ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਦਾ ਪੋਸਟਰ ਰਿਲੀਜ਼

ਕੋਟਕਪੂਰਾ,5 ਫਰਵਰੀ(ਟਿੰਕੂ ਕੁਮਾਰ) : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸੇਵਾ ਲਹਿਰ ਇਕਾਈ ਕੋਟਕਪੂਰਾ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਥਾਨਕ ਨਵੀਂ ਦਾਣਾ ਮੰਡੀ ਵਿਖੇ 21, 22 ਅਤੇ 23 ਫਰਵਰੀ ਨੂੰ ਰਾਤ 7:00 ਤੋਂ 10:00 ਵਜੇ ਤੱਕ ਕਰਵਾਏ ਜਾਣ ਵਾਲੇ ਸਲਾਨਾ ਗੁਰਮਤਿ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਥੇਬੰਦੀ ਦੇ ਸੇਵਾਦਾਰਾਂ ਵੈਦ ਬਗੀਚਾ ਸਿੰਘ ਅਤੇ ਸੁਖਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ 23 ਫਰਵਰੀ ਨੂੰ ਸਵੇਰੇ 10:00 ਵਜੇ ਗੁਰਦਵਾਰਾ ਬਾਬਾ ਜੀਵਨ ਸਿੰਘ ਨੇੜੇ ਪ੍ਰੀਤ ਨਰਸਿੰਗ ਹੋਮ ਕਾਲਜ ਰੋਡ ਕੋਟਕਪੂਰਾ ਵਿਖੇ ਅੰਮਿ੍ਰਤ ਸੰਚਾਰ ਵੀ ਹੋਵੇਗਾ। ਉਨਾ ਦੱਸਿਆ ਕਿ ਤਿੰਨੋਂ ਦਿਨ ਭਾਈ ਪੰਥਪ੍ਰੀਤ ਸਿੰਘ ਖਾਲਸਾ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਂਹੀ ਹਾਜਰੀਆਂ ਲਵਾਉਣਗੇ। ਭਾਈ ਪੰਥਪ੍ਰ੍ਰੀਤ ਸਿੰਘ ਤੋਂ ਪਹਿਲੇ ਦਿਨ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਬਲਜੀਤ ਸਿੰਘ, ਦੂਜੇ ਦਿਨ ਭਾਈ ਰਣਜੀਤ ਸਿੰਘ ਵਾੜਾਦਰਾਕਾ ਤੇ ਬੀਬੀ ਗੁਰਲੀਨ ਕੌਰ ਇਸਤਰੀ ਵਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਤੀਜੇ ਦਿਨ ਭਾਈ ਮੱਖਣ ਸਿੰਘ ਮੁਸਾਫਰ ਦਾ ਜੱਥਾ ਵੀ ਕਥਾ ਕੀਰਤਨ ਅਤੇ ਸਿੱਖ ਇਤਿਹਾਸ ਸਮੇਤ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਣਗੇ।