ਐੱਸ.ਐੱਸ.ਏ. ਅਤੇ ਰਮਸਾ ਅਧਿਆਪਕ ਯੂਨੀਅਨ ਵੱਲੋਂ ਰਮਸਾ ਅਧਿਆਪਕਾਂ ਦੀ ਤਿੰਨ ਮਹੀਨੇ ਤੋਂ ਰੁਕੀ ਤਨਖਾਹ ਜਾਰੀ ਕਰਨ ਦੀ ਮੰਗ

ਮੋਗਾ,4 ਜੁਲਾਈ (ਜਸ਼ਨ) -ਐੱਸ.ਐੱਸ.ਏ. ਅਤੇ ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਵੱਲੋਂ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ,ਜਿਲਾ ਜਨਰਲ ਸਕੱਤਰ ਗੁਰਪ੍ਰੀਤ ਅਮੀਂਵਾਲਾ,ਪ੍ਰੈਸ ਸਕਤਰ ਨਵਦੀਪ ਬਾਜਵਾ ਅਤੇ ਜੱਜਪਾਲ ਬਾਜੇ ਕੇ ਦੀ ਅਗਵਾਈ ਹੇਠ ਐੱਸ.ਐੱਸ.ਏ/ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ ਅਟੈਂਡਟਾਂ ਦੀਆਂ ਨੌਕਰੀਆਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਵਾਉਣ ਲਈ ਜਿਲਾ ਪੱਧਰੀ ਮੀਟਿੰਗ ਕਰਕੇ ਮੰਗ ਕੀਤੀ ਕਿ ਰਮਸਾ ਅਧਿਆਪਕਾਂ ਅਤੇ ਹੈੱਡਮਾਸਟਰਾਂ ਦੀਆਂ ਪਿਛਲੇ ਤਿੰਨ ਮਹੀਨੇ ਤੋ ਰੁਕੀਆਂ ਤਨਖਾਹਾਂ ਤਰੁੰਤ ਜਾਰੀ ਕੀਤੀਆਂ ਜਾਣ ਕਿਉਕਿ ਤਨਖਾਹ ਨਾ ਮਿਲਣ ਕਾਰਨ ਇਹ ਅਧਿਆਪਕ ਅੱਤ ਦੀ ਮਹਿਗਾਈ ਕਾਰਨ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮੱਰਥ ਹਨ ਤੇ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋ ਸਾਂਝੇ ਅਧਿਆਪਕ ਮੋਰਚੇ ਨੂੰ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਨਾ ਮਿਲਣ ਦੇ ਵਿਰੋਧ ਵਿੱਚ ਮੋਰਚੇ ਵੱਲੋ ਉਲੀਕੇ ਪ੍ਰੋਗਰਾਮ 6 ਜੁਲਾਈ ਨੂੰ ਜਿਲਾ ਪੱਧਰੀ ਧਰਨੇ,14 ਜੁਲਾਈ ਨੂੰ ਪਟਿਆਲੇ ਮੋਤੀ ਮਹਿਲ ਵੱਲ ਵਹੀਕਲ ਮਾਰਚ,6 ਅਗਸਤ ਤੋ ਪਟਿਆਲਾ ਵਿਖੇ ਲੱਗ ਰਹੇ ਪੱਕੇ ਮੋਰਚੇ ਵਿੱਚ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਵੱਲੋਂ ਵਧਵੀਂ ਸਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਆਗੂਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਠੇਕਾ ਅਧਾਰਿਤ ਅਧਿਆਪਕਾਂ ਨੂੰ ਰੈਗੂਲਰ ਕਰਨ ‘ਤੇ ਅਧਿਆਪਕਾਂ ਤੇ ਅਕਾਲੀ-ਭਾਜਪਾ ਸਰਕਾਰ ਵਲੋਂ ਪਾਏ ਝੂਠੇ ਪਰਚੇ ਰੱਦ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਚੁੱਪੀ ਧਾਰੀ ਹੋਈ ਹੈ ।ਆਗੂਆਂ ਨੇ ਕਿਹਾ ਕਿ ਮਹਿਕਮੇ ਦੇ ਨਿਯਮਾਂ ਅਨੁਸਾਰ ਹੋਈ ਭਰਤੀ ਦੇ ਬਾਵਜੂਦ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਤੋਂ ਟਾਲਮਟੋਲ ਕਰ ਰਹੀ ਹੈ ਜਦ ਕਿ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਪ੍ਰੋਪਰ ਚੈਨਲ ਹੋਈ ਭਰਤੀ ਨੂੰ ਰੈਗੂਲਰ ਕਰਨ ਵਿਚ ਕੋਈ ਵੀ ਕਨੂੰਨੀ ਅੜਚਣ ਨਹੀਂ ਹੈ।ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਐੱਸ.ਐੱਸ.ਏ./ਰਮਸਾ ਅਧਿਆਪਕਾਂ, ਹੈੱਡਮਾਸਟਰਾਂ, ਲੈਬ-ਅਟੈਂਡਟਾਂ ਨੂੰ ਬਿਨਾ ਕਿਸੇ ਸ਼ਰਤ ਸਿੱਖਿਆ ਵਿਭਾਗ ਵਿਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਜਥੇਬੰਦੀ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਰਮਸਾ ਅਧਿਆਪਕਾਂ ਦਾ ਸਾਲ 2015-16 ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ।ਇਸ ਸਮੇਂ ਅਸ਼ਵਨੀ ਕੁਮਾਰ,ਰਮਨ ਕਪਿਲ,ਗਗਨਦੀਪ ਸਿੰਘ,ਮਨਦੀਪ ਸ਼ਰਮਾ,ਸਵਿੰਦਰ ਸਿੰਘ,ਸਪਨਾ ਗੋਇਲ,ਰਤਨਾ ਗੁਪਤਾ ਆਦਿ ਹਾਜ਼ਰ ਸਨ।


