ਦਸ਼ਮੇਸ਼ ਪਬਲਿਕ ਹਾਈ ਸਕੂਲ ਵਿਖੇ ਮਦਰ-ਡੇ ਧੂਮਧਾਮ ਨਾਲ ਮਨਾਇਆ ਗਿਆ

ਮੋਗਾ, 8 ਮਈ (ਜਸ਼ਨ)- ਮੋਗਾ ਦੇ ਦਸ਼ਮੇਸ਼ ਪਬਲਿਕ ਹਾਈ ਸਕੂਲ ਵਿਖੇ ਮਦਰ-ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ ਅਤੇ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਡਾ: ਹਰਜੋਤ ਅਤੇ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਦੌਰਾਨ ਸਕੂਲ ਦੇ ਡਾਇਰੈਕਟਰ ਗੁਰਵੀਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ ਅਤੇ ਸਮੂਹ ਸਟਾਫ਼ ਵਲੋਂ ਡਾ: ਹਰਜੋਤ ਕਮਲ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਜੋਤ ਨੇ ਕਿਹਾ ਕਿ ਮਾਂ ਤਾਂ ਮਮਤਾ ਦਾ ਮੁਜੱਸਮਾ ਹੈ, ਜਿਸਦੀ ਮਮਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਰੱਬ ਦਾ ਦੂਸਰਾ ਰੂਪ ਹੈ, ਜੋ ਆਪਣੇ ਬੱਚਿਆਂ ਦੀ ਖਾਤਿਰ ਹਰ ਦੁੱਖ ਤਕਲੀਫ਼ਾ ਸਹਿੰਦੀ ਹੈ, ਪਰ ਆਪਣੇ ਬੱਚਿਆਂ ਨੂੰ ਕਦੇ ਵੀ ਤੱਤੀ ਵਾਹ ਨਹੀਂ ਲੱਗਣ ਦਿੰਦੀ । ਡਾ: ਹਰਜੋਤ ਨੇ ਕਿਹਾ ਕਿ ਸਾਨੂੰ ਸਭ ਨੂੰ ਮਾਤਾ ਪਿਤਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਵਲੋਂ ਡਾ: ਹਰਜੋਤ ਕਮਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਅਤੇ ਉਨਹਾਂ ਦੇ ਵੱਖ ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਡਾਇਰੈਕਟਰ ਗੁਰਵੀਰ ਸਿੰਘ ਜੱਸਲ, ਸੁਰਿੰਦਰ ਕੌਰ ਜੱਸਲ, ਵਿਜੇ ਸਿੰਗਲਾ ਮੈਨੇਜਰ ਐਸ.ਡੀ. ਸਕੂਲ, ਅਮਰਜੀਤ ਬਬਰੀ ,ਰਾਮਪਾਲ ਧਵਨ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।