ਝੂਠੀਆਂ ਅਫਵਾਹਾਂ ਨਕਾਰ ਕੇ ਬੱਚਿਆਂ ਦਾ ਟੀਕਾਕਰਨ ਕਰਾਉਣਾ ਜਰੂਰੀ : ਡਾ ਇੰਦਰਵੀਰ ਗਿੱਲ

ਮੋਗਾ,7 ਮਈ (ਜਸ਼ਨ) : ਪੂਰੇ ਪੰਜਾਬ ਵਿੱਚ ਖਸਰਾ ਤੇ ਰੁਬੈਲਾ ਦੇ ਟੀਕਾ ਕਰਨ ਨੰੂ ਲੈ ਕੇ ਜਿਥੇ ਸੋਸ਼ਲ ਮੀਡੀਆਂ ਰਾਂਹੀ ਲੋਕਾਂ ਨੰੂ ਟੀਕਾ ਕਰਨ ਦੇ ਗਲਤ ਪ੍ਰਭਾਵ ਬਾਰੇ ਅਫਵਾਹਾਂ ਫੈਲਾ ਕੇ ਭੜਕਾਇਆ ਜਾ ਰਿਹਾ ਹੈ ਪਰ ਕੁੱਝ ਪੜੇ ਲਿਖੇ ਤੇ ਸਮਾਜ ਸੇਵੀ ਲੋਕ ਆਪਣੇ ਬੱਚਿਆਂ ਤੇ ਖਸਰਾ ਤੇ ਰੁਬੈਲਾ ਦੇ ਟੀਕੇ ਪਹਿਲ ਦੇ ਅਧਾਰ ਤੇ ਲਵਾ ਕੇ ਜਿਥੇ ਲੋਕਾਂ ਨੰੂ ਜਾਗਰੂਕ ਕਰ ਰਹੇ ਹਨ । ਇਸੇ ਪਹਿਲ ਕਦਮੀ ਨੰੂ ਅੱਗੇ ਤੋਰਦਿਆਂ ਮੋਗਾ ਤੋਂ ਸੀਨੀਅਰ ਪੱਤਰਕਾਰ ਲਖਵੀਰ ਸਿੰਘ ਨੇ ਆਪਣੇ 5 ਸਾਲ ਦੇ ਬੇਟੇ ਤੇਜਿੰਦਰਪ੍ਰੀਤ ਸਿੰਘ ਨੰੂ ਅੱਜ ਇਲਾਕੇ ਦੇ ਨਾਮਵਰ ਸਕੂਲ ਸੈਟ ਜੌਸਫ ਵਿੱਚ ਟੀਕਾ ਕਰਨ ਕਰਵਾ ਕੇ ਲੋਕਾਂ ਨੰੂ ਅਪੀਲ ਕੀਤੀ ਕਿ ਇਸ ਟੀਕੇ ਦਾ ਬੱਚਿਆ ਤੇ ਕੋਈ ਬੁਰਾ ਪ੍ਰਭਾਵ ਨਹੀ ਹੈ ਤੇ ਉਹ ਆਪਣੇ ਬੱਚਿਆਂ ਨੰੂ ਟੀਕਾ ਕਰਨ ਜਰੂਰ ਕਰਵਾਉਣ। ਇਸ ਮੌਕੇ  ਸਿਹਤ ਵਿਭਾਗ ਦੀ ਬਲਾਕ ਮੋਗਾ-2 (ਡਰੋਲੀ ਭਾਈ) ਦੀ ਬਲਾਕ ਟਾਸਕ ਫੋਰਸ ਟੀਮ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ  ਅਤੇ ਟਾਸਕ ਫੋਰਸ ਦੇ ਮੈਂਬਰ ਤੇ ਸਿਹਤ ਅਧਿਕਾਰੀ ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ ਖਸਰਾ ਤੇ ਰੁਬੇਲਾ ਟੀਕਾਕਰਨ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ ਅਤੇ ਬੇਹੱਦ ਲਾਭਦਾਇਕ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋ 9 ਮਹੀਨੇ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਟੀਕਾਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ, ਬਹੁਤ ਹੀ ਸ਼ਲਾਘਾਯੋਗ ਕਦਮ ਹੈ।  ਉਨਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਬੱਚਿਆਂ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ। ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਰਾਹੀਂ ਖਸਰਾ ਤੇ ਰੁਬੇਲਾ ਦੇ ਟੀਕੇ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ’ਤੇ ਯਕੀਨ ਨਾ ਕਰਨ, ਕਿਉਂਕਿ ਇਹ ਟੀਕਾ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਤ ਅਤੇ ਬੱਚਿਆਂ ਲਈ ਪੂਰੀ ਤਰਾਂ ਸੁਰੱਖਿਅਤ ਹੈ। ਇਸ ਮੌਕੇ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੇ ਗਲਤ ਪ੍ਰਚਾਰ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕਰਦਿਆਂ ਕਿਹਾ ਕਿ ਇਹ ਸਮਾਜ ਵਿਰੋਧੀ ਅਨਸਰਾਂ ਵੱਲੋਂ ਲੋਕਾਂ ਵਿੱਚ ਭਰਮ ਭੁਲੇਖੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਜ਼ਿਲੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੂੜ ਪ੍ਰਚਾਰ ਤੋਂ ਪ੍ਰਭਾਵਿਤ ਨਾ ਹੋਣ ਸਗੋਂ ਸਰਕਾਰ ਵੱਲੋਂ ਖਸਰਾ ਤੇ ਰੁਬੇਲਾ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਜੋ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਗਈ ਹੈ, ਉਸ ਲਈ ਭਰਵਾਂ ਸਹਿਯੋਗ ਦੇਣ। ਉਨਾਂ ਆਖਿਆ ਕਿ ਖਸਰੇ ਦੀ ਰੋਕਥਾਮ ਲਈ ਟੀਕਾਕਰਨ ਪਹਿਲਾਂ ਵੀ ਹੋ ਰਿਹਾ ਹੈ ਜਦੋਂ ਕਿ ਪ੍ਰਾਈਵੇਟ ਡਾਕਟਰਾਂ ਵੱਲੋਂ ਇਹ ਟੀਕਾ ਬੜੇ ਮਹਿੰਗੇ ਭਾਅ ’ਤੇ ਲਗਾਇਆ ਜਾਂਦਾ ਹੈ। ਉਨਾਂ ਆਖਿਆ ਕਿ ਐਮ.ਆਰ. ਦਾ ਟੀਕਾ ਬੱਚਿਆਂ ਨੂੰ ਦੋ ਬਿਮਾਰੀਆਂ ਖਸਰਾ ਅਤੇ ਰੁਬੇਲਾ ਤੋਂ ਬਚਾਉਂਦਾ ਹੈ ਜੋ ਕਿ ਕਿਸੇ ਵੀ ਬੱਚੇ ਲਈ ਘਾਤਕ ਸਿੱਧ ਹੋ ਸਕਦੀਆਂ ਹਨ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣਾ ਲਾਜ਼ਮੀ ਹੈ।