ਅਫੀਮ-ਪੋਸਤ ਦੇ ਠੇਕੇ ਖੋਲਣ ਅਤੇ ਖਸ-ਖਸ ਦੀ ਖੇਤੀ ਦੀ ਇਜਾਜਤ ਦੇਣ ਦੀ ਕੀਤੀ ਮੰਗ,ਮੀਟਿੰਗ ਦੌਰਾਨ 100 ਤੋਂ ਜ਼ਿਆਦਾ ਲੋਕਾਂ ਵਲੋਂ ਪੰਜਾਬ ਸਰਕਾਰ ਨੂੰ ਮੰਗਾਂ ਲਈ ਅਲਟੀਮੇਟਮ

ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ):-ਉਨਤ ਕਿਸਾਨ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਮਿਉਂਸਪਲ ਪਾਰਕ ਵਿਖੇ 100 ਤੋਂ ਜਿਆਦਾ ਵਿਅਕਤੀਆਂ ਦੀ ਹਾਜਰੀ ’ਚ ਕੀਤੀ ਗਈ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ’ਚ ਅਫੀਮ-ਪੋਸਤ ਦੇ ਠੇਕੇ ਖੋਲ ਕੇ ਖਪਤਕਾਰਾਂ ਦੇ ਲਾਇਸੰਸ ਬਣਾਏ ਜਾਣ ਅਤੇ ਫਸਲ ਬਦਲੀ ਲਈ ਖਸ-ਖਸ ਦੀ ਖੇਤੀ ਕਰਨ ਦੀ ਕਿਸਾਨਾ ਨੂੰ ਇਜਾਜਤ ਦਿੱਤੀ ਜਾਵੇ ਤਾਂ ਜੋ ਸ਼ੂਗਰ ਜਾਂ ਅਧਰੰਗ ਵਰਗੀਆਂ ਬਿਮਾਰੀਆਂ ਤੋਂ ਪੀੜਤ ਕਿਸਾਨ, ਮਜਦੂਰ ਜਾਂ ਡਰਾਈਵਰ ਲੋਕ ਡਾਕਟਰਾਂ ਦੀ ਲੁੱਟ ਤੋਂ ਬਚ ਸਕਣ। ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਖਾਲਸਾ, ਲਾਭ ਸਿੰਘ ਧਾਲੀਵਾਲ, ਜਗਤਾਰ ਸਿੰਘ ਫੌਜ਼ੀ, ਗੁਰਦੇਵ ਸਿੰਘ ਦੁਆਰੇਆਣਾ ਆਦਿ ਨੇ ਆਖਿਆ ਕਿ ਸਰਕਾਰ ਵਲੋਂ ਨਸ਼ੇੜੀਆਂ ਦਾ ਨਸ਼ਾ ਛੁਡਾਉਣ ਲਈ ਜੀਭ ਵਾਲੀ ਗੋਲੀ ਦੇਣ ਦੇ ਜੋ ਸੈਂਟਰ ਖੋਲੇ ਗਏ ਹਨ, ਉਸ ਦਾ ਨਸ਼ੇੜੀਆਂ ਨੂੰ ਫਾਇਦੇ ਦੀ ਬਜਾਇ ਨੁਕਸਾਨ ਹੋ ਰਿਹਾ ਹੈ। ਪ੍ਰੀਤਮ ਸਿੰਘ, ਹਰਮੇਲ ਸਿੰਘ, ਹਰਜੀਤ ਸਿੰਘ, ਪਿਆਰਾ ਸਿੰਘ, ਗੁਰਦੇਵ ਸਿੰਘ, ਮੁਖਤਿਆਰ ਸਿੰਘ, ਰੇਸ਼ਮ ਸਿੰਘ, ਗੁਰਤੇਜ ਸਿੰਘ, ਬਲੌਰ ਸਿੰਘ ਆਦਿ ਨੇ ਆਖਿਆ ਕਿ ਜੇਕਰ ਉਨਾਂ ਦੀਆਂ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਅਗਾਮੀ ਲੋਕ ਸਭਾ ਚੋਣਾ ’ਚ ਸਿਰਫ ਉਸ ਪਾਰਟੀ ਨੂੰ ਹੀ ਵੋਟ ਦੇਣਗੇ ਜੋ ਪੰਜਾਬ ’ਚ ਅਫੀਮ ਪੋਸਤ ਦੇ ਠੇਕੇ ਖੋਲਣ ਦਾ ਵਿਸ਼ਵਾਸ਼ ਦਿਵਾਏਗਾ। ਉਨਾ ਆਖਿਆ ਕਿ ਖਸ-ਖਸ ਦੀ ਖੇਤੀ ਦੀ ਇਜਾਜਤ ਦੇਣ, ਅਫੀਮ-ਪੋਸਤ ਦੇ ਠੇਕੇ ਖੋਲਣ ਨਾਲ ਜਿੱਥੇ ਸਰਕਾਰ ਦੀ ਆਮਦਨੀ ’ਚ ਵਾਧਾ ਹੋਵੇਗਾ, ਉੱਥੇ ਲੋੜਵੰਦ ਲੋਕ ਸਰਕਾਰੀ ਹਸਪਤਾਲਾਂ ਦੇ ਗੇੜੇ ਕੱਢਣ ਲਈ ਮਜਬੂਰ ਨਹੀਂ ਹੋਣਗੇ। ਉਨਾ ਦੋਸ਼ ਲਾਇਆ ਕਿ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ’ਚੋਂ ਮਿਲਣ ਵਾਲੀ ਗੋਲੀ ਮਨੁੱਖੀ ਸਰੀਰ ਲਈ ਬਹੁਤ ਹਾਨੀਕਾਰਕ ਹੈ, ਉਸਦੇ ਸਾਰੇ ਅਸਰ ਮਾਰੂ ਹਨ, ਕਿਉਂਕਿ ਉਕਤ ਗੋਲੀ ਤੰਦਰੁਸਤ ਵਿਅਕਤੀ ਨੂੰ ਵੀ ਨਪੁੰਸਕ ਬਣਾ ਰਹੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹੋਰ ਵੀ ਅਨੇਕਾਂ ਬੁਲਾਰਿਆਂ ਨੇ ਸੰਬੋਧਨ ਕੀਤਾ।


