ਸੇਂਟ ਜੋਸੇਫ ਸਕੂਲ ਦੇ 40 ਅਧਿਆਪਕ ਅਤੇ ਸਿਹਤ ਅਧਿਕਾਰੀ ਵੀ ਲਗਵਾਉਣਗੇ ਆਪਣੇ ਬੱਚਿਆਂ ਦੇ ਟੀਕੇ

ਮੋਗਾ, 5 ਮਈ (ਜਸ਼ਨ)  ਸਿਹਤ ਵਿਭਾਗ ਦੀ ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮੋਗੇ ਜਿਲੇ ਦੇ ਸਿਰਕੱਢ ਸਕੂਲ ‘ਸੇਂਟ ਜੋਸੇਫ‘ ਦੇ 40 ਤੋਂ ਵੱਧ ਅਧਿਆਪਕਾਂ ਨੇ 7 ਮਈ ਦਿਨ ਸੋਮਵਾਰ ਨੂੰ ਆਪਣੇ ਬੱਚਿਆਂ ਦੇ ਟੀਕੇ ਲਗਵਾਉਣ ਦਾ ਐਲਾਨ ਕੀਤਾ। ਸਿਹਤ ਵਿਭਾਗ ਦੀ ਬਲਾਕ ਮੋਗਾ-2 (ਡਰੋਲੀ ਭਾਈ) ਦੀ ਬਲਾਕ ਟਾਸਕ ਫੋਰਸ ਟੀਮ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਸੇਂਟ ਜੋਸੇਫ ਸਕੂਲ ਘੱਲ ਕਲਾਂ ਪਹੁੰਚੀ ਤੇ ਸਕੂਲ ਅਧਿਆਪਕਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖਸਰਾ ਤੇ ਰੁਬੈਲਾ ਦੇ ਟੀਕਾਕਰਨ ਦੇ ਫਾਇਦਿਆਂ ਬਾਰੇ ਦੱਸਦਿਆਂ ਅਫਵਾਹਾਂ ਪ੍ਰਤੀ ਜਾਗਰੂਕ ਕੀਤਾ।ਮੀਟਿੰਗ ਦੌਰਾਨ  ਬਲਾਕ ਟਾਸਕ ਫੋਰਸ ਦੇ ਮੈਂਬਰ ਤੇ ਸਿਹਤ ਅਧਿਕਾਰੀ ਬੀ.ਈ.ਈ. ਰਛਪਾਲ ਸਿੰਘ ਸੋਸਣ ਨੇ ਅਧਿਆਪਕਾਂ ਨੂੰ ਦੱਸਿਆ ਕਿ ਉਹਨਾਂ ਦੇ ਆਪਣੇ ਦੋ ਬੱਚੇ ਤੀਸਰੀ ਤੇ ਨੌਵੀਂ ਜਮਾਤ ਵਿੱਚ ਸੇਂਟ ਜੋਸਫ ਸਕੂਲ ਵਿੱਚ ਪੜਦੇ ਹਨ ਤੇ ਉਹ ਸੋਮਵਾਰ ਨੂੰ ਸਭ ਤੋਂ ਪਹਿਲਾਂ ਆਪਣੇ ਦੋਨੋ ਬੱਚਿਆਂ ਦੇ ਟੀਕੇ ਲਗਵਾਉਣਗੇ ਤਾਂ ਸਾਰੇ ਅਧਿਆਪਕਾਂ ਨੇ ਵੀ ਐਲਾਨ ਕੀਤਾ ਕਿ ਉਹ ਵੀ ਆਪਣੇ ਬੱਚਿਆਂ ਦੇ ਸੋਮਵਾਰ ਨੂੰ ਟੀਕੇ ਲਗਵਾਉਣਗੇ।ਇਸ ਮੌਕੇ ਡਾ ਇੰਦਰਵੀਰ ਸਿੰਘ ਗਿੱਲ, ਡਾ. ਹਰਪ੍ਰੀਤ ਕੌਰ ਤੇ ਨੀਲ ਮਣੀ ਨੇ ਅਧਿਆਪਕਾਂ ਦੇ ਮਨਾਂ ਵਿਚਲੇ ਖਸਰਾ ਤੇ ਰੁਬੈਲਾ ਦੇ ਟੀਕੇ ਬਾਰੇ ਸ਼ੰਕੇ ਨਵਿਰਤ ਕੀਤੇ ਤੇ ਅਫਵਾਹਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕ ਸਰਵਣ ਸਿੰਘ ਨੇ ਆਪਣੇ ਦੋ ਬੱਚਿਆਂ ਦੇ ਟੀਕੇ ਲਗਵਾਉਣ ਦਾ ਐਲਾਨ ਕੀਤਾ ਜਦਕਿ ਬਾਕੀ ਸਾਰੇ ਅਧਿਆਪਕਾਂ ਨੇ ਉਹਨਾਂ ਦੇ ਐਲਾਨ ਦਾ ਸਮਰਥਣ ਕਰਦਿਆਂ ਆਪਣੇ ਬੱਚਿਆਂ ਦੇ ਟੀਕੇ ਲਗਵਾਉਣ ਦਾ ਪ੍ਰਣ ਕੀਤਾ।