ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਵੱਲੋਂ ਬਿਜਲੀ ਦੀਆਂ ਵੱਧ ਕੀਮਤਾਂ ਖਿਲਾਫ ਵਿਰੋਧ ਲਈ 20 ਮੈਂਬਰੀ ਕਮੇਟੀ ਦਾ ਗਠਨ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ 07 ਫਰਵਰੀ (ਜਸ਼ਨ): ਪੰਜਾਬ ਸਰਕਾਰ ਵੱਲੋਂ ਹਰ ਪੱਖੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਖਾਸ ਕਰਕੇ ਪੰਜਾਬ ਬਿਜਲੀ ਬੋਰਡ ਨੇ ਬਿਜਲੀ ਦੇ ਬਿੱਲਾਂ ਵਿੱਚ ਬੇਤਹਾਸ਼ਾ ਵਾਧਾ ਕਰਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਜਿਥੇ ਪਰ ਯੂਨਿਟ ਬਿਜਲੀ ਦਾ ਵਾਧਾ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਖਰਚੇ ਪਾ ਕੇ ਬਿਜਲੀ ਦਾ ਬਿੱਲ ਇਤਨਾਂ ਭਾਰਾ ਕਰ ਦਿੱਤਾ ਹੈ ਜੋ ਹਰ ਇੱਕ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ, ਜਿਸ ਦਾ ਆਮ ਆਦਮੀ ਪਾਰਟੀ ਪੁਰਜੋਰ ਵਿਰੋਧ ਕਰਦੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਨੇ ਇਸ ਬਾਰੇ ਸੰਖੇਪ ਜਿਹੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਦੱਸਿਆ ਕਿ 5 ਫਰਵਰੀ ਨੂੰ ਸੂਬਾ ਪੱਧਰੀ ਮੀਟਿੰਗ ਵਿੱਚ ਜਿਸ ਵਿੱਚ ਸੂਬਾ ਪ੍ਰਧਾਨ ਸ: ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਹਾਜਰੀ ਵਿੱਚ ਪੂਰੇ ਪੰਜਾਬ ਵਿੱਚ ਬਿਜਲੀ ਦੇ ਮੌਜੂਦਾ ਬਿੱਲਾਂ ਦੇ ਵਿਰੋਧ ਵਿੱਚ ਸੰਘਰਸ਼ ਕਰਨ ਦਾ ਫੈਸਲਾ ਲਿਆ ਹੈ ਅਤੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਲਕਾ ਵਾਈਜ਼ ਟੀਮਾਂ ਬਣਾ ਕੇ ਆਮ ਵਿਅਕਤੀ ਨੂੰ ਇਸ ਮਹਿੰਗਾਈ ਬਾਰੇ ਲਾਮਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਜੋ ਟੀਮਾਂ ਬਕਾਈਆਂ ਗਈਆਂ ਹਨ ਉਨ੍ਹਾਂ ਦੇ ਨਾਮ ਹਨ : ਹਲਕਾ ਮੋਗਾ ਤੋਂ ਪਿਆਰਾ ਸਿੰਘ ਬੱਧਨੀ ਵਾਲੇ, ਅਮਿਤ ਪੁਰੀ, ਅਵਤਾਰ ਬੰਟੀ, ਨਿਰੇਸ਼ ਚਾਵਲਾ ਅਤੇ ਵਿਪਨ ਖੋਸਾ ਇਹ ਟੀਮ ਸ਼੍ਰੀ ਨਵਦੀਪ ਸੰਘਾ ਹਲਕਾ ਇੰਚਾਰਜ ਮੋਗਾ ਦੀ ਦੇਖ ਰੇਖ ਹੇਠ ਕੰਮ ਕਰੇਗੀ, ਹਲਕਾ ਨਿਹਾਲ ਸਿੰਘ ਵਾਲਾ ਤੋਂ ਜਗਵੰਤ ਬੈਂਸ, ਡਾ: ਗੁਰਦੀਪ ਰਾਮਾ, ਮੁਖਤਿਆਰ ਸਿੰਘ ਭਾਗੀਕੇ, ਜਿੰਦਰ ਸਿੰਘ ਕੋਕਰੀ ਕਲਾਂ, ਮਨਦੀਪ ਸਿੰਘ ਰੌਂਤਾ, ਸੱਤਾ ਸਿੰਘ ਤਖਤੂਪੁਰਾ ਇਸ ਟੀਮ ਨੂੰ ਐਮ.ਐਲ.ਏ ਸ਼੍ਰੀ ਮਨਜੀਤ ਸਿੰਘ ਮਾਨ ਖੁੱਦ ਦੇਖਣਗੇ, ਹਲਕਾ ਧਰਮਕੋਟ ਤੋਂ ਦਰਸ਼ਨ ਸਿੰਘ ਉਪਲ, ਕੇਵਲ ਸਿੰਘ ਲੌਂਗੀ ਵਿੰਗ, ਅਮਰਜੀਤ ਸਿੰਘ ਬੁੱਘੀਪੁਰਾ, ਮਨਜਿੰਦਰ ਸਿੰਘ ਔਲਖ ਕਿਸ਼ਨਪੁਰਾ ਅਤੇ ਬਲਦੇਵ ਸਿੰਘ ਬਲਖੰਡੀ ਦੀ ਟੀਮ ਦਾ ਐਲਾਨ ਕੀਤਾ ਗਿਆ ਹੈ, ਜਿਸ ਟੀਮ ਦੀ ਅਗਵਾਈ ਸੰਜੀਵ ਕੌਛੜ ਹਲਕਾ ਇੰਚਾਰਜ ਧਰਮਕੋਟ ਕਰਨਗੇ, ਇਸ ਤਰ੍ਹਾਂ ਹਲਕਾ ਬਾਘਾਪੁਰਾਣਾ ਦੇ ਮਨਿੰਦਰ ਬਰਾੜ, ਨਛੱਤਰ ਸਿੰਘ, ਪਰਗਟ ਸਿੰਘ ਗਿੱਲ, ਤਰਨਵੀਰ ਸਿੰਘ ਅਤੇ ਭਿੰਨਦਰ ਸਿੰਘ ਦੀ ਟੀਮ ਦਾ ਐਲਾਨ ਕੀਤਾ ਹੈ, ਜਿਸ ਨੂੰ ਬਾਘਾਪੁੁਰਾਣਾ ਹਲਕੇ ਦੇ ਸਹਿ ਪ੍ਰਧਾਨ ਅਮਿ੍ਰਤਪਾਲ ਸਿੰਘ ਦੀ ਅਗਵਾਈ ਥੱਲੇ ਕੰਮ ਕਰੇਗੀ। ਸ਼੍ਰੀ ਬਾਵਾ ਨੇ ਦੱਸਿਆ ਕਿ ਇਹ ਟੀਮਾਂ ਆਪੋ ਆਪਣੇ ਹਲਕੇ ਵਿੱਚ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਦੀਆਂ ਬਿਜਲੀ ਦੇ ਵਾਧੇ ਬਿੱਲਾਂ ਸਬੰਧੀ ਲੋਕਾਂ ਨੂੰ ਦੱਸਣਗੀਆਂ ਅਤੇ ਇਸ ਵੱਲੋਂ ਜ਼ਿਲ੍ਹਾ ਪ੍ਰਧਾਨ ਨੂੰ ਰਿਪੋਰਟਾਂ ਦੇਣਗੀਆਂ ਤਾਂ ਕਿ ਇਸ ਸਬੰਧ ਵਿੱਚ ਸੂਬਾ ਲੈਵਲ ਤੱਕ ਬਿਜਲੀ ਬਿੱਲਾਂ ਦਾ ਵਿਰੋਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਸਰਕਾਰ ਲੋਕਾਂ ਨੂੰ ਇੱਕ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇ ਰਹੀ ਹੈ, ਜੋ ਖੁੱਦ ਦੂਸਰੇ ਸੂਬਿਆਂ ਤੋਂ ਬਿਜਲੀ ਖ੍ਰੀਦਦੀ ਹੈ, ਜਦੋਂ ਕਿ ਪੰਜਾਬ ਸਰਕਾਰ ਖੁੱਦ ਬਿਜਲੀ ਪੈਦਾ ਕਰਦੀ ਹੈ ਅਤੇ ਕਰੀਬ 8-10 ਰੁਪਏ ਯੂਨਿਟ ਤੱਕ ਬਿਜਲੀ ਲੋਕਾਂ ਨੂੰ ਦਿੱਤੀ ਹੈ, ਜੋ ਕਿ ਸ਼ਰੇਆਮ ਲੋਕਾਂ ਨਾਲ ਧੱਕਾ ਹੈ।


