ਆਲਮਵਾਲਾ ਕਲਾਂ ਦੀ ਔਰਤ ਦੀ 14 ਕਨਾਲ 8 ਮਰਲੇ ਜ਼ਮੀਨ ਦਾ ਜਾਅਲੀ ਮੁਖਤਿਆਰਨਾਮਾ ਤਿਆਰ ਕਰਕੇ ਵੇਚਣ ਦੇ ਦੋਸ਼ ਵਿਚ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਮੋਗਾ,8 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਪਿੰਡ ਆਲਮਵਾਲਾ ਕਲਾਂ ਵਾਸੀ ਚਰਨ ਕੌਰ ਦੀ ਜ਼ਮੀਨ ਜਾਅਲੀ ਮੁਖਤਿਆਰਨਾਮਾ ਤਿਆਰ ਕਰਕੇ ਅਗਾਂਹ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਥਾਣਾ ਖਰੜ ਵਿਖੇ ਦਰਜ ਮਾਮਲੇ ਮੁਤਾਬਕ ਚਰਨ ਕੌਰ ਪਤਨੀ ਸੁਰਜੀਤ ਸਿੰਘ ਆਲਮਵਾਲਾ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਜ਼ਮੀਨ ਪਈ ਸੀ । ਚਰਨ ਕੌਰ ਦਾ ਪਤੀ ਬਜ਼ੁਰਗ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਬਾਹਰ ਰਹਿ ਰਹੇ ਸਨ ਪਰ ਹੁਣ ਜਦ ਉਹ ਪਟਵਾਰੀ ਕੋਲੋਂ ਆਪਣੀ ਜ਼ਮੀਨ ਦਾ ਰਿਕਾਰਡ ਲੈਣ ਲਈ ਗਏ ਤਾਂ ਪਟਵਾਰੀ ਨੇ ਦੱਸਿਆ ਕਿ ਉਸ ਦੀ ਜ਼ਮੀਨ ਵਿਚੋਂ 14 ਕਨਾਲ 8 ਮਰਲੇ ਜ਼ਮੀਨ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਜਾਹਲਾ ਜ਼ਿਲਾ ਪਟਿਆਲਾ ਨੇ ਮੁਖਤਿਆਰਨਾਮੇ ਦੇ ਆਧਾਰ ’ਤੇ ਕਰਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਕਾਰਕੌਰ ਤਹਿਸੀਲ ਡੇਰਾ ਬੱਸੀ ਨੂੰ ਵੇਚ ਦਿੱਤੀ ਹੈ । ਇਸ ਸਬੰਧੀ ਚਰਨ ਕੌਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਕੀਤੀ ਪੜਤਾਲ ਉਪਰੰਤ ਸਬ ਰਜਿਸਟਰਾਰ ਖਰੜ ਨੇ ਪੁਲਿਸ ਨੂੰ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਮਾਮਲੇ ਮੁਤਾਬਕ ਕੁਲਦੀਪ ਸਿੰਘ ਨੇ ਚਰਨ ਕੌਰ ਦੇ ਨਾਮ ’ਤੇ ਕਿਸੇ ਨਾਮਾਲੂਮ ਔਰਤ ਚਰਨ ਕੌਰ ਵਾਸੀ ਮੰਡੇਰ ਨਗਰ ਖਰੜ ਨੂੰ ਦਿਖਾ ਕੇ ਖਰੜ ਵਿਖੇ ਹੀ ਜਾਅਲੀ ਮੁਖਤਿਆਰਨਾਮਾ ਤਿਆਰ ਕਰਵਾਇਆ । ਇਸ ਉਪਰੰਤ ਕੁਲਦੀਪ ਸਿੰਘ ਨੇ 1 ਜਨਵਰੀ 2019 ਨੂੰ ਮੋਗਾ ਆ ਕੇ ਇਸ ਫਰਜ਼ੀ ਮੁਖਤਿਆਰਨਾਮੇਂ ਦੇ ਆਧਾਰ ’ਤੇ ਕਰਮ ਸਿੰਘ ਦੇ ਨਾਮ ’ਤੇ ਰਜਿਸਟਰੀ ਕਰਵਾ ਦਿੱਤੀ। ਚਰਨ ਕੌਰ ਨੇ ਦੱਸਿਆ ਕਿ ਕੁਲਦੀਪ ਸਿੰਘ ਵੱਲੋਂ ਇਹ ਰਜਿਸਟਰੀ ਕਰਵਾਉਣ ਮੌਕੇ ਜਗਸੀਰ ਸਿੰਘ ਪੁੱਤਰ ਕਰਮ ਸਿੰਘ ਪਿੰਡ ਖੋਸਾ ਕੋਟਲਾ ਅਤੇ ਬਲਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਤਲਵੰਡੀ ਭੰਗੇਰੀਆਂ ਨੇ ਜਾਅਲੀ ਗਵਾਹੀ ਪਾਈ ਜਦ ਕਿ ਉਹ ਭਲੀਭਾਂਤ ਸ਼ਿਕਾਇਤਕਰਤਾ ਨੂੰ ਜਾਣਦੇ ਸਨ। ਵਸੀਕਾ ਨਵੀਸ ਸ਼ਿਵ ਸ਼ੰਕਰ ਕਥੂਰੀਆ ਨੇ ਉਕਤ ਬੈਅਨਾਮਾ ਤਿਆਰ ਕੀਤਾ। ਦਰਖਾਸਤੀ ਨੇ ਦੱਸਿਆ ਕਿ ਤਲਵੰਡੀ ਭੰਗੇਰੀਆਂ ਦੇ ਪਟਵਾਰੀ ਤੋਂ ਮਿਲੀ ਜਾਣਕਾਰੀ ਉਪਰੰਤ ਕੀਤੀ ਪੜਤਾਲ ਤੋਂ ਪਤਾ ਲੱਗਾ ਕਿ ਕੁਲਦੀਪ ਸਿੰਘ ਨੇ ਖਰੜ ਵਿਖੇ ਜਾਅਲੀ ਮੁਖਤਿਆਰਨਾਮਾ ਤਿਆਰ ਕਰਨ ਮੌਕੇ ਗੁਰਦੇਵ ਸਿੰਘ ਨੰਬਰਦਾਰ ਅਤੇ ਸੁਖਮੰਦਰ ਸਿੰਘ ਤੋਂ ਗਵਾਹੀ ਪੁਆਈ । ਚਰਨ ਕੌਰ ਆਲਮ ਵਾਲਾ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਠੱਗੀ ਮਾਰਨ ਵਾਲੇ ਇਹਨਾਂ ਵਿਅਕਤੀਆਂ ਵੱਲੋਂ ਹੁਣ ਉਸ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਸ ਨੂੰ ਡਰ ਹੈ ਕਿ ਉਸ ਦੀ ਜ਼ਮੀਨ ’ਤੇ ਕਬਜ਼ਾ ਨਾ ਕਰ ਲਿਆ ਜਾਵੇ। ਇੰਜ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਤਹਿਸੀਲਦਾਰ ਖਰੜ ਨੇ ਕੁਲਦੀਪ ਸਿੰਘ ਅਤੇ ਸਾਥੀਆਂ ਵੱਲੋਂ ਤਿਆਰ ਕਰਵਾਈ ਪਾਵਰ ਆਫ਼ ਅਟਾਰਨੀ ਨੂੰ ਜਾਅਲੀ ਕਰਾਰ ਦੇਣ ਅਤੇ ਪੁਲਿਸ ਨੂੰ ਭੇਜੀ ਰਿਪੋਰਟ ਦੇ ਆਧਾਰ ’ਤੇ ਨਾਮਾਲੂਮ ਔਰਤ ਚਰਨ ਕੌਰ ,ਕੁਲਦੀਪ ਸਿੰਘ,ਗੁਰਦੇਵ ਸਿੰਘ ਨੰਬਰਦਾਰ,ਸੁਖਮੰਦਰ ਸਿੰਘ ,ਕਰਮ ਸਿੰਘ,ਬਲਦੇਵ ਸਿੰਘ ,ਜਗਸੀਰ ਸਿੰਘ ਅਤੇ ਸ਼ਿਵ ਸ਼ੰਕਰ ਕਥੂਰੀਆ ਖਿਲਾਫ਼ ਇੰਡੀਅਨ ਪੈਨਲ ਕੋਡ ਦੀਆਂ ਧਾਰਾਵਾਂ 419,420 ਅਤੇ 120 ਬੀ ਤਹਿਤ 6 ਮਾਰਚ ਨੂੰ ਖਰੜ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ।


