ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਹੋਰ ਗਿਰੋਹ ਦਾ ਪਰਦਾਫ਼ਾਸ਼,3 ਕਿੱਲੋ ਹੈਰੋਇਨ ਬਰਾਮਦ,24 ਘੰਟਿਆਂ ਵਿੱਚ ਕੁੱਲ 17.8 ਕਿੱਲੋ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਬਜ਼ੇ ਵਿੱਚ ਲਿਆ

ਚੰਡੀਗੜ, 4 ਜੁਲਾਈ : (ਜਸ਼ਨ):ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਨੂੰ ਸਰਹੱਦ ਪਾਰ ਤੋਂ ਚੱਲ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਮਿ੍ਰਤਸਰ ਜ਼ਿਲ੍ਹੇ ਦੇ ਤਸਕਰਾਂ ਦਾ ਪਰਦਾਫ਼ਾਸ਼ ਕਰਨ ਸਬੰਧੀ ਇੱਕ ਹੋਰ ਸਫਲਤਾ ਹੱਥ ਲੱਗੀ ਹੈ। ਇਸ ਤਸਕਰੀ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੇ ਗਿਰੋਹ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ੱਕੀਆਂ ਪਾਸੋਂ 3 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ 15 ਕਰੋੜ ਦੱਸੀ ਜਾਂਦੀ ਹੈ। ਇਸ ਗਿ੍ਰਫਤਾਰੀ ਨਾਲ ਪੰਜਾਬ ਪੁਲਿਸ ਪਿਛਲੇ 24 ਘੰਟਿਆਂ ਵਿੱਚ ਅੰਮਿ੍ਰਤਸਰ ਜ਼ਿਲ੍ਹੇ ਨਾਲ ਲਗਦੇ ਸਰਹੱਦੀ ਇਲਾਕੇ ਚੋਂ 17.8 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲ ਹੋਈ ਹੈ ,ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 89 ਕਰੋੜ ਦੇ ਕਰੀਬ ਹੈ। ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਧੀਰ ਸਿੰਘ ਪੁੱਤਰ ਜਰਨੈਲ ਸਿੰਘ, ਹਰਜਿੰਦਰ ਸਿੰਘ ਪੁੱਤਰ ਗਰਮੀਤ ਸਿੰਘ ਤੇ ਗਗਨਦੀਪ ਸਿੰਘ ਪੁੱਤਰ ਕੁਲਵਿੰਦਰਪਾਲ ਸਿੰਘ ਸਾਰੇ ਹੀ ਵਾਸੀ ਪਿੰਡ ਲੋਪੋਕੇ ,ਅੰਮਿ੍ਰਤਸਰ ਵਜੋਂ ਕੀਤੀ ਗਈ ਹੈ। ਇਸ ਸਬੰਧੀ ਦੋਸ਼ੀਆਂ ‘ਤੇ ਧਾਰਾ 21, 25, 29 ,61,85 ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਪਤਾ ਲੱਗਾ ਹੈ ਕਿ ਧੀਰ ਸਿੰਘ ਪਾਕਿਸਤਾਨੀ ਨਾਗਰਿਕ ਫੈਜ਼ਲ ਵਾਸੀ ਪਿੰਡ ਦੌਦ ਭੈਣੀ ਦੇ ਸੰਪਰਕ ਵਿੱਚ ਸੀ। ਉਹ ਦੋਵੇਂ ਫੇਸਬੁੱਕ ਤੇ ਕਬੂਤਰਬਾਜ਼ੀ ਨਾਲ ਸਬੰਧਤ ਗੱਲਬਾਤ ਕਰਦੇ ਸਨ ਤੇ ਸੁਨੇਹੇ ਸਾਂਝੇ ਕਰਦੇ ਸਨ । ਧੀਰ ਸਿੰਘ ਨੇ ਕਬੂਲਿਆ ਕਿ ਫੈਜ਼ਲ ਨੇ ਉਸਨੂੰ ਬਹਿਕਾਕੇ ਤਸਕਰੀ ਨੂੰ ਆਸਾਨੀ ਨਾਲ ਵੱਧ ਪੈਸੇ ਬਨਾਉਣ ਦਾ ਧੰਦੇ ਦੱਸਕੇ, ਇਸ ਗੋਰਖ-ਧੰਦੇ ਵਿੱਚ ਲੈ ਆਂਦਾ ਤੇ ਹੌਲੀ ਹੌਲੀ ਹਰਜਿੰਦਰ ਸਿੰਘ ਤੇ ਗਗਨਦੀਪ ਵੀ ਇਸ ਗਿਰੋਹ ਦਾ ਹਿੱਸਾ ਬਣ ਗਏ। ਇਸ ਤਿਕੜੀ ਨੇ ਇਹ ਵੀ ਕਬੂਲਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਬੀਤੀ 2-3 ਜੁਲਾਈ ਦੀ ਰਾਤ ਉਹ ਇਹ ਨਸ਼ੀਲੇ ਪਦਾਰਥ ਸਰਹੱਦ ਪਾਰ ਤੋਂ ਇੱਧਰ ਲਿਆਉਣ ਵਿੱਚ ਸਫਲ ਹੋ ਗਏ ਸਨ। ਉਹਨਾਂ ਦੱਸਿਆ ਬੀਤੀ ਰਾਤ ਭਾਰੀ ਮੀਂਹ ਕਾਰਨ ਤੇ ਗੰਦਲੇ ਪਾਣੀ ਵਾਲਾ ਇਲਾਕਾ ਹੋਣ ਕਾਰਨ ਉਨਾਂ ਨੇ ਫਾਇਦਾ ਲਿਆ ਤੇ ਖੇਪ ਸਰਹੱਦ ਪਾਰ ਤੋਂ ਇਸ ਪਾਸੇ ਪਹੰੁਚਾ ਦਿੱਤੀ। ਇਸ ਗਿ੍ਰਫਤਾਰੀ ਅਤੇ ਤਸਕਰੀ ਵਿੱਚ ਵਰਤੇ ਗਏ ਵਸੀਲਿਆਂ ਦੇ ਸਬੰਧ ਵਿੱਚ ਜਾਣਕਾਰੀ ਬੀ.ਐਸ.ਐਫ ਨੂੰ ਦਿੱਤੀ ਜਾ ਚੁੱਕੀ ਹੈ ਤਾਂ ਨਸ਼ੇ ਦੇ ਇਸ ਕੋਹੜ ਨੂੰ ਨੱਥ ਪਾਉਣ ਲਈ ਤੁਰੰਤ ਹੀ ਯੋਗ ਕਦਮ ਚੁੱਕੇ ਜਾ ਸਕਣ। ਬੁਲਾਰੇ ਨੇ ਕਿਹਾ ਕਿ ਲਗਾਤਾਰ ਪਿਛਲੇ ਦੋ ਦਿਨਾਂ ਵਿੱਚ ਨਸ਼ੀਲੇ ਪਦਾਰਥਾਂ ਦਾ ਵੱਡੀ ਮਾਤਰਾ ਵਿੱਚ ਬਰਾਮਦ ਹੋਣਾ ਇਹ ਸਿੱਧ ਕਰਦਾ ਹੈ ਕਿ ਪਾਕਿ-ਸਰਹੱਦ ‘ਤੇ ਨਸ਼ੇ ਦੀ ਤਸਕਰੀ ਹਾਲੇ ਵੀ ਪੂਰੀ ਤਰਾਂ ਚੱਲ ਰਹੀ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਬੀਤੇ ਮੰਗਲਵਾਰ ਨੂੰ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਚਾਰ ਸ਼ੱਕੀ ਜਿੰਨਾ ਵਿੱਚ ਇੱਕ ਸਾਬਕਾ ਫੌਜੀ ਵੀ ਸੀ ਪਾਸੋਂ 14.8 ਕਿੱਲੋ ਹੈਰੋਇਨ ਕਬਜ਼ੇ ਵਿੱਚ ਲਈ ਅਤੇ ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜਾਰ ਵਿੱਚ ਲਗਭਗ 74 ਕਰੋੜ ਹੋਣ ਦਾ ਅਨੁਮਾਨ ਹੈ। ਨਸ਼ੀਲੇ ਪਦਾਰਥਾਂ ਦੀ ਇਸ ਤਸਕਰੀ ਵਿੱਚ ਬੀ.ਐਸ.ਐਫ ਦੇ ਇਕ ਸਿਪਾਹੀ ਦੀ ਮਿਲੀ ਭੁਗਤ ਦੀ ਗੱਲ ਵੀ ਸਾਹਮਣੇ ਆਈ ਹੈ।


