ਪਰਾਲੀ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ:ਐੱਸਐੱਚਓ ਬੇਅੰਤ ਕੌਰ

ਕੋਟਕਪੂਰਾ, 3 ਅਕਤੂਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :- 'ਕੋਰੋਨਾ ਵਾਇਰਸ' ਦੀ ਕਰੋਪੀ ਦੇ ਸੰਕਟ ਦੌਰਾਨ ਆਮ ਲੋਕਾਂ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਘਰਾਂ 'ਚ ਰੱਖਣ ਲਈ ਲੋੜਵੰਦਾਂ ਤੱਕ ਪੱਕਿਆ ਪਕਾਇਆ ਖਾਣਾ ਜਾਂ ਸੁੱਕਾ ਰਾਸ਼ਨ ਪਹੁੰਚਾਉਣ ਦੀਆਂ ਸੇਵਾਵਾਂ 'ਚ ਲੱਗੇ ਰਹੇ ਪੁਲਿਸ ਪ੍ਰਸ਼ਾਸ਼ਨ ਲਈ ਅਗਾਮੀ ਦਿਨ ਹੋਰ ਵੀ ਮਿਹਨਤ ਭਰਪੂਰ ਹੋਣਗੇ, ਕਿਉਂਕਿ ਹੁਣ ਪੁਲਿਸ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਪੰਜਾਬ ਦੇ ਕਿਸੇ ਇਕ ਵੀ ਹਿੱਸੇ 'ਚ ਪਰਾਲੀ ਨੂੰ ਅੱਗ ਲੱਗਣ ਤੋਂ ਸਖਤੀ ਨਾਲ ਰੋਕਣ ਦੀ ਹੈ। ਇੰਸ. ਬੇਅੰਤ ਕੌਰ ਐੱਸਐੱਚਓ ਥਾਣਾ ਸਦਰ ਕੋਟਕਪੂਰਾ ਨੇ ਸਖਤ ਲਹਿਜੇ 'ਚ ਆਖਿਆ ਹੈ ਕਿ ਬਲਾਕ ਕੋਟਕਪੂਰਾ ਅਧੀਨ ਆਉਂਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ 'ਚ ਪਰਾਲੀ ਨੂੰ ਅੱਗ ਲਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨਾ ਦੱਸਿਆ ਕਿ ਸਵਰਨਦੀਪ ਸਿੰਘ ਐਸਐਸਪੀ ਫ਼ਰੀਦਕੋਟ ਅਤੇ ਬਲਕਾਰ ਸਿੰਘ ਸੰਧੂ ਡੀਐੱਸਪੀ ਕੋਟਕਪੂਰਾ ਦੀਆਂ ਹਦਾਇਤਾਂ ਮੁਤਾਬਿਕ ਪਰਾਲੀ ਨੂੰ ਅੱਗ ਲਾਉਣ ਦੀ ਗਲਤੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਕਰੋਪੀ ਕਾਰਨ ਜੇਕਰ ਪਰਾਲੀ ਸਾੜੀ ਗਈ ਤੇ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਤਾਂ ਇਸ ਵਿੱਚੋਂ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਦੇ ਹਵਾ ਵਿੱਚ ਘੁਲ ਜਾਣ ਕਾਰਨ ਕੋਰੋਨਾ ਮਹਾਂਮਾਰੀ ਹੋਰ ਵੀ ਭਿਆਨਕ ਤੇ ਜਾਨਲੇਵਾ ਹੋ ਸਕਦੀ ਹੈ। ਇਸ ਲਈ ਜਿੱਥੇ ਅਸੀਂ ਪਰਾਲੀ ਨਾ ਸਾੜਨ ਕਾਰਨ ਕੋਰੋਨਾ ਮਹਾਂਮਾਰੀ ਤੋਂ ਬਚ ਸਕਾਂਗੇ ਉੱਥੇ ਆਪਣੇ ਪਰਿਵਾਰ ਦੇ ਨਾਲ-ਨਾਲ ਹੋਰ ਇਲਾਕਾ ਵਾਸੀਆਂ ਨੂੰ ਵੀ ਸੁਰੱਖਿਅਤ ਰੱਖਣ 'ਚ ਸਹਾਈ ਹੋਵਾਂਗੇ। ਉਂਝ ਉਨਾਂ ਦਾਅਵਾ ਕੀਤਾ ਕਿ ਪਰਾਲੀ ਕਿਸੇ ਵੀ ਪਿੰਡ 'ਚ ਨਾ ਸੜੇ, ਨੂੰ ਯਕੀਨੀ ਬਣਾਉਣ ਲਈ ਬਕਾਇਦਾ ਲੋਕਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਹਨ ਜੋ ਪਰਾਲੀ ਸਾੜਨ ਵਾਲਿਆਂ 'ਤੇ ਤਿੱਖੀ ਨਜਰ ਰੱਖਣਗੇ।