ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦੀ ਸਿਖਲਾਈ ਲਈ ਸੈਮੀਨਾਰ ਦੀ ਸ਼ੁਰੂਆਤ

ਮੋਗਾ, 23 ਅਪ੍ਰੈਲ(ਜਸ਼ਨ)-ਰਾਜ ਖੋਜ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦੀ ਸਿਖਲਾਈ ਲਈ ਤੀਜੇ ਅਤੇ ਚੌਥੇ ਗਰੁੱਪ ਦੀ ਸ਼ੁਰੂਆਤ ਡਾਇਟ ਪਿ੍ਰੰ: ਸੁਖਚੈਨ ਸਿੰਘ ਹੀਰਾ ਦੀ ਦੇਖ ਰੇਖ ਹੇਠ ਡਾਇਟ ਮੋਗਾ ਵਿਖੇ ਹੋਈ । ਇਸ ਮੌਕੇ ਜ਼ਿਲਾ ਸਾਇੰਸ ਮੈਂਟਰ ਤੇਜਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੈਮੀਨਾਰਾਂ ਦੌਰਾਨ ਵਿਗਿਆਨਕ ਕਿਰਿਆਵਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਅਧਿਆਪਕ ਸਕੂਲਾਂ ਵਿਚ ਕਿਰਿਆਵਾਂ ਨੂੰ ਪਾਠਕਰਮ ਦਾ ਹਿੱਸਾ ਬਣਾਉਣ ਕਿਉਂਕਿ ਕਿਰਿਆਵਾਂ ਰਾਹੀਂ ਵਿਦਿਆਰਥੀ ਵਿਗਿਆਨਕ ਸੰਕਲਪ ਨੂੰ ਸਹਿਜ ਹੀ ਸਮਝ ਸਕਦੇ ਹਨ । ਇਸ ਮੌਕੇ ਰਿਸੋਰਸ ਪਰਸਨਾਂ ਦੀ ਅਗਵਾਈ ਵਿਚ ਅਧਿਆਪਕਾਂ ਨੇ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਪਾਠ ਪੁਸਤਕ ਦੀਆਂ ਕਿਰਿਆਵਾਂ ਹੱਥੀਂ ਕਰਦਿਆਂ ਹੋਰਨਾਂ ਅਧਿਆਪਕਾਂ ਨਾਲ ਰੌਚਕ ਜਾਣਕਾਰੀ ਸਾਂਝੀ ਕੀਤੀ ਅਤੇ ਸਕਾਰਰਾਤਮਕ ਵਿਚਾਰ ਵਟਾਂਦਰਾਂ ਵੀ ਕੀਤਾ। ਇਸ ਮੌਕੇ ਸਿੱਖਲਾਈ ਸੈਮੀਨਾਰ ਦਾ ਨਿਰੀਖਣ ਕਰਨ ਪਹੰੁਚੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ: ਗੁਰਦਰਸ਼ਨ ਸਿੰਘ ਬਰਾੜ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਰਿਆਵਾਂ ਰਾਹੀਂ ਪੜਨ ਪੜਾਉਣ ਦੀ ਪਰਿਕਿਰਿਆ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਵੇਗੀ। ਉਹਨਾਂ ਕਿਹਾ ਕਿ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਗਿਆਨ ਦੀ ਸਿੱਖਿਆ ਦੀ ਅਤਿਅੰਤ ਲੋੜ ਹੈ। ਇਸ ਮੌਕੇ ਡਾਇਟ ਪਿ੍ਰੰ: ਸੁਖਚੈਨ ਸਿੰਘ ਹੀਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਵਿਚ ਵਿਗਿਆਨ ਵਿਸ਼ੇ ਦੀ ਰੁਚੀ ਪੈਦਾ ਕਰਨ ਲਈ ਅਧਿਆਪਕਾਂ ਵਾਸਤੇ ਅਜਿਹੇ ਸੈਮੀਨਾਰ ਟਰਨਿੰਗ ਪੋਆਇੰਟ ਸਿੱਧ ਹੋਣਗੇ। ਇਸ ਮੌਕੇ ਐੱਸ ਸੀ ਈ ਆਰ ਟੀ ਪੰਜਾਬ ਵੱਲੋਂ ਛਾਪੇ ‘ਕਿਰਿਆਵਾਂ ਰਾਹੀਂ ਵਿਗਿਆਨ’ ਕਿਤਾਬਚੇ ਨੂੰ  ਜ਼ਿਲਾ ਸਿੱਖਿਆ ਅਫਸਰ ਸ: ਗੁਰਦਰਸ਼ਨ ਸਿੰਘ ਬਰਾੜ ਨੇ ਸਕੂਲਾਂ ਲਈ ਜਾਰੀ ਕੀਤਾ। ਸੈਮੀਨਾਰ ਦੌਰਾਨ ਬਲਾਕ ਮੈਂਟਰ ਕੁਲਦੀਪ ਸਿੰਘ ਕਪੂਰੇ,ਰਮਨਦੀਪ ਸ਼ਾਰਧਾ,ਅਸ਼ਵਨੀ ਕੁਮਾਰ ,ਦਿਲਬਾਗ ਸਿੰਘ ,ਗੁਰਮੀਤ ਸਿੰਘ ,ਸੁਖਪ੍ਰੀਤ ਸਿੰਘ ,ਸਤਨਾਮ ਸਿੰਘ (ਸਾਰੇ ਬਲਾਕ ਮੈਂਟਰ) ਤੋਂ ਇਲਾਵਾ ਡਾ: ਰਾਜਵਿੰਦਰ ਸਿੰਘ,ਸ਼੍ਰੀਮਤੀ ਰਸ਼ਮੀ ਗੁਪਤਾ ਅਤੇ ਸ਼੍ਰੀਮਤੀ ਕਵਿਤਾ ਵੀ ਹਾਜ਼ਰ ਸਨ।