੇਗਾ ਬਲਕਿ ਭਵਿੱਖੀ ਸਮਾਜ ਦੀ ਵੀ ਦਿਸ਼ਾ ਤੈਅ ਕਰੇਗਾ। ਇਸ ਮੌਕੇ ਹਾਜ਼ਰ ਆਗੂਆਂ ਵਿੱਚ ਗੁਰਦੇਵ ਸਿੰਘ ਵੀ ਸਾਮਿਲ ਸਨ।