ਸ਼ਬਦ-ਸਾਂਝ’ ਕੋਟਕਪੂਰਾ ਵੱਲੋਂ ਜਗੀਰ ਸੱਧਰ ਨਾਲ ਰੂ-ਬ-ਰੂ ਅਤੇ ਸਨਮਾਨ

ਕੋਟਕਪੂਰਾ, 6 ਮਈ (ਟਿੰਕੂ ਪਰਜਾਪਤੀ) :- ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ “ਸ਼ਬਦ-ਸਾਂਝ, ਕੋਟਕਪੂਰਾ’ ਵੱਲੋਂ ਬਜ਼ੁਰਗ ਸ਼ਾਇਰ ਜਗੀਰ ਸੱਧਰ ਨਾਲ ਇੱਕ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਮੰਚ ਅਤੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਵੱਲੋਂ ਜਗੀਰ ਸੱਧਰ ਨੂੰ ਲੋਈ ਅਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਸਰਪ੍ਰਸਤ ਹਰੀ ਸਿੰਘ ਮੋਹੀ ਦੇ ਨਿਵਾਸ ਸਥਾਨ ਤੇ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਮੌਕੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਗਤੀਵਿਧੀਆਂ ਅਤੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬੀ ਦੇ ਉੱਘੇ ਸ਼ਾਇਰ ਅਤੇ ਆਲੋਚਕ ਡਾ. ਦੇਵਿੰਦਰ ਸੈਫ਼ੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਅਮਨੀਤ ਕੌਰ ਸਿਰੀਏਵਾਲਾ ਨੇ ਇੱਕ ਕਵਿਤਾ ਨਾਲ ਕੀਤੀ। ਉਪਰੰਤ ਜਗੀਰ ਸੱਧਰ ਨੇ ਆਪੇ ਸਮੁੱਚੇ ਜੀਵਨ ਅਤੇ ਸਿਰਜਣ ਪ੍ਰਕਿਰਿਆ ਬਾਰੇ ਸਰੋਤਿਆਂ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ, ਘਟਨਾਵਾਂ, ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਦੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਵੀ ਖ਼ੂਬਸੂਰਤ ਸੰਵਾਦ ਰਚਾਇਆ। ਉਨਾਂ ਇਸ ਮੌਕੇ ਆਪਣੀਆਂ ਪਸੰਦੀਦਾ ਗ਼ਜ਼ਲਾਂ ਅਤੇ ਗੀਤ ਵੀ ਸੁਣਾਏ। ਉਪਰੰਤ ਗਾਇਕ ਦਿਲਬਾਗ ਚਹਿਲ ਨੇ ਆਪਣੇ ਨਵੇਂ ਪੁਰਾਣੇ ਗੀਤ ਗਾ ਕੇ ਮਾਹੌਲ ਵਿੱਚ ਸੰਗੀਤਕ ਰੰਗ ਭਰ ਦਿੱਤਾ। ਮੰਚ ਦਾ ਸੰਚਾਲਨ ਸ਼ਾਇਰ ਕੁਲਵਿੰਦਰ ਵਿਰਕ ਨੇ ਖੂਬਸੂਰਤ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਮੋਹਰ ਗਿੱਲ, ਡਾ. ਪਰਮਿੰਦਰ ਤੱਗੜ, ਗੁਰਾਂਦਿੱਤਾ ਸਿੰਘ ਸੰਧੂ, ਨਾਵਲਕਾਰ ਜੀਤ ਸਿੰਘ ਸੰਧੂ, ਸ਼ਮਸ਼ੇਰ ਗਾਫ਼ਿਲ, ਜਸਵੰਤ ਜੱਸ ਬਠਿੰਡਾ, ਸੁਰਿੰਦਰ ਮਚਾਕੀ, ਬਿੱਕਰ ਸਿੰਘ ਬਰੀਵਾਲਾ, ਬਲਜਿੰਦਰ ਭਾਰਤੀ, ਐੱਸ.ਬਰਜਿੰਦਰ, ਰਜਿੰਦਰ ਜੱਸਲ, ਕੁਲਵਿੰਦਰ ਜੱਜ, ਗੁਰਮੇਲ ਮੂਰਤੀਕਾਰ, ਗੁਰਵਿੰਦਰ ਦਬੜੀਖਾਨਾ, ਰਾਜ ਕੁਮਾਰੀ ਅਸ਼ਕਪ੍ਰੀਤ, ਅਮਨੀਤ ਕੌਰ, ਹੈਰੀ ਭੋਲੂਵਾਲਾ, ਬਲਜੀਤ ਸਿੰਘ, ਗੁਰਮੀਤ ਬੱਧਣ, ਸਿਮਰਨਜੀਤ ਸਿੰਘ ਸਿਮਰਾ, ਰਾਜਬੀਰ ਮੱਤਾ ਆਦਿ ਸਾਹਿਤਕਾਰਾਂ ਨੇ ਆਪਣੇ ਕਲਾਮ ਪੇਸ਼ ਕੀਤੇ ਅਤੇ ਜਗੀਰ ਸੱਧਰ ਦੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ।