ਡੀ ਐਮ ਕਾਲਜ ਸੰਸਥਾਵਾਂ ਨੂੰ ਬਚਾਉਣ ਲਈ 30 ਅਪ੍ਰੈਲ ਨੂੰ ਡੀ ਐਮ ਕਾਲਜ ਦੇ ਗੇਟ ਅੱਗੇ ਹੋਵੇਗਾ ਹਵਨ-ਯੱਗ

ਮੋਗਾ,  27 ਅਪ੍ਰੈਲ (ਜਸ਼ਨ) : ਸਿਵਲ ਸੁਸਾਇਟੀ ਮੋਗਾ ਵੱਲੋਂ ਡੀ ਐਮ ਕਾਲਜ ਸੰਸਥਾਵਾਂ ਉਪਰ ਕਾਬਜ ਧਿਰਾਂ ਨੂੰ ਮਿਲ ਬੈਠ ਕੇ ਆਪਸੀ ਵਿਵਾਦ ਸੁਲਝਾਉਣ ਅਤੇ ਦਿਨੋ ਦਿਨ ਨਿੱਘਰ ਰਹੀਆਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਬਜ ਧਿਰਾਂ ਨੂੰ ਸਦਬੁੱਧੀ ਅਤੇ ਇਸ ਵਿਵਾਦ ਨੂੰ ਸੁਲਝਾਉਣ ਦੀ ਸ਼ਕਤੀ ਪ੍ਰਦਾਨ ਦੀ ਅਰਦਾਸ ਕਰਨ ਲਈ 30 ਅਪ੍ਰੈਲ ਨੂੰ ਡੀ ਐਮ ਕਾਲਜ ਮੋਗਾ ਦੇ ਗੇਟ ਅੱਗੇ ਸਵੇਰੇ 9 ਵਜੇ ਇੱਕ ਹਵਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੀ ਪ੍ਰਜੀਡੀਅਮ ਕਮੇਟੀ ਨੇ ਉਚ ਅਹੁਦਿਆਂ ਤੋੰ ਰਿਟਾਇਰ ਹੋਏ ਡੀ ਐਮ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਸਾਬਕਾ ਆਈ ਏ ਐਸ ਕੁਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬੀਤੇ ਦਿਨ ਚੰਡੀਗੜ੍ਹ ਵਿਖੇ ਕੀਤੀ ਗਈ ਇਕੱਤਰਤਾ ਵਿੱਚ ਸਿਵਲ ਸੁਸਾਇਟੀ ਦੇ ਇਸ ਉਦਮ ਨੂੰ ਸਮਰਥਨ ਕਰਨ ਅਤੇ ਕਾਲਜ ਸਥਾਪਨਾ ਦਾ 100 ਸਾਲਾ ਉਤਸਵ ਮਨਾਉਣ ਦਾ ਐਲਾਨ ਕਰਨ ਲਈ ਧੰਨਵਾਦ ਕਰਦਿਆਂ ਇਸ ਕਾਲਜ ਤੋਂ ਵਿੱਦਿਆ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਦਹਾਕਿਆਂ ਤੋਂ ਚੱਲ ਰਹੇ ਇਸ ਅਦਾਲਤੀ ਵਿਵਾਦ ਕਾਰਨ ਡੀ ਐਮ ਕਾਲਜ ਸਮੇਤ ਮੋਗਾ ਸ਼ਹਿਰ ਦੀਆਂ ਪੰਜ ਪ੍ਰਮੁੱਖ ਵਿਦਿਅਕ ਸੰਸਥਾਵਾਂ ਬੰਦ ਹੋਣ ਦੇ ਕਿਨਾਰੇ ਪਹੁੰਚ ਚੁੱਕੀਆਂ ਹਨ ਤੇ ਤਿੰਨੋਂ ਧਿਰਾਂ ਆਪਣੀ ਮਸਲ ਪਾਵਰ ਵਰਤ ਕੇ ਵਾਰ ਵਾਰ ਇਨ੍ਹਾਂ ਉਪਰ ਕਾਬਜ ਹੋ ਰਹੀਆਂ ਹਨ, ਜਿਸ ਕਾਰਨ ਸੰਸਥਾਵਾਂ ਅਤੇ ਸ਼ਹਿਰ ਦਾ ਮਹੌਲ ਖਰਾਬ ਹੋ ਰਿਹਾ ਹੈ ਤੇ ਇਥੇ ਪੜਨ ਵਾਲੇ ਵਿਦਿਆਰਥੀਆਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਨਿੱਜੀ ਲਾਲਚਾਂ, ਪੈਸੇ ਅਤੇ ਚੌਧਰ ਦੀ ਭੁੱਖ ਕਾਰਨ ਰਾਏ ਬਹਾਦਰ ਮਥੁਰਾ ਦਾਸ ਜੀ ਅਤੇ ਉਨ੍ਹਾਂ ਦੇ ਸਹਿਯੋਗੀ ਦਾਨੀਆਂ ਵੱਲੋਂ ਮੋਗਾ ਸ਼ਹਿਰ ਨੂੰ ਦਿੱਤੀ ਗਈ ਅਨਮੋਲ ਵਿਰਾਸਤ ਮਲੀਆਮੇਟ ਹੋ ਰਹੀ ਹੈ ਤੇ ਮੱਧ ਵਰਗ ਦੇ ਬੱਚਿਆਂ ਨੂੰ ਸਸਤੀ ਅਤੇ ਪਾਏਦਾਰ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰੀਬ ਇੱਕ ਮਹੀਨਾ ਪਹਿਲਾਂ ਸਿਵਲ ਸੁਸਾਇਟੀ ਮੋਗਾ ਵੱਲੋਂ ਤਿੰਨਾਂ ਧਿਰਾਂ ਨੂੰ ਮਿਲ ਬੈਠ ਕੇ ਆਪਸੀ ਵਿਵਾਦ ਸੁਲਝਾਉਣ ਅਤੇ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਇੱਕ ਧਿਰ, ਜਿਸਦੀ ਅਗਵਾਈ ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ ਕਰਦੇ ਹਨ, ਵੱਲੋਂ ਪ੍ਰਵਾਨ ਕਰ ਲਿਆ ਸੀ ਪਰ ਸੁਦਰਸ਼ਨ ਸ਼ਰਮਾ ਅਤੇ ਕ੍ਰਿਸ਼ਨ ਗੋਪਾਲ ਦੀਆਂ ਧਿਰਾਂ ਹਾਲੇ ਵੀ ਆਪਣੀ ਜਿਦ ਤੇ ਅੜੀਆਂ ਹੋਈਆਂ ਹਨ। ਉਨ੍ਹਾਂ ਮੋਗਾ ਸ਼ਹਿਰ ਦੇ ਬੁੱਧੀਜੀਵੀਆਂ, ਲੇਖਕਾਂ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ 30 ਅਪ੍ਰੈਲ ਨੂੰ ਸਵੇਰੇ 9 ਵਜੇ ਡੀ ਐਮ ਕਾਲਜ ਮੋਗਾ ਦੇ ਗੇਟ ਅੱਗੇ ਹੋਣ ਜਾ ਰਹੇ ਇਸ ਹਵਨ ਯੱਗ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਇਹਨਾਂ ਧਿਰਾਂ ਨੂੰ ਵੀ ਬੈਠਣ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਪ੍ਰਸਾਸ਼ਨ ਅਤੇ ਸਰਕਾਰੀ ਨੁਮਾਇੰਦਿਆਂ ਨੂੰ ਇਸ ਨੇਕ ਕੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੋਗਾ ਸ਼ਹਿਰ ਦੀ ਬਿਹਤਰੀ ਲਈ ਸਿਵਲ ਸੁਸਾਇਟੀ ਮੋਗਾ ਇਸ ਸੰਘਰਸ਼ ਨੂੰ ਅੰਜਾਮ ਤੱਕ ਲਿਜਾਣ ਲਈ ਬਜਿੱਦ ਹੈ ਅਤੇ ਕਾਲਜ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ ਐਲੂਮਨੀ ਸਮਾਗਮ ਕਰਵਾਇਆ ਵੀ ਜਾਵੇਗਾ । ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਮਲਵਿੰਦਰ ਗਰੇਵਾਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਦਫਤਰ ਸਕੱਤਰ ਵੀ ਪੀ ਸੇਠੀ, ਵਿੱਤ ਸਕੱਤਰ ਦਿਆਲ ਸਿੰਘ ਅਤੇ ਕੰਵਲਜੀਤ ਮਹੇਸਰੀ ਹਾਜਰ ਸਨ।