ਸਲੱਮ ਏਰੀਆ ਦੇ ਸਕੂਲਾਂ ਵਿੱਚ ਨਾ ਜਾਣ ਵਾਲੇ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਸਿੱਖਿਆ ਪ੍ਰਤੀ ਜਾਗਰੂੁਕ ਕਰਨ ਲਈ ਲਗਾਇਆ ਸੈਮੀਨਾਰ-ਵਿਨੀਤ ਕੁਮਾਰ ਨਾਰੰਗ

ਮੋਗਾ 9 ਮਈ(ਜਸ਼ਨ)-ਇੰਚਾਰਜ਼ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਤਰਸੇਮ ਮੰਗਲਾ ਦੀਆਂ ਹਦਾਇਤਾਂ ਅਨੁਸਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਵੱਲੋਂ ਸਲੱਮ ਏਰੀਆ, ਕੋਟਕਪੂਰਾ ਬਾਈਪਾਸ, ਮੋਗਾ ਦੇ ਬਾਬਾ ਸ੍ਰੀ ਚੰਦ ਜੀ ਦੇ ਮੰਦਰ ਵਿਖੇ ਸਕੂਲਾਂ ਵਿੱਚ ਨਾ ਜਾਣ ਵਾਲੇ ਬੱਚਿਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਸਿੱਖਿਆ ਪ੍ਰਤੀ ਜਾਗਰੂੁਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਨੀਤ ਕੁਮਾਰ ਨਾਰੰਗ ਨੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਂਆਂ ਸਰਕਾਰੀ ਸਹੂਲਤਾਂ ਬਾਰੇ ਵੀ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ। ਉਨਾਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਨੂੰ ਰਜ਼ਿਸਟਰਡ ਹੋਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵਿੱਚ ਰਜ਼ਿਸਟਰਡ ਕਿਰਤੀਆਂ ਦੇ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਨੂੰ ਵਜ਼ੀਫੇ ਲੜਕੀ ਦਾ ਵਿਆਹ ਹੋਣ ‘ਤੇ ਸ਼ਗਨ ਸਕੀਮ, ਕਿਰਤੀ ਦੀ ਦੁਰਘਟਨਾ ਦੌਰਾਨ ਮੌਤ ਹੋ ਜਾਣ ‘ਤੇ ਕਿਰਤੀ ਦੇ ਪ੍ਰੀਵਾਰ ਨੂੰ 4.00 ਲੱਖ ਰੁਪਏ, ਕੁਦਰਤੀ ਮੌਤ ਹੋਣ ਦੀ ਸੂਰਤ ਵਿੱਚ 3 ਲੱਖ ਰੁਪਏ ਅਤੇ ਪੂਰਨ ਅਪੰਗਤਾ ਹੋਣ ਦੀ ਸੂਰਤ ਵਿੱਚ 4.00 ਲੱਖ ਰੁਪਏ ਦਾ ਮੁਆਵਜ਼ਾ, ਜਨਰਲ ਸਰਜਰੀ ਲਈ ਵਿੱਤੀ ਸਹਾਇਤਾ ਅਤੇ ਇਸ ਵਿਭਾਗ ਵੱਲੋਂ ਰਜ਼ਿਸਟਰਡ ਕਿਰਤੀਆਂ ਨੂੰ ਮਿਲ ਰਹੀਂਆਂ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ‘ਤੇ ਉਨਾਂ ਲੋਕਾਂ ਨੂੰ ਮੈਡੀਏਸ਼ਨ ਸੈਂਟਰ, ਲੋਕ ਅਦਾਲਤਾਂ ਅਤੇ ਸਥਾਈ ਲੋਕ ਅਦਾਲਤਾਂ ਦੇ ਲਾਭਾਂ ਵੀ ਜਾਣਕਾਰੀ ਦਿੱਤੀ। ਉਨਾਂ ਮਿਤੀ 14 ਜੁਲਾਈ, 2018 ਨੂੰ ਲੱਗ ਰਹੀਂ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਹਰ ਤਰਾਂ ਦੇ ਕੇਸ ਜਿਵੇਂ ਕਿ ਸੀ.ਆਰ.ਪੀ.ਸੀ. ਦੀ ਧਾਰਾ 320 ਤਹਿਤ ਆਉਂਦੇ ਰਾਜ਼ੀਨਾਮਾ ਹੋਣ ਯੋਗ ਫ਼ੌਜ਼ਦਾਰੀ ਮਾਮਲਿਆਂ ਦੇ ਇਲਾਵਾ ਚੈਕ ਬਾਊਂਸ ਕੇਸ, ਬੈਕਾਂ ਦੇ ਰਿਕਵਰੀ ਕੇਸ, ਪਤੀ-ਪਤਨੀ ਦੇ ਆਪਸੀ ਤੇ ਪ੍ਰੀਵਾਰਕ ਝਗੜੇ, ਜ਼ਮੀਨ ਜਾਇਦਾਦ ਸਬੰਧੀ ਝਗੜੇ, ਬਿਜਲੀ ਤੇ ਪਾਣੀ ਦੇ ਬਿੱਲਾਂ ਦੇ ਝਗੜੇ, ਤਨਖਾਹ ਤੇ ਭੱਤਿਆਂ ਸਬੰਧੀ, ਕ੍ਰਮਚਾਰੀਆਂ ਦੀ ਸੇਵਾ ਨਾਲ ਸਬੰਧਤ ਕੇਸ, ਮਾਲ ਵਿਭਾਗ ਨਾਲ ਸਬੰਧਤ, ਮੋਟਰ ਵਹੀਕਲ ਐਕਟ ਤਹਿਤ ਐਮ.ਏ.ਸੀ.ਟੀ. (ਮੋਟਰ ਐਕਸੀਡੈਂਟ ਕਲੇਮ ਟਿ੍ਰਬਿਊਨਲ), ਕਿਰਾਏ ਸਬੰਧੀ ਝਗੜੇ ਤੇ ਹੋਰ ਦੀਵਾਨੀ ਕੇਸਾਂ ਨਾਲ ਸਬੰਧਤ ਝਗੜਿਆਂ ਆਦਿ ਕੇਸ ਲਗਾਏ ਜਾ ਸਕਦੇ ਹਨ। ਇਸ ਸੈਮੀਨਾਰ ਵਿੱਚ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਚਾਰ ਸਮੱਗਰੀ ਵੀ ਵੰਡੀ ਗਈ।