ਜ਼ਿਲਾ ਮੋਗਾ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ‘ਆਮ ਆਦਮੀ ਪਾਰਟੀ’ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਧੀਆ ਨਾਲ ਚੰਡੀਗੜ੍ਹ ਵਿਖੇ ਕੀਤੀ ਵਿਸ਼ੇਸ਼ ਮੁਲਾਕਾਤ

ਮੋਗਾ, 6 ਮਈ (ਜਸ਼ਨ): ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਪੰਜਾਬ  ਦੇ ਇਨਚਾਰਜ ਮਨੀਸ਼ ਸਿਸੋਧੀਆ ਨਾਲ ਚੰਡੀਗੜ੍ਹ  ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਕਰਨ ਵਾਲਿਆਂ ’ਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਹਲਕਾ ਧਰਮਕੋਟ ਦੇ ਇੰਚਾਰਜ ਦਲਜੀਤ ਸਿੰਘ ਸਦਰਪੁਰਾ ਅਤੇ ਜਗਦੀਪ ਸਿੰਘ ਬਰਾੜ ਜੈਮਲਵਾਲਾ ਸ਼ਾਮਲ ਸਨ। ਮੋਗਾ ਆਪ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਨਸੀਬ ਬਾਵਾ ਨੇ ਇਸ ਮੀਟਿੰਗ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸਿਸੋਧੀਆ ਨੇ ਆਪ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਆਮ ਲੋਕਾਂ ਵਿੱਚ ਵਿਚਰ ਕੇ ਲੋਕਾਂ ਨੂੰ ਦੱਸਣ ਕਿ ਕਿਸ ਤਰਾਂ ਪੰਜਾਬ ਵਿੱਚ ਝੂਠੇ ਲਾਰੇ ਲਾ ਕੇ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਅਤੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ। ਉਨਾਂ ਕਿਹਾ ਕਿ ਦੂਸਰੇ ਪਾਸੇ ਦਿਲੀ ਦੀ ਆਮ ਆਦਮੀ ਪਾਰਟੀ ਨੇ ਕਿਸ ਤਰਾਂ ਦੋ ਵੱਡੇ ਮੁੱਦੇ ਸਸਤੀ ਅਤੇ ਮਿਆਰੀ ਸਿੱਖਿਆ ਗਰੀਬ ਅਤੇ ਮੱਧ ਵਰਗ ਤੱਕ ਪਹੁੰਚਾਈ, ਦੂਸਰਾ ਗਰੀਬ ਅਤੇ ਮੱਧ ਵਰਗ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਵਧੀਆ ਸਿਹਤ ਸਹੂਲਤਾਂ ਦੇ ਕੇ ਇਨਾਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਬਚਾਇਆ। ਪੰਜਾਬ ਵਿੱਚ ਕਿਸ ਤਰਾਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਯੋਗ ਅਗਵਾਈ ਥੱਲੇ ਸਾਡੇ ਜੁਝਾਰੂ ਵਿਧਾਇਕ ਸਰਕਾਰ ਦੀਆਂ ਵਧੀਕੀਆਂ ਨਾਲ ਮੱਥਾ ਲਾ ਰਹੇ ਹਨ। ਸਿਸੋਧੀਆ ਨੇ ਪੰਜਾਬ ਵਿੱਚ ਜੱਥੇਬੰਦੀ ਦੀ ਮਜਬੂਤੀ ਲਈ ਜ਼ਿਲਾ ਪ੍ਰਧਾਨਾਂ ਅਤੇ ਹੋਰ ਅਹੁੱਦੇਦਾਰਾਂ ਤੋਂ ਸਲਾਹ ਲਈ ਅਤੇ ਵਿਸ਼ੇਸ਼ ਤੌਰ ’ਤੇ ਪੁੱਜੇ ਡਾ: ਬਲਵੀਰ ਸਿੰਘ ਸ਼ਹਿਰੀ ਪ੍ਰਧਾਨ ਦੀ ਪ੍ਰਸੰਸਾ ਕੀਤੀ, ਜੋ ਪਾਰਟੀ ਦੀ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। ਉਹਨਾਂ ਪੰਜਾਬ ਦੇ ਸਾਰੇ ਵਲੰਟੀਅਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪੰਜਾਬ ਵਿੱਚ ਸ਼ਾਹਕੋਟ ਅਸੈਂਬਲੀ ਹਲਕੇ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰ ਹੀਲੇ ਜਿਤਾਉਣ ਅਤੇ ਇਸ ਜੰਗ ਲਈ ਕਮਰ ਕੱਸੇ ਕਰਨ। ਪੰਜਾਬ ਭਰ ਤੋਂ ਆਏ ਅਹੁਦੇਦਾਰਾਂ ਅਤੇ ਵਲੰਟੀਅਰਾਂ ਵਿੱਚ ਬਹੁਤ ਹੀ ਉਤਸਾਹ ਦੇਖਣ ਨੂੰ ਮਿਲਿਆ, ਉਨਾਂ ਅਜਿਹੇ ਵਿਅਕਤੀਆਂ ਨੂੰ ਵੀ ਤਾੜਨਾ ਕੀਤੀ ਜੋ ਦੂਜੀਆਂ ਪਾਰਟੀਆਂ ਦੀ ਸ਼ਹਿ ਤੇ ਆਮ ਆਦਮੀ ਪਾਰਟੀ ਦੇ ਕੰਮ ਨੂੰ ਢਾਅ ਲਾ ਰਹੇ ਹਨ। ਜ਼ਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬਾਘਾ ਪੁਰਾਣਾ ਦੇ ਸਾਰੇ ਇੰਚਾਰਜ ਤੋਂ ਇਲਾਵਾ ਜਗਦੀਪ ਸਿੰਘ ਜੈਮਲਵਾਲਾ ਮੀਟਿੰਗ ਵਿੱਚ ਸ਼ਾਮਲ ਹੰੁਦਿਆਂ ਪਾਰਟੀ ਦੀ ਮਜਬੂਤੀ ਲਈ  ਆਪਣੇ ਵਿਚਾਰ ਪ੍ਰਗਟ ਕੀਤੇ।