ਫਜ਼ੂਲ ਖਰਚੀ ਅਤੇ ਸ਼ੋਰ ਸ਼ਰਾਬੇ ਤੋਂ ਨਿਰਲੇਪ ਗੁਰਮਤਿ ਮਰਿਯਾਦਾ ਅਨੁਸਾਰ ਹੋਇਆ ਵਿਆਹ ਸਮਾਗਮ

ਕੋਟਕਪੂਰਾ, 4 ਫਰਵਰੀ (ਟਿੰਕੂ ਪਰਜਾਪਤ) :- ਜਿੱਥੇ ਅਜੌਕੇ ਦੌਰ ’ਚ ਇਕ ਤੋਂ ਵੱਧ ਕੇ ਖਰਚੀਲੇ ਵਿਆਹ ਕਰਨ ਦੀ ਦੌੜ ਲੱਗੀ ਹੋਈ ਹੈ, ਉੱਥੇ ਨੇੜਲੇ ਪਿੰਡ ਪੰਜਗਰਾਂਈ ਖੁਰਦ ਦੇ ਵਸਨੀਕ ਰਾਜਾ ਸਿੰਘ ਸਰਾਂ ਤੇ ਕਰਮਜੀਤ ਕੌਰ ਦੇ ਬੇਟੇ ਭੁਪਿੰਦਰ ਸਿੰਘ ਦਾ ਵਿਆਹ ਬਰਗਾੜੀ ਦੇ ਵਸਨੀਕ ਰਾਜ ਸਿੰਘ ਬਰਾੜ ਤੇ ਚਰਨਜੀਤ ਕੌਰ ਦੀ ਬੇਟੀ ਰਸ਼ਪਿੰਦਰ ਕੌਰ ਨਾਲ ਪੂਰਨ ਗੁਰਮਰਿਯਾਦਾ ਅਨੁਸਾਰ ਹੋਇਆ। ਸ਼ੌਰ ਸ਼ਰਾਬੇ ਅਤੇ ਫਜ਼ੂਲ ਖਰਚੀ ਤੋਂ ਨਿਰਲੇਪ ਪੂਰੀ ਤਰਾਂ ਗੁਰਮਿਤ ਅਨੁਸਾਰ ਨੇਪਰੇ ਚੜੇ ਉਕਤ ਵਿਆਹ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਇਕ ਸਾਰਥਿਕ ਸੁਨੇਹਾ ਦਿੱਤਾ ਹੈ। ਵਿਆਹ ਸਮਾਗਮ ’ਚ ਮੀਟ-ਸ਼ਰਾਬ-ਅੰਡਾ ਵੀ ਦੇਖਣ ਨੂੰ ਨਾ ਮਿਲਿਆ ਤੇ ਨਾ ਹੀ ਕੋਈ ਸ਼ਰਾਬੀ ਜਾਂ ਹੁੜਦੰਗ ਮਚਾਉਣ ਵਾਲਾ ਵਿਅਕਤੀ ਨਜਰੀਂ ਪਿਆ। ਲੱਚਰਤਾ ਦਾ ਬਦਲ ਅਤੇ ਅਸਲ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਅਰਥਾਤ ਚੰਗੀ ਤੇ ਅਰਥ ਭਰਪੂਰ ਗਾਇਕੀ ਤੇ ਗੀਤਕਾਰੀ ਨਾਲ ਦੁਨੀਆਂ ਭਰ ’ਚ ਨਾਮ ਬਣਾ ਚੁੱਕੇ ਸਿੰਘ ਰੌਕਸ ਇੰਟਰਨੈਸ਼ਨਲ ਜਥੇਬੰਦੀ ਦੇ ਗਰੁੱਪ ਨੇ ਗੁਰਸੇਵਕ ਸਿੰਘ ਮਦਰੱਸਾ ਦੀ ਅਗਵਾਈ ਹੇਠ ਸਿੱਖ ਇਤਿਹਾਸ, ਗੁਰਬਾਣੀ ਦੇ ਅਸਲ ਫਲਸਫੇ ਅਤੇ ਡੇਰਾਵਾਦ ਦੇ ਅਨੇਕਾਂ ਪਹਿਲੂਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਪਾਸੇ ਸਾਡੇ ਜੁਝਾਰੂ ਸਿੰਘਾਂ ਦੀਆਂ ਅਥਾਹ ਕੁਰਬਾਨੀਆਂ, ਉਸਾਰੂ ਸੋਚ, ਪੇ੍ਰਰਨਾ ਸਰੋਤ ਸਾਖੀਆਂ, ਸ਼ਹਾਦਤਾਂ ਅਤੇ ਦੂਜਿਆਂ ਲਈ ਕੁਰਬਾਨ ਹੋਣ ਵਾਲਾ ਇਤਿਹਾਸ ਪਰ ਦੂਜੇ ਪਾਸੇ ਲੱਲੀ-ਛੱਲੀ ਗਾਇਕਾਂ ਜਾਂ ਸਮਾਜ ਵਿਰੋਧੀ ਅਨਸਰਾਂ ਮਗਰ ਲੱਗ ਕੇ ਨੋਜਵਾਨਾ ਦਾ ਕੇਸਾਂ ਤੋਂ ਰਹਿਤ ਹੋਣਾ ਜਾਂ ਦਸਤਾਰ ਨੂੰ ਤਿਲਾਂਜਲੀ ਦੇਣ ਵਰਗੀਆਂ ਘਟਨਾਵਾਂ ਬਰਦਾਸ਼ਤ ਤੋਂ ਬਾਹਰ ਹਨ। ਉਨਾ ਦੱਸਿਆ ਕਿ ਭੁਪਿੰਦਰ ਸਿੰਘ ਅਤੇ ਰਸ਼ਪਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਫਜ਼ੂਲ ਰਸਮਾਂ ਦਾ ਤਿਆਗ ਕਰਕੇ ਜਿੱਥੇ ਫਜ਼ੂਲ ਖਰਚੀ ਵਰਗੀ ਪਿਰਤ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਇਹ ਵਿਆਹ ਸਮਾਗਮ ਹੋਰਨਾ ਲਈ ਵੀ ਪੇ੍ਰਰਨਾ ਸਰੋਤ ਬਣੇਗਾ। ਸਿੰਘ ਰੌਕਸ ਇੰਟਰਨੈਸ਼ਨਲ ਵਲੋਂ ਵੀ ਵਿਆਂਦੜ ਲੜਕੇ/ਲੜਕੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।