ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਨਾਲ ਮੰਗਾਂ ਸਬੰਧੀ ਮੁਲਾਕਾਤ

ਚੰਡੀਗੜ, 9 ਮਈ (ਪੱਤਰ ਪਰੇਰਕ)-ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਅੱਜ ਇੱਥੇ ਪੰਜਾਬ ਭਵਨ ਵਿੱਚ ਪੰਜਾਬ ਰਾਜ ਦੀਆਂ 24 ਅਧਿਆਪਕ ਜਥੇਬੰਦੀਆਂ ਦੇ ਇਸ ਸਾਂਝੇ ਮੋਰਚੇ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਕੂਲ ਸਿੱਖਿਆ ਪੰਜਾਬ ਸ੍ਰੀ ਕਿ੍ਰਸ਼ਨ ਕੁਮਾਰ, ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ-ਕਮ-ਵਾਇਸ ਚੇਅਰਮੈਨ ਸਿੱਖਿਆ ਬੋਰਡ  ਸ. ਪਰਮਜੀਤ ਸਿੰਘ ਡੀ.ਪੀ.ਆਈ. (ਸੈਕੰਡਰੀ)  ਵੀ ਹਾਜ਼ਰ ਸਨ।  ਮੀਟਿੰਗ ਦੌਰਾਨ ਰਮਸਾ, ਐਸ.ਐਸ.ਏ. ਤੇ ਹੋਰ ਅਧਿਆਪਕਾਂ ਨੂੰ ਪੂਰੇ ਗਰੇਡ ਸਮੇਤ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਨ, ਵੱਖ ਵੱਖ ਕਾਡਰਾਂ ਉਤੇ ਤਾਇਨਾਤ ਅਧਿਆਪਕਾਂ ਦੀਆਂ ਤਰੱਕੀਆਂ, ਕੰਪਿੳੂਟਰ ਟੀਚਰਾਂ ਨੂੰ ਸਰਕਾਰ ਅਧੀਨ ਲੈਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਸਿੱਖਿਆ ਪ੍ਰੋਵਾਈਡਰਾਂ, ਪ੍ਰਾਈਵੇਟ ਤੇ ਜਨਤਕ ਭਾਈਵਾਲੀ ਨਾਲ ਚੱਲ ਰਹੇ ਆਦਰਸ਼ ਸਕੂਲਾਂ ਦੇ ਮਾਮਲੇ, ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਮਸਲੇ ਅਤੇ ਬਦਲੀਆਂ ਦੂਰ-ਦੁਰਾਡੇ ਹੋਣ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ਮਗਰੋਂ ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਧਰਨੇ ਮੁਜ਼ਾਹਰੇ ਨਹੀਂ ਕਰਨੇ ਪੈਣਗੇ ਅਤੇ ਪੰਜਾਬ ਵਿੱਚ ਵਿੱਦਿਅਕ ਮਾਹੌਲ ਨੂੰ ਜ਼ਿਆਦਾ ਉਸਾਰੂ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਭ ਤੋਂ ਵੱਧ ਧਿਆਨ ਸਿੱਖਿਆ ਤੇ ਸਿਹਤ ਮਹਿਕਮੇ ਵੱਲ ਦਿੱਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਅਧਿਆਪਕ ਪੱਖੀ ਫੈਸਲੇ ਲਏ ਗਏ, ਜਿਨਾਂ ਵਿੱਚ ਅਧਿਆਪਕਾਂ ਨੂੰ ਵਿਦੇਸ਼ ਜਾਣ ਦੀ ਛੁੱਟੀ, ਮਹਿਲਾ ਅਧਿਆਪਕਾਂ ਨੂੰ ਚਾਈਲਡ ਕੇਅਰ ਲੀਵ ਦੀ ਮਨਜ਼ੂਰੀ ਸਕੂਲ ਪੱਧਰ ’ਤੇ ਹੀ ਮਿਲਣੀ, 4-9-14 ਲਗਾਉਣ ਦਾ ਅਧਿਕਾਰ ਸਕੂਲ ਮੁਖੀ ਨੂੰ ਦੇਣਾ, ਪਰਖ ਕਾਲ ਸਮਾਂ ਪੂਰਾ ਹੋਣ ’ਤੇ ਮਿਲਣ ਵਾਲਾ ਪੱਤਰ ਸਕੂਲ ਮੁਖੀ ਵੱਲੋਂ ਜਾਰੀ ਕਰਨਾ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਇਕਲੌਤਾ ਵਿਭਾਗ ਹੈ ਜਿਸ ਦੇ ਅਧਿਆਪਕਾਂ ਲਈ ਮੈਡੀਕਲ ਛੁੱਟੀ ਦੇ ਨਿਯਮਾਂ ਵਿੱਚ ਅਧਿਆਪਕਾਂ ਦੀ ਮੰਗ ਅਨੁਸਾਰ ਬਦਲਾਅ ਕੀਤਾ ਗਿਆ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ