ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਏ ਜਾਣ ’ਤੇ ਆਪ ’ਚ ਖੁਸ਼ੀ ਦੀ ਲਹਿਰ-ਅਮਿਤ ਪੁਰੀ

ਮੋਗਾ,21 ਜੁਲਾਈ (ਜਸ਼ਨ)-ਅੱਜ ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦਫਤਰ ਵਿਖੇ ਹੋਈ । ਪਾਰਟੀ ਵਲੰਟੀਅਰਾਂ ਨੇ ਮੀਟਿੰਗ ਦੌਰਾਨ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਏ ਜਾਣ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਅਹਿਮ ਫੈਸਲੇ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ’ਤੇ ਇਕੱਤਰ ਹੋਏ ਪਾਰਟੀ ਵਲੰਟੀਅਰਾਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ,ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿਹਨਾਂ ਨੇ ਸ: ਸੁਖਪਾਲ ਖਹਿਰਾ ਦੀ ਕਾਬਲੀਅਤ ’ਤੇ ਭਰੋਸਾ ਪ੍ਰਗਟਾਉਂਦਿਆਂ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਆਗੂ ਅਮਿਤ ਪੁਰੀ ਨੇ ਆਖਿਆ ਕਿ ਸ: ਖਹਿਰਾ ਦਾ ਪਿਛੋਕੜ ਰਾਜਨੀਤਕ ਹੈ ਕਿਉਂਕਿ ਉਹਨਾਂ ਦੇ ਪਿਤਾ ਸ: ਸੁਖਜਿੰਦਰ ਸਿੰਘ ਖਹਿਰਾ ਅਕਾਲੀ ਦਲ ਦੀ ਸਰਕਾਰ ਸਮੇਂ ਸੂਬੇ ਦੇ ਸਿੱਖਿਆ ਮੰਤਰੀ ਰਹਿ ਚੁੱਕੇ ਹਨ । ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਰਾਜਨੀਤੀ ਵਿਚ ਪ੍ਰਵੇਸ਼ 1994 ਵਿਚ ਕੀਤਾ ਜਦੋਂ ਉਹ ਕਪੂਰਥਲਾ ਜ਼ਿਲੇ ਦੇ ਪਿੰਡ ਰਾਮਗੜ ਤੋਂ ਮੈਂਬਰ ਪੰਚਾਇਤ ਚੁਣੇ ਗਏ ਸਨ ਅਤੇ ਅੱਜ ਤੱਕ ਉਹਨਾਂ ਆਪਣੇ ਰਾਜਨੀਤਕ ਸਫਰ ਦੌਰਾਨ ਰਾਜਨੀਤੀ ਦੀਆਂ ਬਰੀਕੀਆਂ ਨੂੰ ਜਾਣਿਆ ਤੇ 2015 ਵਿਚ ਉਹਨਾਂ ਸ਼ੋਸ਼ਲ ਮੀਡੀਆ ਦੇ ਜ਼ਰੀਏ ਆਪਣੀਆਂ ਨਿਡਰ ਵੀਡੀਓ ਸੀਰੀਜ਼ ਰਾਹੀਂ ਅਕਾਲੀ ਭਾਜਪਾ ਗੱਠਜੋੜ ਵੱਲੋਂ ਸਰਕਾਰੀ ਸੰਸਾਧਨਾਂ ਦੀ ਦੁਰਵਰਤੋਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਈ । ਅਮਿਤ ਪੁਰੀ ਨੇ ਆਖਿਆ ਕਿ ਸ: ਖਹਿਰਾ ਇਕ ਨਿਡਰ ਆਗੂ ਹਨ ਤੇ ਉਹ ਵਿਧਾਨ ਸਭਾ ਵਿਚ ਆਮ ਲੋਕਾਂ ਦੇ ਮਸਲਿਆਂ ਸਬੰਧੀ ਆਵਾਜ਼ ਨੂੰ ਬੁਲੰਦ ਕਰਕੇ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਬਾਖੂਬੀ ਨਿਭਾਉਣਗੇ। ਇਸ ਮੌਕੇ ਅਮਿਤ ਪੁਰੀ ਨਾਲ ਅਮਨ ਰਖੜਾ,ਸੁਖਦੀਪ ਧਾਮੀ,ਵਿਜੇ ਤਿਵਾੜੀ,ਭੁਪਿੰਦਰ ਸਿੱਧੂ,ਗੁਰਕੀਰਤ ਸਿੰਘ ,ਜੱਸੀ ਗਰਚਾ,ਤੇਜਿੰਦਰ ਬਰਾੜ,ਮਨਜੋਤ ਕੰਗ,ਗੁਵਿੰਦਰ ਢਿੱਲੋਂ ,ਗੁਸਰਨ ਸਿੰਘ ਆਦਿ ਹਾਜ਼ਰ ਸਨ ।